Ludhiana News : ਲੁਧਿਆਣਾ ਦੇ ਥਾਣਾ ਮੇਹਰਬਾਨ ਅਧੀਨ ਪੈਂਦੇ ਪਿੰਡ ਹਵਾਸ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ 18 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਇੱਕ ਹੈੱਡ ਗ੍ਰੰਥੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ। ਪੀੜਤ ਦੀ ਪਹਿਚਾਣ ਪਿੰਡ ਹਵਾਸ ਦੇ ਰਹਿਣ ਵਾਲੇ ਰਵੀ ਸਿੰਘ ਵਜੋਂ ਹੋਈ ਹੈ।
30 ਸਾਲਾ ਭਾਈ ਰਵਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲਾਈਵ ਵੀਡੀਓ ਦੌਰਾਨ ਉਨ੍ਹਾਂ ਨੇ ਪਿੰਡ ਦੇ ਹੀ ਤਿੰਨ ਪ੍ਰਭਾਵਸ਼ਾਲੀ ਵਿਅਕਤੀਆਂ ‘ਤੇ ਗੰਭੀਰ ਆਰੋਪ ਲਗਾਏ ਕਿ ਉਨ੍ਹਾਂ ਨੇ 18 ਲੱਖ ਰੁਪਏ ਹੜੱਪ ਲਏ, ਬਾਅਦ ਵਿੱਚ ਧਮਕੀਆਂ ਦਿੱਤੀਆਂ ਅਤੇ ਪੁਲਿਸ-ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਰਵਿੰਦਰ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹਨ।
ਰਵੀ ਸਿੰਘ ਨੇ ਲਾਈਵ ਵੀਡੀਓ ਵਿੱਚ ਕਿਹਾ:”ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਵਿੰਦਰ ਹੈ ਅਤੇ ਮੈਂ ਪਿੰਡ ਹਵਾਸ ਦਾ ਰਹਿਣ ਵਾਲਾ ਹਾਂ। ਮੇਰੇ ਨਾਲ ਵੱਡਾ ਧੋਖਾ ਹੋਇਆ ਹੈ। ਪਿੰਡ ਦੇ ਨੰਬਰਦਾਰ ਗਿਆਨੀ ਸੁਰਿੰਦਰ ਪਾਲ ਸਿੰਘ, ਉਨ੍ਹਾਂ ਦੇ ਪੁੱਤਰ ਜਗਪਾਲ ਸਿੰਘ ਜੱਗਾ ਅਤੇ ਉਨ੍ਹਾਂ ਦੇ ਦੋਸਤ ਕੁਲਦੀਪ ਸਿੰਘ ਸੋਨੀ ਨੇ ਮੇਰੇ ਨਾਲ 18 ਲੱਖ ਰੁਪਏ ਦੀ ਠੱਗੀ ਕੀਤੀ ਹੈ।”
ਵਿਦੇਸ਼ ਭੇਜ ਕੇ ਨਹੀਂ ਲਈ ਕੋਈ ਸਾਰ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਪਰ ਉੱਥੇ ਪਹੁੰਚਣ ਤੋਂ ਬਾਅਦ ਕਿਸੇ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਘਰੋਂ 18 ਲੱਖ ਰੁਪਏ ਨਕਦ ਲਏ ਗਏ ਸਨ, ਜਿਸ ਦੇ ਸਬੂਤ ਵਜੋਂ ਉਨ੍ਹਾਂ ਕੋਲ ਰਿਕਾਰਡਿੰਗ ਵੀ ਮੌਜੂਦ ਹੈ। ਜਦੋਂ ਉਹ ਵਾਪਸ ਭਾਰਤ ਆਏ ਤਾਂ ਕਈ ਵਾਰ ਬੇਨਤੀ ਕੀਤੀ ਪਰ ਕਿਸੇ ਨੇ ਪੈਸੇ ਵਾਪਸ ਨਹੀਂ ਕੀਤੇ।
ਪੰਚਾਇਤ ਵਿੱਚ ਵੀ ਨਹੀਂ ਮਿਲਿਆ ਇਨਸਾਫ
ਰਵੀ ਸਿੰਘ ਨੇ ਕਿਹਾ ਕਿ ਉਹ ਸਰਪੰਚ ਰਾਜਵੰਤ ਸਿੰਘ ਅਤੇ ਪੰਚਾਇਤ ਕੋਲ ਵੀ ਗਏ। ਪੰਚਾਇਤ ਬੁਲਾਈ ਗਈ ਪਰ ਆਰੋਪੀਆਂ ਨੇ ਉਸ ਦੀ ਵੀ ਪਰਵਾਹ ਨਹੀਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਨੰਬਰਦਾਰ ਹਰਵਿੰਦਰ ਸਿੰਘ ਬੱਬੂ ਕੋਲ ਵੀ ਮਾਮਲਾ ਸੁਲਝਾਉਣ ਦੀ ਅਪੀਲ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਪੈਸਿਆਂ ਦੀ ਲਾਲਚ ਵਿੱਚ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ।
ਖਾਲੀ ਚੈੱਕ ਲੈ ਕੇ ਉਲਟੇ ਕੇਸ ਕਰ ਦਿੱਤੇ
ਪੀੜਤ ਮੁਤਾਬਕ ਆਰੋਪੀਆਂ ਨੇ ਸੁਰੱਖਿਆ ਦੇ ਨਾਂ ‘ਤੇ ਉਨ੍ਹਾਂ ਤੋਂ ਖਾਲੀ ਚੈੱਕ ਲਏ ਸਨ। ਬਾਅਦ ਵਿੱਚ ਉਨ੍ਹਾਂ ਚੈੱਕਾਂ ‘ਤੇ 10-10 ਲੱਖ ਰੁਪਏ ਦਾ ਦਾਅਵਾ ਕਰਕੇ ਚੈੱਕ ਬਾਊਂਸ ਦੇ ਕੇਸ ਦਰਜ ਕਰਵਾ ਦਿੱਤੇ ਅਤੇ ਅਦਾਲਤ ਤੋਂ ਸੰਮਨ ਵੀ ਭੇਜ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕ੍ਰਾਈਮ ਬ੍ਰਾਂਚ ਵਿੱਚ ਵੀ ਸ਼ਿਕਾਇਤ ਕੀਤੀ ਪਰ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ। ਢਾਈ ਮਹੀਨੇ ਤੋਂ ਉਹ ਇਨਸਾਫ ਲਈ ਧੱਕੇ ਖਾ ਰਹੇ ਹਨ।
ਰਿਵਾਲਵਰ ਦਿਖਾ ਕੇ ਦਿੱਤੀਆਂ ਜਾਂਦੀਆਂ ਹਨ ਧਮਕੀਆਂ
ਰਵੀ ਸਿੰਘ ਨੇ ਆਰੋਪ ਲਾਇਆ ਕਿ ਗਿਆਨੀ ਸੁਰਿੰਦਰ ਪਾਲ, ਉਸ ਦਾ ਪੁੱਤਰ ਜਗਪਾਲ ਸਿੰਘ ਜੱਗਾ ਅਤੇ ਕੁਲਦੀਪ ਸਿੰਘ ਸੋਨੀ ਉਨ੍ਹਾਂ ਨੂੰ ਰਿਵਾਲਵਰ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਉਨ੍ਹਾਂ ਦੀ ਦਾਦੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਸਬੰਧੀ ਥਾਣਾ ਮੇਹਰਬਾਨ ਵਿੱਚ ਵੀ ਸ਼ਿਕਾਇਤ ਦਰਜ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਭਾਵੁਕ ਹੋ ਕੇ ਕਿਹਾ:”ਮੈਂ ਅੱਜ ਬਹੁਤ ਦੁਖੀ ਹੋ ਕੇ ਇਹ ਕਦਮ ਚੁੱਕ ਰਿਹਾ ਹਾਂ। ਮੈਂ ਇੱਕ ਗੁਰਦੁਆਰੇ ਦਾ ਗ੍ਰੰਥੀ ਸਿੰਘ ਸੀ। ਗਿਆਨੀ ਸੁਰਿੰਦਰ ਪਾਲ ਨੇ ਝੂਠੇ ਵਾਅਦੇ ਕਰਕੇ ਮੇਰੀ ਸਾਰੀ ਉਮਰ ਦੀ ਕਮਾਈ ਖਤਮ ਕਰ ਦਿੱਤੀ। ਮੇਰੇ ਬੱਚਿਆਂ ਦੀ ਪੜ੍ਹਾਈ ਵੀ ਛੁੱਟ ਗਈ। ਮੈਂ ਮਰਨਾ ਨਹੀਂ ਚਾਹੁੰਦਾ ਸੀ, ਪਰ ਹੁਣ ਬਹੁਤ ਤੰਗ ਆ ਗਿਆ ਹਾਂ।”
ਰਵੀ ਸਿੰਘ ਨੇ ਇਹ ਵੀ ਆਰੋਪ ਲਗਾਇਆ ਕਿ ਗਿਆਨੀ ਸੁਰਿੰਦਰ ਪਾਲ ਉਨ੍ਹਾਂ ਨੂੰ ਜਥੇਬੰਦੀਆਂ ਦੀ ਧੌਂਸ ਦਿੰਦਾ ਸੀ ਅਤੇ ਕਹਿੰਦਾ ਸੀ ਕਿ “ਜਿੱਥੇ ਮਰਜ਼ੀ ਜ਼ੋਰ ਲਾ ਲਓ, ਅਸੀਂ ਪੁਲਿਸ-ਪ੍ਰਸ਼ਾਸਨ ਨੂੰ ਪੈਸੇ ਦੇ ਦੇਵਾਂਗੇ ਪਰ ਤੁਹਾਨੂੰ ਕੁਝ ਨਹੀਂ ਮਿਲੇਗਾ।” ਉਨ੍ਹਾਂ ਜਥੇਬੰਦੀਆਂ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੂੰ ਜੀਉਂਦੇ ਜੀ ਇਨਸਾਫ ਨਹੀਂ ਮਿਲਿਆ ਤਾਂ ਘੱਟੋ-ਘੱਟ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੂੰ ਇਨਸਾਫ ਮਿਲੇ। ਇਹ ਬਿਆਨ ਦੇਣ ਤੋਂ ਬਾਅਦ ਰਵੀ ਸਿੰਘ ਨੇ ਲਾਈਵ ਵੀਡੀਓ ਵਿੱਚ ਹੀ ਜ਼ਹਿਰੀਲੀ ਦਵਾਈ ਦੀ ਸ਼ੀਸ਼ੀ ਖੋਲ੍ਹ ਕੇ ਪੀ ਲਈ।
ਪੁਲਿਸ ਨੇ ਕੀ ਕਿਹਾ?
ਥਾਣਾ ਮੇਹਰਬਾਨ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਹਵਾਸ ਦੇ ਰਹਿਣ ਵਾਲੇ ਰਵੀ ਸਿੰਘ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਹੈ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਟੀਮ ਪੀੜਤ ਦੇ ਬਿਆਨ ਦਰਜ ਕਰਨ ਲਈ ਹਸਪਤਾਲ ਪਹੁੰਚੀ ਹੈ। ਜਿਵੇਂ ਹੀ ਡਾਕਟਰ ਉਨ੍ਹਾਂ ਨੂੰ ਬਿਆਨ ਦੇਣ ਯੋਗ ਕਰਾਰ ਦੇਣਗੇ, ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Source link
Asian Tribune Your Multilingual Newspaper covering World and local news News