Home / World / ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮਨੋਰਥ ਪੱਤਰ ਜਾਰੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮਨੋਰਥ ਪੱਤਰ ਜਾਰੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮਨੋਰਥ ਪੱਤਰ ਜਾਰੀ

1ਕਾਲਜ ਪੜ੍ਹਦੀਆਂ ਕੁੜੀਆਂ ਨੂੰ ਸਕੂਟੀਆਂ ਅਤੇ ਨੌਜਵਾਨਾਂ ਲਈ 20 ਲੱਖ ਨੌਕਰੀਆਂ ਪੈਦਾ ਕਰਨ ਦਾ ਕੀਤਾ ਵਾਅਦਾ
ਚੰਡੀਗੜ੍ਹ – ਸ੍ਰੋਮਣੀ ਅਕਾਲੀ ਦਲ ਨੇ ਅੱਜ 2017 ਅਸੰਬਲੀ ਚੋਣਾਂ ਵਾਸਤੇ ਆਪਣਾ ਚੋਣ-ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ, ਜਿਸ ਵਿਚ ਖੇਤੀਬਾੜੀ ਨੂੰ ਮੁਨਾਫੇਯੋਗ ਧੰਦਾ ਬਣਾਉਣ, ਪੇਂਡੂ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ, ਨੌਜਵਾਨਾਂ ਲਈ 20 ਲੱਖ ਨੌਕਰੀਆਂ ਪੈਦਾ ਕਰਨ, ਇੰਡਸਟਰੀ ਲਈ ਮੈਗਾ ਕੰਪਲੈਕਸ ਸਥਾਪਤ ਕਰਨ, ਕਾਲਜ ਪੜ੍ਹਦੀਆਂ ਕੁੜੀਆਂ ਨੂੰ ਸਾਇਕਲ ਦੀ ਤਰਜ਼ ‘ਤੇ ਸਕੂਟੀਆਂ ਦੇਣ ਅਤੇ ਗਰੀਬ ਤਬਕੇ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਵਾਅਦਾ ਕੀਤਾ ਗਿਆ ਹੈ।
ਇੱਥੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਵੱਲੋਂ ਵਿਜ਼ਨ ਦਸਤਾਵੇਜ਼ ‘ਜੋ ਕਿਹਾ  ਸੋ ਕਰ ਵਿਖਾਇਆ’ ਜਾਰੀ ਕੀਤਾ ਗਿਆ।  ਉਹਨਾਂ ਕਿਹਾ ਕਿ ਅਸੀਂ ਜੋ ਵੀ ਵਾਅਦੇ ਕੀਤੇ ਸਨ, ਸਾਰੇ ਪੂਰੇ ਕਰ ਵਿਖਾਏ ਹਨ। ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣਾ, ਆਟਾ-ਦਾਲ ਅਤੇ ਸ਼ਗਨ ਸਕੀਮ ਵਰਗੇ ਅਨੋਖੇ ਲੋਕ ਭਲਾਈ ਪ੍ਰੋਗਰਾਮ ਸ਼ੁਰੂ ਕਰਨੇ, ਸੂਬੇ ਦੇ 165 ਕਸਬਿਆਂ ਵਿਚ ਪਾਣੀ ਅਤੇ ਸੀਵਰੇਜ ਦੀਆਂ 100 ਫੀਸਦੀ ਸਹੂਲਤਾਂ ਦੇਣਾ ਆਦਿ ਸਾਰੇ ਵਾਅਦੇ ਪੂਰੇ ਕੀਤੇ ਹਨ। ਇਸੇ ਤਰ੍ਹਾਂ ਅੱਜ ਅਸੀਂ ਜੋ ਵਾਅਦੇ ਕੀਤੇ ਹਨ, ਉਹਨਾਂ ਨੂੰ ਵੀ ਪੂਰੇ ਕਰਨ ਲਈ ਵਚਨਬੱਧ ਹਾਂ।
ਮੈਨੀਫੈਸਟੋ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸ਼ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਸਾਰੇ ਛੋਟੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਗਠਜੋੜ ਸਰਕਾਰ ਸਾਰੇ ਕਿਸਾਨਾਂ ਨੂੰ ਕਣਕ 1ਤੇ ਝੋਨੇ Àੁੱਤੇ ਘੱਟੋ ਘੱਟ ਸਮਰਥਨ ਮੁੱਲ ਦੇ ਨਾਲ 100 ਰੁਪਏ ਪ੍ਰਤੀ ਕੁਇੰਟਲ ਦਾ ਖਾਦ ਬੋਨਸ ਵੀ ਦੇਵੇਗੀ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 2 ਤੋਂ 3 ਹਜ਼ਾਰ ਤੱਕ ਦਾ ਫਾਇਦਾ ਹੋਵੇਗਾ। ਸਾਰੇ ਛੋਟੇ ਕਿਸਾਨ 2 ਲੱਖ ਰੁਪਏ ਦਾ ਵਿਆਜ ਮੁਕਤ ਫਸਲੀ ਕਰਜ਼ਾ ਲੈਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਸਰਕਾਰ ਸਾਰੇ ਕਿਸਾਨਾਂ ਨੂੰ ਬਿਨਾਂ ਕੋਈ ਰਕਬੇ ਦੀ ਸੀਮਾ ਮਿੱਥੇ ਟਿਊਬਵੈਲ ਕੁਨੈਕਸ਼ਨ ਦੇਵੇਗੀ ਅਤੇ  ਖੇਤੀਬਾੜੀ ਦੇ ਕੰਮਾਂ ਲਈ ਦਿਨ ਵਿਚ 10 ਘੰਟੇ ਮੁਫਤ ਅਤੇ ਲਗਾਤਾਰ ਬਿਜਲੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਸਮੇਂ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਅਗਲੇ ਪੰਜ ਸਾਲ ਵਿਚ ਸੂਬੇ ਅੰਦਰ ਪੇਂਡੂ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। ਸ਼ ਬਾਦਲ ਨੇ ਕਿਹਾ ਕਿ ਅਸੀਂ 165 ਕਸਬਿਆਂ ਵਿਚ ਪੀਣ ਲਈ ਸਾਫ ਪਾਣੀ ਅਤੇ ਸੀਵਰੇਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।ਹੁਣ ਅਸੀਂ ਇਹ ਸਾਰੀਆਂ ਸਹੂਲਤਾਂ ਪੰਜਾਬ ਦੇ 12000 ਪਿੰਡਾਂ  ਲੈ ਕੇ ਜਾਵਾਂਗੇ।  ਇਸ ਤੋਂ ਇਲਾਵਾ ਪਿੰਡਾਂ ਦੀ ਗਲੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸੋਲਰ ਲਾਇਟਾਂ ਲਗਾਈਆਂ ਜਾਣਗੀਆਂ। ਪਿੰਡਾਂ ਵਿਚ ਆਟਾ ਦਾਲ ਸਕੀਮ ਵਾਲੀਆਂ ਵਸਤਾਂ ਦੇਣ ਲਈ ਵਿਸ਼ੇਸ਼ ਦੁਕਾਨਾਂ , ਮੈਡੀਕਲ ਕਲੀਨਿਕ ਅਤੇ ਸੇਵਾ ਕੇਂਦਰ ਖੋਲ੍ਹੇ ਜਾਣਗੇ। ਸਾਰੀਆਂ ਲਿੰਕ ਸੜਕਾਂ 18 ਫੁੱਟ ਚੌੜੀਆਂ ਕੀਤੀਆਂ ਜਾਣਗੀਆਂ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ 2500 ਸਕਿੱਲ ਸੈਂਟਰਾਂ ਵਿਚ 10 ਲੱਖ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਵੀ ਵਚਨਬੱਧ ਹੈ। ਇਹਨਾਂ ਵਿੱਚੋਂ ਇੱਕ ਸਕਿੱਲ ਸੈਂਟਰ ਪੰਜ ਪਿੰਡਾਂ ਦੇ ਨੌਜਵਾਨਾਂ ਨੂੰ ਸਿਖਲਾਈ ਦੇਵੇਗਾ। ਇਹ ਸਿਖਲਾਈ ਕੋਰਸ ਨੌਜਵਾਨਾਂ ਨੂੰ 10 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਲੈਣ ਲਈ ਯੋਗ ਬਣਾਉਣਗੇ। ਗਠਜੋੜ ਸਰਕਾਰ ਵੱਲੋਂ 50 ਹਜ਼ਾਰ ਨੌਜਵਾਨਾਂ ਨੂੰ ਗੱਡੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਬਿਨਾਂ ਕੋਈ ਅਗਾਊਂ ਪੈਸੇ ਦਿੱਤਿਆਂ ਸੌਖੇ ਕਰਜ਼ਿਆਂ ਰਾਹੀਂ ਟੈਕਸੀਆਂ ਦਿਵਾਈਆਂ ਜਾਣਗੀਆਂ। ਅਸੀਂ 20 ਲੱਖ ਨੌਕਰੀਆਂ ਦਾ ਵਾਅਦਾ ਪੂਰਾ ਕਰਨ ਲਈ ਸਰਕਾਰੀ ਨੌਕਰੀਆਂ ਤੋਂ ਇਲਾਵਾ ਟੂਰਿਜ਼ਮ ਅਤੇ ਉਦਯੋਗਿਕ ਸੈਕਟਰਾਂ ਵਿਚ ਵੀ ਭਾਰੀ ਗਿਣਤੀ ਵਿਚ ਨੌਕਰੀਆਂ ਪੈਦਾ ਕਰਾਂਗੇ।
ਇੰਡਸਟਰੀ ਵਾਸਤੇ ਆਪਣੀ ਵਿਜ਼ਨ ਦਾ ਖਾਕਾ ਉਲੀਕਦਿਆਂ ਸ਼ ਬਾਦਲ ਨੇ ਕਿਹਾ ਕਿ ਹੁਣ ਸੋਚ ਨੂੰ ਵੱਡੀ ਕਰਨ ਦਾ ਸਮਾਂ ਆ ਗਿਆ ਹੈ। ਅਸੀਂ ਸਾਰਾ ਲੋੜੀਂਦਾ ਬੁਨਿਆਦੀ ਢਾਂਚਾ ਉਸਾਰ ਦਿੱਤਾ ਹੈ।ਸਾਰੇ ਮੁੱਖ ਸ਼ਹਿਰ ਅਤੇ ਕਸਬੇ ਚਾਰ ਮਾਰਗੀ ਅਤੇ ਛੇ ਮਾਰਗੀ ਸ਼ਾਹਮਾਰਗਾਂ ਰਾਹੀਂ ਇੱਕ ਦੂਜੇ ਨਾਲ ਜੁੜ ਜਾਣਗੇ। ਸਾਨੂੰ ਵੱਡੇ ਇੰਡਸਟਰੀ ਕੇਂਦਰ ਬਣਾਉਣ ਦੀ ਲੋੜ ਹੈ। ਉਸ ਦੇ ਮੁਤਾਬਿਕ ਅਸੀਂ ਮਾਲਵਾ ਖੇਤਰ ਨੂੰ ਟੈਕਸਟਾਇਲ ਹੱਬ ਬਣਾਉਣ ਦੀ ਯੋਜਨਾ ਬਣਾਈ ਹੈ। ਰਾਜਪੁਰਾ ਵਿਚ 2500 ਏਕੜ ਜ਼ਮੀਨ ਉੱਤੇ ਇੱਕ ਇੰਡਸਟਰੀਅਲ ਪਾਰਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮੋਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਟਰੇਡ ਫੇਅਰ ਸੈਂਟਰ ਬਣਾਏ ਜਾਣਗੇ। ਮੋਹਾਲੀ ਅਤੇ ਅੰਮ੍ਰਿਤਸਰ ਵਿਚ ਵਿਸ਼ਵ ਪੱਧਰ ਦੀਆਂ ਆਈਟੀ ਹੱਬਜ਼ ਬਣਾਈਆਂ ਜਾਣਗੀਆਂ। ਲੁਧਿਆਣਾ ਵਿਚ ਸਾਈਕਲ ਵੈਲੀ ਦੇ ਰੂਪ ਵਿਚ ਇੱਕ ਮੈਨੂਫੈਕਚਰਿੰਗ ਹੱਬ ਬਣਾਈ ਜਾਵੇਗੀ।  ਰਾਜਪੁਰਾ ਵਿਚ ਫਾਰਮਾਸੀਟੀਕਲ ਹੱਬ ਬਣਾਈ ਜਾਵੇਗੀ ਅਤੇ ਮੁੱਲਾਂਪੁਰ ਵਿਖੇ ਮੈਡੀਸਿਟੀ ਬਣਾਇਆ ਜਾਵੇਗਾ।
ਸ਼ ਬਾਦਲ ਨੇ ਇਹ ਵੀ ਯਕੀਨ ਦਿਵਾਇਆ ਕਿ ਜਿਹਨਾਂ ਕਾਰੋਬਾਰੀਆਂ ਦੀ ਸਾਲਾਨਾ ਆਮਦਨ 2 ਕਰੋੜ ਰੁਪਏ ਹੋਵੇਗੀ , ਉਹਨਾਂ ਨੂੰ ਹਿਸਾਬ ਕਿਤਾਬ ਦੀਆਂ ਕਾਪੀਆਂ ਰੱਖਣ ਦੀ ਜਰੂਰਤ ਨਹੀਂ ਹੋਵੇਗੀ। ਉਹ ਸਵੈ-ਪ੍ਰਮਾਣ ਪੱਤਰ ਦਿੰਦੇ ਹੋਏ ਇੱਕ ਮੁਸ਼ਤ ਟੈਕਸ ਦੇ ਸਕਦੇ ਹਨ। ਮੌਜੂਦਾ ਸਮੇ ਇਹ ਸਹੂਲਤ ਸਲਾਨਾ 1 ਕਰੋੜ ਦੀ ਆਮਦਨੀ ਵਾਲੇ ਵਪਾਰੀਆਂ ਵਾਸਤੇ ਹੈ।
ਸ਼ ਬਾਦਲ ਨੇ ਕਿਹਾ ਕਿ ਗਰੀਬ ਤਬਕਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਕਾਲੀ-ਭਾਜਪਾ ਦੇ ਦਰਸ਼ਨ ਦਾ ਕੇਂਦਰ ਬਿੰਦੂ ਹੈ। ਕਮਜ਼ੋਰ ਤਬਕਿਆਂ ਦੀ ਭਲਾਈ ਕਰਨਾ ਸਾਨੂੰ ਬਹੁਤ ਸਕੂਨ ਦਿੰਦਾ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਸਾਰੇ ਕੱਚੇ ਘਰਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਕ ਹੋਰ ਅਹਿਮ ਫੈਸਲਾ ਇਹ ਕੀਤਾ ਗਿਆ ਹੈ ਕਿ  ਜਨਰਲ ਸ੍ਰੇਣੀਆਂ ਵਿਚ ਆਰਥਿਕ ਤੌਰ ਤੇ ਪਛੜੇ ਪਰਿਵਾਰਾਂ ਨੂੰ ਸਾਰੀਆਂ ਸਮਾਜ ਭਲਾਈ ਵਾਲੀਆਂ ਸਕੀਮਾਂ ਦੇ ਫਾਇਦੇ ਦਿੱਤੇ ਜਾਣਗੇ, ਜਿਹੜੇ ਐਸਸੀ/ਬੀਸੀ ਸ਼੍ਰੇਣੀਆਂ ਨੂੰ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸਾਰੀਆਂ ਲੋਕ ਭਲਾਈ ਪੈਨਸ਼ਨਾਂ 500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕੀਤੀਆਂ ਜਾਣਗੀਆਂ। ਸ਼ਗਨ ਸਕੀਮ ਦੀ ਰਾਸ਼ੀ 15000 ਰੁਪਏ ਤੋਂ ਵਧਾ ਕੇ 51000 ਰੁਪਏ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖੰਡ 5 ਰੁਪਏ ਕਿਲੋ ਅਤੇ ਘਿਓ 25 ਰੁਪਏ  ਕਿਲੋ ਦੇਣ ਦਾ ਨਵਾਂ ਉਪਰਾਲਾ ਕੀਤਾ ਜਾਵੇਗਾ। ਸਾਰੇ ਨੀਲਾ ਕਾਰਡ ਧਾਰਕਾਂ ਨੂੰ ਮੁਫਤ ਗੈਸ ਕੁਨੇਕਸ਼ਨ ਦਿੱਤੇ ਜਾਣਗੇ ਇਸ ਤੋਂ ਇਲਾਵਾ ਕੰਪਲੀਟ ਕਿਚਨ ਪੈਕੇਜ ਵੀ ਦਿੱਤੇ  ਜਾਣਗੇ ਜਿਸ ਵਿਚ ਪ੍ਰੈਸ਼ਰ ਕੂਕਰ, ਚੁੱਲ੍ਹਾ ਅਤੇ ਸਿਲੰਡਰ ਸ਼ਾਮਲ ਹਨ। ਇੰਨਾ ਹੀ ਨਹੀਂ ਨੀਲਾ ਕਾਰਡ ਧਾਰਕਾਂ, ਛੋਟੇ ਕਿਸਾਨਾਂ , ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਦੇ ਇਲਾਜ ਦੀ ਰਕਮ ਵਧਾ ਕੇ 1 ਲੱਖ ਰੁਪਏ ਸਾਲਾਨਾ ਕੀਤੀ ਜਾਵੇਗੀ।
ਔਰਤਾਂ ਦੀ ਭਲਾਈ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਦਿੰਦਿਆਂ ਸ਼ ਬਾਦਲ ਨੇ ਕਿਹਾ ਕਿ ਸਾਰੀਆਂ ਦਸਵੀਂ ਪਾਸ ਔਰਤਾਂ ਨੂੰ ਮੁਫਤ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। ਕਾਲਜ ਪੜ੍ਹਦੀਆਂ ਕੁੜੀਆਂ ਨੂੰ ਸਾਇਕਲ ਦੀ ਤਰਜ਼ ‘ਤੇ ਸਕੂਟੀਆਂ ਦਿੱਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵੱਲਂੋਂ ਅਪਰਾਧ ਅਤੇ ਨਸ਼ਿਆਂ ਵਿਰੁੱਧ ਲੜਾਈ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਸ਼ਬਾਦਲ ਨੇ ਕਿਹਾ ਕਿ ਅਪਰਾਧ ਨੂੰ ਰੋਕਣ ਲਈ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਪ੍ਰਵੇਸ਼-ਨਿਕਾਸ ਦਰਵਾਜਿਆਂ ਉੱਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਘੁਸਪੈਠ ਨੂੰ ਰੋਕਣ ਲਈ ਸੁਰੱਖਿਆ ਦੀ ਦੂਜੀ ਕੜੀ ਵਜੋਂ ਇੱਕ ਵਿਸੇਥਸ਼ ਬਾਰਡਰ ਏਰੀਆ ਫੋਰਸ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨਸ਼ੇੜੀਆਂ ਤੋਂ ਨਸ਼ੇ ਛੁਡਾਉਣ ਲਈ ਨਵੀਂ ਨੀਤੀ ਬਣਾਈ ਜਾਵੇਗੀ ਅਤੇ ਮੁੜ ਵਸਾਊ ਕੇਂਦਰਾਂ ਨੂੰ ਅਪਗਰੇਡ ਕੀਤਾ ਜਾਵੇਗਾ।
ਸ਼ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਅਤੇ ਸ੍ਰੀ ਦਰਬਾਰ ਸਾਹਿਬ ਦੁਆਲੇ ਗਲਿਆਰੇ ਦਾ ਸੁੰਦਰੀਕਰਨ ਕਰਨ ਲਈ ਬਹੁਤ ਕੁੱਝ ਕੀਤਾ ਹੈ। ਉਹਨਾਂ ਕਿਹਾ ਕਿ ਅਗਲੇ 5 ਸਾਲਾਂ ਵਿਚ ਅੰਮ੍ਰਿਤਸਰ ਨੂੰ ਵਿਸ਼ਵ ਪੱਧਰ ਦੀ ਵਿਰਾਸਤੀ ਦਿੱਖ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦੂਜੀਆਂ ਵਿਰਾਸਤੀ ਅਤੇ ਧਾਰਮਿਕ ਥਾਵਾਂ ਨੂੰ ਵੀ ਵਿਰਾਸਤੀ ਦਿੱਖ ਦਿੱਤੀ ਜਾਵੇਗੀ।
ਸ਼ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਸਾਰੀਆਂ ਅਣਅਧਿਕਾਰਤ ਕਲੋਨੀਆਂ ਨੂੰ ਮਾਮੂਲੀ ਜਿਹੀ ਕੀਮਤ ਨਾਲ ਰੈਗੂਲਰ ਕਰਨ ਵਾਸਤੇ ਵਿਸ਼ੇਸ਼ ਕਦਮ ਚੁੱਕੇਗੀ।  ਉਹਨਾਂ ਕਿਹਾ ਕਿ ਸਾਬਕਾ ਫੌਜੀਆਂ ਨੂੰ ਲਾਭ ਪਹੁੰਚਾਉਣ ਲਈ ਸੀਐਸਡੀ ਉੱਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।
ਉਹਨਾਂ ਕਿਹਾ ਕਿ ਅਗਲੇ 5 ਸਾਲਾਂ ਵਿਚ ਸ਼ੁਰੂ ਕੀਤੇ ਜਾਣ ਵਾਲੇ ਵੱਡੇ ਬੁਨਿਆਦੀ ਢਾਂਚੇ ਵਾਲੇ ਪ੍ਰਾਜੈਕਟਾਂ ਵਿਚ ਜਲੰਧਰ ਅਤੇ ਅਜਮੇਰ ਸ਼ਰੀਫ ਨੂੰ ਜੋੜਣ ਵਾਲਾ ਸੁਪਰ ਐਕਸਪ੍ਰੈਸ ਵੇਅ ਅਤੇ ਦਿੱਲੀ-ਅੰਮ੍ਰਿਤਸਰ ਨੂੰ ਜੋੜਣ ਵਾਲਾ ਨਿਊ ਐਕਸਪ੍ਰੈਸ ਅਲਾਈਨਮੈਂਟ ਸ਼ਾਮਿਲ ਹਨ।
ਸ਼ ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਪੰਜਾਬ ਕੋਲ ਐਸਵਾਈਐਲ ਨਹਿਰ ਵਾਸਤੇ ਕੋਈ ਵੀ ਜ਼ਮੀਨ ਜਾਂ ਪਾਣੀ ਨਹੀਂ ਹੈ। ਜਿਹੜੀ ਜ਼ਮੀਨ ਨਹਿਰ ਵਾਸਤੇ ਐਕਵਾਇਰ ਕੀਤੀ ਗਈ ਸੀ, ਉਹ ਅਸੀਂ ਕਿਸਾਨਾਂ ਨੂੰ ਵਾਪਸ ਮੋੜ ਦਿੱਤੀ ਹੈ। ਹੁਣ ਕਿਸੇ ਵੀ ਹਾਲਤ ਵਿਚ ਐਸਵਾਈਐਲ ਨਹਿਰ ਨਹੀਂ ਬਣਾਈ ਜਾ ਸਕਦੀ। ਅਸੀਂ ਚੰਡੀਗੜ੍ਹ ਅਤੇ ਹਰਿਆਣਾ ‘ਚ ਪੰਜਾਬੀ ਬੋਲਦੇ ਇਲਾਕਿਆਂ ਨੂੰ ਵਾਪਸ ਲੈਣ ਵਾਸਤੇ ਸ਼ਾਂਤਮਈ ਲੋਕਤੰਤਰੀ ਤਰੀਕੇ ਨਾਲ ਸੰਘਰਸ਼ ਕਰਨ ਲਈ ਵਚਨਬੱਧ ਹਾਂ।ਅਸੀਂ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਲਈ  ਅਤੇ ਪੀੜਿਤਾਂ ਦੇ ਮੁੜ-ਵਸੇਵੇ ਲਈ ਪੂਰੀ ਲਗਨ ਨਾਲ ਕੰਮ ਕਰਾਂਗੇ। ਅਸੀਂ ਸੰਘੀ ਢਾਂਚੇ, ਘੱਟ ਗਿਣਤੀਆਂ ਦੀ ਰਾਖੀ  ਅਤੇ ਸਾਂਤੀ ਤੇ ਫਿਰਕੂ ਸਦਭਾਵਨਾ ਦੇ ਹੱਕ ਵਿਚ ਹਾਂ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਪਰਲੀਆ ਗੱਲਾਂ ਤੋਂ ਇਲਾਵਾ ਅਸੀਂ ਆਪਣੀ ਕਾਰਗੁਜ਼ਾਰੀ ਲਈ ਸਮਰਥਨ ਮੰਗਦੇ ਹਾਂ। ਅਸੀਂ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਲਏ ਫੈਸਲਿਆਂ, ਲੋਕ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਵੋਟਾਂ ਮੰਗਦੇ ਹਾਂ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …