Home / Punjabi News / ਸੰਗਰੂਰ: ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਨੇੜਲੇ ਪਿੰਡ ਖੁਰਾਣਾ ’ਚ 5 ਕੱਚੇ ਅਧਿਆਪਕ ਟੈਂਕੀ ’ਤੇ ਚੜ੍ਹੇ, ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ਜਾਮ

ਸੰਗਰੂਰ: ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਨੇੜਲੇ ਪਿੰਡ ਖੁਰਾਣਾ ’ਚ 5 ਕੱਚੇ ਅਧਿਆਪਕ ਟੈਂਕੀ ’ਤੇ ਚੜ੍ਹੇ, ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ਜਾਮ

ਗੁਰਦੀਪ ਸਿੰਘ ਲਾਲੀ

ਸੰਗਰੂਰ, 13 ਜੂਨ

8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੰਜ ਕੱਚੇ ਅਧਿਆਪਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ੀ ਕਲੋਨੀ ਤੋਂ ਨੇੜਲੇ ਪਿੰਡ ਖੁਰਾਣਾ ਵਿਖੇ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ, ਜਦੋਂ ਕਿ ਬਾਕੀ ਅਧਿਆਪਕਾਂ ਅਤੇ ਮੁਲਾਜ਼ਮਾਂ ਵਲੋਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਉਪਰ ਆਵਾਜਾਈ ਠੱਪ ਕਰਕੇ ਧਰਨਾ ਲਗਾ ਦਿੱਤਾ। ਟੈਂਕੀ ਉਪਰ ਚੜ੍ਹੇ ਕੱਚੇ ਅਧਿਆਪਕਾਂ ‘ਚ ਚਾਰ ਮਹਿਲਾ ਅਧਿਆਪਕਾਂ ਸ਼ਾਮਲ ਹਨ। ਟੈਂਕੀ ਉਪਰ ਚੜ੍ਹੇ ਅਧਿਆਪਕਾਂ ਵਲੋਂ ਇਸ ਨੂੰ ਗੁਪਤ ਐਕਸ਼ਨ ਪੀਬੀ-13 ਦਾ ਨਾਮ ਦਿੱਤਾ ਹੈ। ਕੱਚੇ ਅਧਿਆਪਕ ਅਤੇ ਮੁਲਾਜ਼ਮ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਅੱਜ ਯੂਨੀਅਨ ਦੀ ਅਗਵਾਈ ਹੇਠ ਸਿੱਖਿਆ ਪ੍ਰੋਵਾਈਡਰ ਅਧਿਆਪਕ, ਦਫ਼ਤਰੀ ਕਰਮਚਾਰੀ, ਆਈਟੀਈ ਅਤੇ ਆਈਟੀਆਰਟੀ ਕੱਚੇ ਮੁਲਾਜ਼ਮ ਇਥੇ ਮਿਲਕ ਪਲਾਂਟ ਨੇੜੇ ਇਕੱਠੇ ਹੋਏ, ਜਿਥੋਂ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕਰਦੇ ਹੋਏ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਪੁੱਜੇ ਅਤੇ ਹਾਈਵੇਅ ਨੇੜਲੇ ਪਿੰਡ ਖੁਰਾਣਾ ਵਿਖੇ ਜਾ ਪੁੱਜੇ ਜਿਥੇ ਚਾਰ ਮਹਿਲਾ ਅਧਿਆਪਕਾਂ ਸਣੇ ਪੰਜ ਕੱਚੇ ਅਧਿਆਪਕ ਪਾਣੀ ਵਾਲੀ ਟੈਂਕੀ ‘ਤੇ ਜਾ ਚੜ੍ਹੇ, ਜਦੋਂ ਕਿ ਬਾਕੀਆਂ ਨੇ ਟੈਂਕੀ ਹੇਠਾਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਟੈਂਕੀ ‘ਤੇ ਚੜ੍ਹੇ ਅਧਿਆਪਕਾਂ ‘ਚ ਰਵਿੰਦਰ ਕੌਰ ਸ਼ੇਰਪੁਰ, ਰਮਨਪ੍ਰੀਤ ਕੌਰ ਭਵਾਨੀਗੜ੍ਹ, ਇੰਦਰਜੀਤ ਸਿੰਘ ਮਾਨਸਾ, ਅਮਨਪ੍ਰੀਤ ਕੌਰ ਸ਼ੇਰਪੁਰ ਅਤੇ ਮਨਪ੍ਰੀਤ ਕੌਰ ਸੰਗਰੂਰ ਸ਼ਾਮਲ ਹਨ। ਕਰੀਬ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਕੱਚੇ ਅਧਿਆਪਕਾਂ ਵਲੋਂ ਨੈਸ਼ਨਲ ਹਾਈਵੇਅ ਉਪਰ ਧਰਨਾ ਵੀ ਸ਼ੁਰੂ ਕਰ ਦਿੱਤਾ ਹੈ। ਯੂਨੀਅਨ ਆਗੂ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ 10 ਜੂਨ ਤੱਕ ਸਰਕਾਰ ਰੈਗੂਲਰ ਕਰਨ ਦੇ ਆਰਡਰ ਨਹੀਂ ਦਿੰਦੀ ਤਾਂ 13 ਜੂਨ ਨੂੰ ਮੁੱਖ ਮੰਤਰੀ ਦੇ ਸ਼ਹਿਰ ਵਿਚ ਗੁਪਤ ਐਕਸ਼ਨ ਪੀਬੀ-13 ਕੀਤਾ ਜਾਵੇਗਾ ਅਤੇ ਇਸੇ ਤਹਿਤ ਅੱਜ ਇਹ ਗੁਪਤ ਐਕਸ਼ਨ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਕੱਚੇ ਅਧਿਆਪਕ ਟੈਂਕੀ ਉਪਰ ਚੜ੍ਹੇ ਹੋਏ ਸਨ ਅਤੇ ਕੌਮੀ ਹਾਈਵੇਅ ਉਪਰ ਧਰਨਾ ਜਾਰੀ ਹੈ।


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …