Home / Punjabi News / ਮਿੰਨੀ ਕਹਾਣੀ : ‘ਦਾਗ’

ਮਿੰਨੀ ਕਹਾਣੀ : ‘ਦਾਗ’

ਮਿੰਨੀ ਕਹਾਣੀ : ‘ਦਾਗ’

ਬਲਵਿੰਦਰ ਸਿੰਘ ਭੁੱਲਰ

ਚੋਣਾਂ ਸਿਰ ਤੇ ਆ ਗਈਆਂ ਸਨ, ਸਾਰੀਆਂ ਪਾਰਟੀਆਂ ਉਮੀਦਵਾਰਾਂ ਦੀ ਤਲਾਸ ਕਰਨ ਵਿੱਚ ਰੁਝੀਆਂ ਹੋਈਆਂ ਸਨ। ਧਾਰਮਿਕ ਖਿਆਲਾਂ ਦੇ ਆਧਾਰ ਤੇ ਕੰਮ ਕਰ ਰਹੀ ਇੱਕ ਪਾਰਟੀ ਨੇ ਵੀ ਸੰਭਾਵੀ ਉਮੀਦਵਾਰਾਂ ਤੋਂ ਅਰਜੀਆਂ ਮੰਗੀਆਂ ਹੋਈਆਂ ਸਨ। ਪ੍ਰੋ: ਬਲਦੇਵ ਸਿੰਘ ਬਹੁਤ ਪੜ੍ਹਿਆ ਲਿਖਿਆ ਤੇ ਇਮਾਨਦਾਰ ਵਿਅਕਤੀ ਸੀ। ਜਦ ਉਹ ਕਾਲਜ ਵਿੱਚ ਲੈਕਚਰਾਰ ਵਜੋਂ ਡਿਊਟੀ ਤੇ ਤਾਇਨਾਤ ਸੀ, ਤਾਂ ਉਸਦੀ ਇਮਾਨਦਾਰੀ ਅਤੇ ਵਿੱਦਿਆ ਮੁਹੱਈਆ ਕਰਵਾਉਣ ਦੀ ਕਾਰਜਸ਼ੈਲੀ ਨੂੰ ਮੁੱਖ ਰਖਦਿਆਂ ਸੂਬੇ ਦੇ ਰਾਜਪਾਲ ਨੇ ਉਸਨੂੰ ਇੱਕ ਰਾਜ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਸੀ ਤੇ ਉਸਦੀ ਬਹੁਤ ਸਲਾਘਾ ਵੀ ਕੀਤੀ ਸੀ। ਸੇਵਾ ਮੁਕਤ ਹੋਣ ਉਪਰੰਤ ਉਹ ਇਸ ਪਾਰਟੀ ਵਿੱਚ ਲੋਕਾਂ ਦੀ ਸੇਵਾ ਨੂੰ ਮੁੱਖ ਰੱਖ ਕੇ ਸ਼ਾਮਲ ਹੋ ਗਿਆ ਸੀ ਅਤੇ ਕਈ ਸਾਲਾਂ ਤੋਂ ਪਾਰਟੀ ਤੇ ਲੋਕਾਂ ਦੀ ਸੇਵਾ ਵਿੱਚ ਰੁਝਿਆ ਹੋਇਆ ਸੀ।
ਪਾਰਟੀ ਦੇ ਸ੍ਰਪਰਸਤ ਵੱਲੋਂ ਸੰਭਾਵੀ ਉਮੀਦਵਾਰਾਂ ਨੂੰ ਬੁਲਾ ਕੇ ਉਹਨਾਂ ਦੀਆਂ ਅਰਜੀਆਂ ਤੇ ਵਿਚਾਰ ਕੀਤੀ ਜਾ ਰਹੀ ਸੀ। ਪ੍ਰੋ: ਬਲਦੇਵ ਸਿੰਘ ਨੇ ਵੀ ਟਿਕਟ ਲੈਣ ਲਈ ਦਰਖਾਸਤ ਦਿੱਤੀ ਹੋਈ ਸੀ। ਦਫ਼ਤਰ ਦੇ ਬਾਹਰ ਸੰਭਾਵੀ ਉਮੀਦਵਾਰਾਂ ਦੀ ਵੱਡੀ ਭੀੜ ਜਮਾਂ ਹੋ ਚੁੱਕੀ ਸੀ। ਪੀ ਏ ਵੱਲੋਂ ਇੱਕ ਇੱਕ ਨੂੰ ਅਵਾਜ਼ ਮਾਰ ਕੇ ਅੰਦਰ ਭੇਜਿਆ ਜਾ ਰਿਹਾ ਸੀ। ‘ਪ੍ਰੋ: ਬਲਦੇਵ ਸਿੰਘ ਆਓ ਭਾਈ’ ਪੀ ਏ ਨੇ ਅਵਾਜ਼ ਦਿੱਤੀ। ਵੱਡੀ ਉਮੀਦ ਨਾਲ ਪ੍ਰੋ: ਬਲਦੇਵ ਸਿੰਘ ਉੱਠਿਆ ਤੇ ਪਾਰਟੀ ਮੁਖੀ ਕੋਲ ਜਾ ਕੇ ਗੋਡੀਂ ਹੱਥ ਲਾਏ ਤੇ ਪੈਰਾਂ ਕੋਲ ਹੀ ਬੈਠ ਗਿਆ। ਉਹ ਬਹੁਤ ਵੱਡੀ ਉਮੀਦ ਲੈ ਕੇ ਹੌਂਸਲੇ ਨਾਲ ਆਇਆ ਸੀ ਕਿ ਉਸਦੀ ਇਮਾਨਦਾਰੀ ਅਤੇ ਵਿੱਦਿਅਕ ਯੋਗਤਾ ਆਦਿ ਦੀ ਕਦਰ ਕਰਦਿਆਂ ਉਸਨੂੰ ਟਿਕਟ ਤਾਂ ਮਿਲ ਹੀ ਜਾਵੇਗੀ।
‘‘ਪ੍ਰੋਫੈਸਰ ਸਾਹਿਬ! ਤੁਸੀਂ ਬਹੁਤ ਪੜ੍ਹੇ ਲਿਖੇ ਹੋ ਅਤੇ ਇਮਾਨਦਾਰ ਵੀ ਹੋ। ਤੁਹਾਡੇ ਵਰਗੇ ਸੂਝਵਾਨ ਸੱਜਨਾਂ ਦੀ ਦਫ਼ਤਰਾਂ ਵਿੱਚ ਬੜੀ ਜਰੂਰਤ ਹੁੰਦੀ ਐ, ਤੁਸੀਂ ਪਾਰਟੀ ਦਾ ਦਫ਼ਤਰ ਸੰਭਾਲਿਓ ਤੁਹਾਡੇ ਬਗੈਰ ਇਹ ਸੇਵਾ ਕੌਣ ਕਰੇਗਾ।’ ਪਾਰਟੀ ਮੁਖੀ ਨੇ ਪ੍ਰੋਫੈਸਰ ਸਾਹਿਬ ਨੂੰ ਨਿਹਾਰਦਿਆਂ ਤੇ ਉਸਦਾ ਚਿਹਰਾ ਪੜ੍ਹਦਿਆਂ ਕਿਹਾ।
‘‘ਪਾਰਟੀ ਵਿੱਚ ਤਾਂ ਮੈ ਸੇਵਾ ਕਰ ਹੀ ਰਿਹਾ ਹਾਂ, ਹੁਣ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਜਾਗੀ ਐ, ਇੱਕ ਵਾਰ ਤਾਂ ਮੌਕਾ ਦਿਓ’ ਪ੍ਰੋਫੈਸਰ ਨੇ ਹਾੜ੍ਹਾ ਜਿਹਾ ਕੱਢਿਆ।
‘‘ਤੁਹਾਡੇ ਵਰਗੇ ਸੱਜਣ ਰਾਜਨੀਤੀ ਘੱਟ ਜਾਣਦੇ ਹੁੰਦੇ ਨੇ ਅਤੇ ਕਈ ਵਾਰ ਟਿਕਟ ਲੈ ਕੇ ਜਿੱਤ ਤਾਂ ਜਾਂਦੇ ਨੇ ਫੇਰ ਦੂਜੀਆਂ ਪਾਰਟੀਆਂ ਉਹਨਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਰਲਾ ਲੈਂਦੀਆਂ ਨੇ। ਤੁਹਾਡੇ ਵਰਗੇ ਕਾਬਲ ਬੰਦਿਆਂ ਦੀ ਤਾਂ ਦਫ਼ਤਰ ਸੰਭਾਲਣ ਲਈ ਪਾਰਟੀ ਨੂੰ ਬਹੁਤ ਲੋੜ ਹੁੰਦੀ ਐ, ਤੁਸੀਂ ਟਿਕਟ ਟੁਕਟ ਦਾ ਖਿਆਲ ਛੱਡੋ ਪਰੇ੍ਹ, ਪ੍ਰੋਫੈਸਰ ਸਾਹਿਬ।’ਪਾਰਟੀ ਮੁਖੀ ਨੇ ਪ੍ਰੋਫੈਸਰ ਨੂੰ ਅੰਦਰ ਤੱਕ ਟੋਹਿਆ।
‘ਸਰਦਾਰ ਸਾਹਿਬ, ਮੈਂ ਤੁਹਾਡਾ ਹਰ ਹੁਕਮ ਮੰਨਣ ਲਈ ਤਾਂ ਤਿਆਰ ਹਾਂ। ਪਰ ਮੈਂ ਦਸ ਸਾਲ ਤੋਂ ਪਾਰਟੀ ਵਿੱਚ ਸੇਵਾ ਨਿਭਾ ਰਿਹਾ ਹਾਂ। ਤੁਸੀਂ ਭਾਵੇਂ ਕਾਕਾ ਜੀ ਤੋਂ ਪੁੱਛ ਲਓ ਮੈਂ ਪਾਰਟੀ ਆਗੂਆਂ ਦੇ ਹਰ ਕੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦਾ ਹਾਂ। ਹੁਣ ਇਹ ਪੜ੍ਹੇ ਲਿਖੇ ਜਾਂ ਇਮਾਨਦਾਰੀ ਦਾ ਦਾਗ ਤਾਂ ਮੇਰੇ ਤੋਂ ਲਾਹ ਦਿਓ। ਮੈਂ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਦਾ ਰਹਾਂਗਾ ਅਤੇ ਛੱਡ ਕੇ ਜਾਣ ਲਈ ਵੀ, ਏਦੂ ਚੰਗੀ ਹੋਰ ਕਿਹੜੀ ਪਾਰਟੀ ਐ ਮੇਰੇ ਲਈ’ਪ੍ਰੋਫੈਸਰ ਨੇ ਪਾਰਟੀ ਦੀ ਸੇਵਾ ਦੇ ਅਰਥ ਸਮਝਦਿਆਂ ਭਰੋਸਾ ਦਿੱਤਾ।
ਇਹ ਸੁਣਦਿਆਂ ਪਾਰਟੀ ਮੁਖੀ ਨੇ ਮੂੰਹ ਵਿੱਚ ਉਂਗਲ ਲੈਂਦਿਆਂ ਕੁਝ ਸੋਚਿਆ ਤੇ ਕਾਕਾ ਜੀ ਨਾਲ ਰਾਇ ਕਰਕੇ ਟਿਕਟ ਦੇਣ ਦਾ ਵਿਸਵਾਸ ਦਿਵਾਉਂਦਿਆਂ ਕਿਹਾ, ‘‘ਚਲੋ ਭਾਈ ਚਾਹ ਪਾਣੀ ਛਕੋ ਤੇ ਅਗਲੇ ਸੰਭਾਵੀ ਉਮੀਦਵਾਰ ਨੂੰ ਭੇਜ ਦਿਓ।’’
ਮੋਬਾ: 09888275913


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …