ਚੰਡੀਗੜ – ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਵਿਧਾਇਕ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ। ਉਹਨਾਂ ਨੇ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਭੇਜ ਦਿੱਤਾ ਹੈ।
ਉਹਨਾਂ ਆਪਣਾ ਅਸਤੀਫਾ ਸਪੀਕਰ ਨੂੰ ਭੇਜਦਿਆਂ ਕਿਹਾ ਕਿ ਮੈਂ ਐਮ.ਐਲ.ਏ ਭੁਲੱਥ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣਾ ਚਾਹੁੰਦਾ ਹਾਂ। ਹੇਠ ਲਿਖੇ ਹਾਲਾਤਾਂ ਕਾਰਨ ਮੈਨੂੰ ਇਹ ਫੈਸਲਾ ਲੈਣਾ ਪਿਆ।
ਜਿਵੇਂ ਕਿ ਤੁਸੀਂ ਜਾਣਦੇ ਹੋ ਮੈਂ ੨੦੧੭ ਵਿੱਚ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਨਿਸ਼ਾਨ ਉੱਪਰ ਐਮ.ਐਲ.ਏ ਚੁਣਿਆ ਗਿਆ ਸੀ। ਭਾਰਤ ਦੇ ਹੋਰਨਾਂ ਲੱਖਾਂ ਲੋਕਾਂ ਵਾਂਗ ਮੈਂ ਵੀ ਅਰਵਿੰਦ ਕੇਜਰੀਵਾਲ ਵੱਲੋਂ ਸਾਡੇ ਦੇਸ਼ ਦੀ ਸਿਆਸਤ ਵਿੱਚ ਚੰਗੇਰੇ ਬਦਲਾਅ ਲਿਆਉਣ ਦੇ ਕੀਤੇ ਲੁਭਾਵਣੇ ਅਤੇ ਇੰਨਕਲਾਬੀ ਵਾਅਦਿਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਬਦਕਿਸਮਤੀ ਨਾਲ ਹੁਣ ਅਸੀਂ ਮਹਿਸੂਸ ਕੀਤਾ ਕਿ ਉਸ ਨੇ ਨਾ ਸਿਰਫ ਭਾਰਤ ਦੇ ਕਰੋੜਾਂ ਲੋਕਾਂ ਦੀਆਂ ਆਸਾਂ ਉੱਪਰ ਪਾਣੀ ਫੇਰਿਆ ਹੈ ਬਲਕਿ ਨਿੱਜੀ ਸੋੜੇ ਸਿਆਸੀ ਲਾਹੇ ਲਈ ਰਾਜਨੀਤੀ ਦੇ ਨਿਚਲੇ ਪੱਧਰ ਤੱਕ ਉੱਤਰ ਆਇਆ ਹੈ। ਪੰਜਾਬ ਵਿੱਚ ਉਸ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਪੂਰੀ ਤਰਾਂ ਨਾਲ ਉਸੇ ਵੇਲੇ ਧੌਖਾ ਦੇ ਦਿੱਤਾ ਜਦ ਉਸਨੇ ਡਰੱਗਸ ਦੇ ਦਾਗੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਕੋਲੋਂ ਮੁਆਫੀ ਮੰਗ ਲਈ। ਇਸ ਤੋਂ ਬਾਅਦ ਉਸ ਨੇ ਸਵਰਾਜ ਵਿਚਾਰਧਾਰਾ ਸਮੇਤ ਸਾਰੇ ਸਿਧਾਂਤਾਂ ਨੂੰ ਛਿੱਕੇ ਉੱਤੇ ਟੰਗਦੇ ਹੋਏ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ ਤੋਂ ਲੈ ਕੇ ਫੂਲਕਾ ਅਤੇ ਦਿੱਲੀ ਦੀ ਤੇਜ ਤਰਾਰ ਵਿਧਾਇਕਾ ਅਲਕਾ ਲਾਂਬਾ ਤੱਕ ਸਾਰੇ ਚੰਗੇ ਲੀਡਰਾਂ ਨੂੰ ਪਾਰਟੀ ਵਿੱਚੋਂ ਬਾਹਰ ਹੋਣ ਲਈ ਮਜਬੂਰ ਕਰ ਦਿੱਤਾ। ਇੰਨੀ ਹੀ ਕਾਫੀ ਨਹੀਂ ਲੱਗਾ ਤਾਂ ਅਰਵਿੰਦ ਕੇਜਰੀਵਾਲ ਗਠਜੋੜ ਲਈ ਉਸੇ ਕਾਂਗਰਸ ਕੋਲੋਂ ਭੀਖ ਮੰਗ ਰਿਹਾ ਹੈ ਜਿਸਦੇ ਖਿਲਾਫ ਉਸਨੇ ਅਤੇ ਅੰਨਾ ਹਜਾਰੇ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਈ ਸੀ।
ਇਸ ਲਈ ਸਾਡੇ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਮੇਰੇ ਸਮੇਤ ਹੋਰਨਾਂ ਵਿਧਾਇਕਾਂ ਅਤੇ ਲੱਖਾਂ ਹੀ ਪਾਰਟੀ ਵਲੰਟੀਅਰਾਂ ਕੋਲ ਪੰਜਾਬ ਏਕਤਾ ਪਾਰਟੀ ਨਾਮ ਦੀ ਆਪਣੀ ਖੇਤਰੀ ਪਾਰਟੀ ਬਣਣਾਉਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਬਚਿਆ ਸੀ। ਹੁਣ ਜਦ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਸਨ ਤਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਭ੍ਰਿਸ਼ਟ ਰਵਾਇਤੀ ਪਾਰਟੀਆਂ ਦਾ ਮੁਕਾਬਲਾ ਕਰਨ ਲਈ ਲਾਈਕ ਮਾਈਡਿੰਡ ਪਾਰਟੀਆਂ ਅਤੇ ਵਿਅਕਤੀਆਂ ਨੇ ਮਿਲ ਕੇ ਸੂਬਾ ਪੱਧਰੀ ਗਠਜੋੜ ਬਣਾਉਣ ਦਾ ਫੈਸਲਾ ਕੀਤਾ। ਪੂਰੀ ਤਰਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਅਸੀ ਬਸਪਾ, ਸੀ.ਪੀ.ਆਈ, ਲਿਪ, ਆਰ.ਐਮ.ਪੀ.ਆਈ, ਐਨ.ਪੀ.ਪੀ ਅਤੇ ਪੀ.ਈ.ਪੀ ਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਗਠਨ ਕੀਤਾ।
ਸਾਡੀ ਆਪਣੀ ਨਵੀਂ ਖੇਤਰੀ ਪਾਰਟੀ ਅਤੇ ਪੀ.ਡੀ.ਏ ਬਣਾਉਣ ਦੀ ਇਸ ਲਈ ਜਰੂਰਤ ਪਈ ਕਿਉਂਕਿ ਦੱਸੀਆਂ ਰਵਾਇਤੀ ਭ੍ਰਿਸ਼ਟ ਪਾਰਟੀਆਂ ਅਤੇ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਤਾਨਾਸ਼ਾਹੀ ਲੀਡਰਾਂ ਨੇ ਪੰਜਾਬ ਨੂੰ ਹਾਸ਼ੀਏ ਤੱਕ ਧਕੇਲ ਦਿੱਤਾ।
ਉਕਤ ਪਾਰਟੀਆਂ ਅਤੇ ਉਹਨਾਂ ਦੇ ਤਾਨਾਸ਼ਾਹ ਲੀਡਰਾਂ ਦੇ ਪਿਛਲੇ ਤਿੰਨ ਦਹਾਕਿਆਂ ਦੇ ਭ੍ਰਿਸ਼ਟ ਕੁਸ਼ਾਸਨ ਕਾਰਨ ਪੰਜਾਬ ੨.੫ ਲੱਖ ਕਰੋੜ ਰੁਪਏ ਦੇ ਵੱਡੇ ਕਰਜੇ ਹੇਠ ਹੈ। ੧ ਲੱਖ ਕਰੋੜ ਰੁਪਏ ਦੇ ਵੱਡੇ ਕਰਜੇ ਦੀ ਮਾਰ ਹੇਠ ਕਿਸਾਨ ਅਤੇ ਖੇਤ ਮਜਦੂਰ ਵੱਡੀ ਗਿਣਤੀ ਵਿੱਚ ਰੋਜਾਨਾ ਖੁਦਕੁਸ਼ੀਆਂ ਕਰ ਰਹੇ ਹਨ।ਇਸੇ ਤਰਾਂ ਹੀ ਪੰਜਾਬ ਦਾ ੪੪ ਲੱਖ ਤੋਂ ਜਿਆਦਾ ਨੋਜਵਾਨ ਬੇਰੋਜਗਾਰ ਹੈ ਅਤੇ ਨਿਰਾਸ਼ਾ ਦੇ ਆਲਮ ਵਿੱਚ ਮਜਬੂਰ ਹੋ ਕੇ ਚੰਗੇਰੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਨੂੰ ਸਲਾਨਾ ਲੱਖਾਂ ਦੀ ਤਦਾਦ ੱਿਵਚ ਜਾ ਰਿਹਾ ਹੈ। ਚਿੱਟਾ, ਹੈਰੋਇਨ, ਸਮੈਕ, ਸਿੰਥੈਟਿਕ ਡਰੱਗਸ ਪੰਜਾਬ ਵਿੱਚ ਰੋਜ ਨੋਜਵਾਨਾਂ ਨੂੰ ਮਾਰ ਰਹੇ ਹਨ ਅਤੇ ਤਾਕਤਵਰ ਸਿਆਸਤਦਾਨਾਂ ਅਤੇ ਪੁਲਿਸ ਨੇ ਡਰੱਗ ਮਾਫੀਆ ਨਾਲ ਹੱਥ ਮਿਲਾ ਲਏ ਹਨ।
ਪਿਛਲੀ ਬਾਦਲ ਸਰਕਾਰ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੋਨੋਂ ਹੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ੧੪ ਅਕਤੂਬਰ ੨੦੧੫ ਨੂੰ ਬਹਿਬਲ ਕਲਾਂ ਵਿਖੇ ਮਾਰੇ ਗਏ ਦੋ ਸਿੱਖ ਨੋਜਵਾਨਾਂ ਦੇ ਗੰਭੀਰ ਮੁੱਦਿਆ ਵਿੱਚ ਇਨਸਾਫ ਦੇਣ ਤੋਂ ਇਨਕਾਰੀ ਹੋ ਗਏ ਹਨ। ਇਹ ਤਾਨਾਸ਼ਾਹੀ ਲੀਡਰ ਸਿੱਖ ਨੋਜਵਾਨਾਂ ਨੂੰ ਮਾਰਨ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਲਗਾਤਾਰ ਬਚਾ ਰਹੇ ਹਨ ਅਤੇ ਸਾਡੇ ਪਵਿੱਤਰ ਗੁਰੁ ਗ੍ਰੰਥ ਸਾਹਿਬ ਜੀ ਦੇ ਉੱਪਰ ਵੀ ਸੋੜੀ ਵੋਟ ਬੈਂਕ ਸਿਆਸਤ ਖੇਡ ਰਹੇ ਹਨ।
ਬਾਦਲਾਂ ਦੇ ਰਾਜ ਦੋਰਾਨ ਪੈਦਾ ਹੋਇਆ ਹਰ ਪ੍ਰਕਾਰ ਦਾ ਮਾਫੀਆ ਪੰਜਾਬ ਦੀ ਮੋਜੂਦਾ ਕਾਂਗਰਸ ਸਰਕਾਰ ਦੇ ਰਾਜ ਵਿੱਚ ਹੋਰ ਵੀ ਵੱਧ ਫੁੱਲ ਰਿਹਾ ਹੈ। ਟਰਾਂਸਪੋਰਟ, ਥੋਕ ਸ਼ਰਾਬ, ਰੇਤ ਮਾਇਨਿੰਗ, ਕੇਬਲ ਨੈਟਵਰਕ ਆਦਿ ਵਰਗੇ ਅਹਿਮ ਵਪਾਰਾਂ ਉੱਪਰ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ ਹੇਠ ਇਸ ਮਾਫੀਆ ਨੇ ਕਬਜਾ ਕਰ ਲਿਆ ਹੈ। ਭ੍ਰਿਸ਼ਟਾਚਾਰ ਦਾ ਇਸ ਸਮੇਂ ਬੋਲਬਾਲਾ ਹੈ ਜੋ ਕਿ ਸ਼ਰੇਆਮ ਅਤੇ ਅੰਨੇਵਾਹ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਅਫਸਰਾਂ ਨੂੰ ਰਤਾ ਭਰ ਵੀ ਡਰ ਨਹੀਂ ਹੈ ਕਿਉਂਕਿ ਸਿਆਸੀ ਆਗੂ ਆਪਣੇ ਹੀ ਲੋਕਾਂ ਨੂੰ ਲੁੱਟਣ ਲਈ ਉਹਨਾਂ ਨਾਲ ਰਲ ਗਏ ਹਨ।
ਇਸੇ ਪ੍ਰਕਾਰ ਹੀ ਕਰਮਚਾਰੀ ਵੀ ਸਰਕਾਰ ਖਿਲਾਫ ਸੂਬੇ ਭਰ ਵਿੱਚ ਰੋਜਾਨਾ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਹਨਾਂ ਨੂੰ ਰੈਗੂਲਰ ਪੈਨਸ਼ਨ ਤੋਂ ਨਿeਕਾਰੀ ਹੋਇਆ ਜਾ ਰਿਹਾ ਹੈ, ਉਹਨਾਂ ਦੇ ਟੀ.ਏ, ਡੀ.ਏ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ, ਛੇਂਵੇ ਵਿੱਤ ਕਮੀਸ਼ਨ ਨੂੰ ਲਾਗੂ ਕੀਤਾ ਜਾਣਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਦਲਿਤਾਂ ਅਤੇ ਕਮਜੋਰ ਵਰਗਾਂ ਨੂੰ ਉਹਨਾਂ ਦੀਆਂ ਮੁੱਢਲੀਆਂ ਸੋਸ਼ਲ ਵੈਲਫੇਅਰ ਸਕੀਮਾਂ ਅਤੇ ਉਹਨਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਆਦਿ ਤੋਂ ਇਨਕਾਰੀ ਹੋਇਆ ਜਾ ਰਿਹਾ ਹੈ।
ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਲੀ ਪੁਲਿਸ ਦਾ ਸਿਆਸੀਕਰਨ ਕਰ ਦਿੱਤਾ ਗਿਆ ਹੈ ਅਤੇ ਕਾਂਗਰਸ ਅਤੇ ਅਕਾਲੀ ਦਲ ਉਸ ਕੋਲੋਂ ਨਿੱਜੀ ਫੋਜ ਵਾਂਗ ਕੰਮ ਲੈ ਰਹੇ ਹਨ।ਸਿਆਸੀ ਬਦਲਾਖੋਰੀ ਸਿਖਰਾਂ ਉੱਪਰ ਹੈ ਅਤੇ ਮੋਜੂਦਾ ਸਰਕਾਰ ਦੇ ਸਿਆਸੀ ਵਿਰੋਧੀਆਂ ਖਿਲਾਫ ਹਜਾਰਾਂ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ।
ਜਿਥੇ ਗਰੀਬਾਂ ਨੂੰ ਉਹਨਾਂ ਦੀਆਂ ੭੫੦ ਰੁਪਏ ਦੀਆਂ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਨਹੀਂ ਮਿਲ ਰਹੀਆਂ ਉਥੇ ਹੀ ਬਾਦਲ, ਕੈਟਪਨ ਅਮਰਿੰਦਰ ਸਿੰਘ, ਬੀਬੀ ਭੱਠਲ ਆਦਿ ਵਰਗੇ ਰਜਵਾੜੇ ੪-੫ ਲੱਖ ਰੁਪਏ ਫੀ ਮਹੀਨਾ ਪੈਨਸ਼ਨ ਲੈਣ ਦੇ ਯੋਗ ਹਨ।
ਇਸ ਲਈ ਮੇਰੀ ਇਹ ਪੁਖਤਾ ਸੋਚ ਹੈ ਕਿ ਜਦ ਤੱਕ ਪੰਜਾਬ ਦੇ ਲੋਕ ਇਹਨਾਂ ਰਵਾਇਤੀ ਭ੍ਰਿਸ਼ਟ ਅਤੇ ਰਜਵਾੜਾ ਲੀਡਰਾਂ ਖਿਲਾਫ ਇਕੱਠੇ ਨਹੀਂ ਹੁੰਦੇ ਉਸ ਸਮੇਂ ਤੱਕ ਪੰਜਾਬ ਕਿਸੇ ਪ੍ਰਕਾਰ ਦੀ ਵੀ ਤਰੱਕੀ ਨਹੀਂ ਕਰ ਸਕਦਾ। ਇਸ ਸੁਪਨੇ ਨੂੰ ਹਕੀਕਤ ਬਣਾਉਣ ਅਤੇ ਇਹਨਾਂ ਭ੍ਰਿਸ਼ਟ ਵਿਰੋਧੀਆਂ ਤੋਂ ਪੰਜਾਬ ਨੂੰ ਮੁਕਤ ਲਈ ਮੇਰੇ ਸਮੇਤ ਹੋਰਨਾਂ ਲੋਕਾਂਂ ਨੇ ਲੋਕ ਸਭਾ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ। ਹੁਣ ਜਦ ਮੈਂ ਕੱਲ ਬਠਿੰਡਾ ਲੋਕ ਸਭਾ ਸੀਟ ਤੋਂ ਪੀ.ਡੀ.ਏ ਦੇ ਉਮੀਦਵਾਰ ਵਜੋਂ ਨਾਮਜਦਗੀ ਕਾਗਜ ਦਾਖਿਲ ਕਰਵਾਉਣ ਜਾ ਰਿਹਾ ਹਾਂ ਤਾਂ ਮੈਂ ਸਿਆਸਤ ਵਿੱਚ ਨੈਤਿਕਤਾ ਅਤੇ ਆਦਰਸ਼ ਕਾਇਮ ਰੱਖਣ ਲਈ ਭੁਲੱਥ ਦੇ ਐਮ.ਐਲ.ਏ ਵਜੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਕ੍ਰਿਪਾ ਕਰਕੇ ਮੇਰਾ ਐਮ.ਐਲ.ਏ ਭੁਲੱਥ ਵਜੋਂ ਅਸਤੀਫਾ ਬਿਨਾਂ ਦੇਰੀ ਕੀਤੇ ਪ੍ਰਵਾਨ ਕੀਤਾ ਜਾਵੇ।
Check Also
Top 10 Punjabi News Headlines and Trends from 24 July 2026
ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …
Asian Tribune Your Multilingual Newspaper covering World and local news News