Home / Punjabi News / Moga ‘ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

Moga ‘ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

Moga Murder Case : ਮੋਗਾ ਜ਼ਿਲ੍ਹੇ ਦੇ ਥਾਣਾ ਅਜੀਤਵਾਲ ਅਧੀਨ ਪਿੰਡ ਚੂਹੜਚੱਕ ਵਿੱਚ ਪੁਰਾਣੀ ਰੰਜਿਸ਼ ਕਾਰਨ ਇੱਕ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਖੇਤ ਵਿੱਚ ਮਜ਼ਦੂਰਾਂ ਨੂੰ ਖਾਣਾ ਦੇਣ ਗਏ ਬਜ਼ੁਰਗ ‘ਤੇ ਮੁਲਜ਼ਮ ਨੇ ਲੋਹੇ ਦੀ ਰਾਡ ਅਤੇ ਕੱਸੀਏ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਬਜ਼ੁਰਗ ਦੀ ਲੁਧਿਆਣਾ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 20 ਜੁਲਾਈ 2026 ਦੀ ਸ਼ਾਮ ਕਰੀਬ 8:30 ਵਜੇ ਵਾਪਰੀ। ਪਿੰਡ ਚੂਹੜਚੱਕ ਦੇ ਰਹਿਣ ਵਾਲੇ ਗੁਰਮਿੰਦਰ ਸਿੰਘ ਆਪਣੇ ਪਿਤਾ ਹਰਮੇਲ ਸਿੰਘ ਅਤੇ ਸਾਥੀ ਅਮਰਿੰਦਰ ਸਿੰਘ ਨਾਲ ਖੇਤ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਖਾਣਾ ਦੇਣ ਗਏ ਸਨ। ਇਸ ਦੌਰਾਨ ਪੁਰਾਣੀ ਰੰਜਿਸ਼ ਰੱਖਣ ਵਾਲਾ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮੋਟਰਸਾਈਕਲ ‘ਤੇ ਉੱਥੇ ਪਹੁੰਚਿਆ ਅਤੇ ਆਉਂਦੇ ਹੀ ਹਰਮੇਲ ਸਿੰਘ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।

ਇਸ ਤੋਂ ਬਾਅਦ ਮੁਲਜ਼ਮ ਨੇ ਖੇਤ ਵਿੱਚ ਪਏ ਕੱਸੀਏ ਨਾਲ ਹਰਮੇਲ ਸਿੰਘ ਦੇ ਸਿਰ ਅਤੇ ਸਰੀਰ ‘ਤੇ ਤਾਬੜਤੋੜ ਵਾਰ ਕੀਤੇ। ਝੜਪ ਦੌਰਾਨ ਮੁਲਜ਼ਮ ਦੇ ਸਿਰ ‘ਤੇ ਵੀ ਸੱਟ ਲੱਗੀ, ਜਿਸ ਕਾਰਨ ਉਹ ਖੂਨ ਨਾਲ ਲਥਪਥ ਕੱਸੀਆ ਅਤੇ ਆਪਣਾ ਮੋਟਰਸਾਈਕਲ ਮੌਕੇ ‘ਤੇ ਹੀ ਛੱਡ ਕੇ ਫਰਾਰ ਹੋ ਗਿਆ।

ਤਿੰਨ ਹਸਪਤਾਲਾਂ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਏ ਹਰਮੇਲ ਸਿੰਘ

ਗੰਭੀਰ ਜ਼ਖ਼ਮੀ ਹਰਮੇਲ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ। ਉੱਥੇ ਤੋਂ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਕਲਿਆਣੀ ਹਸਪਤਾਲ, ਜਗਰਾਓਂ ਰੈਫਰ ਕੀਤਾ ਗਿਆ। ਹਾਲਤ ਵਿੱਚ ਸੁਧਾਰ ਨਾ ਆਉਣ ‘ਤੇ ਉਨ੍ਹਾਂ ਨੂੰ ਡੀਐਮਸੀ ਹਸਪਤਾਲ, ਲੁਧਿਆਣਾ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਕਤਲ ਦਾ ਕੇਸ ਦਰਜ, ਮੁੱਖ ਮੁਲਜ਼ਮ ਗ੍ਰਿਫ਼ਤਾਰ

ਮ੍ਰਿਤਕ ਦੇ ਪੁੱਤਰ ਗੁਰਮਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਅਜੀਤਵਾਲ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਭਾਰਤੀ ਨਿਆਂ ਸੰਹਿਤਾ (BNS) 2023 ਦੀ ਧਾਰਾ 103(1) (ਕਤਲ) ਤਹਿਤ ਐੱਫਆਈਆਰ ਨੰਬਰ 128 (ਮਿਤੀ 22 ਜੁਲਾਈ 2026) ਦਰਜ ਕੀਤੀ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਟੁੱਟੇ ਲੱਕੜੀ ਦੇ ਹੱਥੇ ਵਾਲੀ ਕੱਸੀ ਵੀ ਬਰਾਮਦ ਕਰ ਲਈ ਹੈ। ਮੁੱਖ ਮੁਲਜ਼ਮ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


Source link

Check Also

ਸਕੂਲ ਦੀ ਛੁੱਟੀ ਤੋਂ ਬਾਅਦ ਵੱਡੀ ਵਾਰਦਾਤ! 10ਵੀਂ ਦੇ ਵਿਦਿਆਰਥੀ ‘ਤੇ ਬਲੇਡ ਨਾਲ ਹਮਲਾ; ਮੱਚੀ ਸਨਸਨੀ

Ludhiana News: ਲੁਧਿਆਣਾ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਮਾਪਿਆਂ ਅਤੇ ਵਿਦਿਆਰਥੀਆਂ …