Breaking News
Home / Punjabi News / ਪੰਜਾਬ ਦੇ ਦਰਿਆਵਾਂ ਵਿੱਚ ਆਇਆ ਹੈਰੋਇਨ ਦਾ ਹੜ੍ਹ

ਪੰਜਾਬ ਦੇ ਦਰਿਆਵਾਂ ਵਿੱਚ ਆਇਆ ਹੈਰੋਇਨ ਦਾ ਹੜ੍ਹ

ਦਵਿੰਦਰ ਪਾਲ
ਚੰਡੀਗੜ੍ਹ, 24 ਅਗਸਤ
ਪੰਜਾਬ ਦੇ ਦਰਿਆਵਾਂ ਵਿੱਚ ਆਏ ਹੜ੍ਹਾਂ ਦਾ ਲਾਹਾ ਲੈ ਰਹੇ ਨਸ਼ਾ ਤਸਕਰਾਂ ਨੇ ਪੰਜਾਬ ਪੁਲੀਸ ਤੇ ਬੀਐਸਐਫ ਦੀਆਂ ਚੁਣੌਤੀਆਂ ਵਧਾ ਦਿੱਤੀਆਂ ਹਨ। ਸੂਬੇ ’ਚੋਂ ਲੰਘਦੇ ਦੋ ਵੱਡੇ ਦਰਿਆਵਾਂ ਰਾਵੀ ਤੇ ਸਤਲੁਜ ਵਿੱਚ ਪਾਣੀ ਚੜ੍ਹਨ ਕਰਕੇ ਨਸ਼ਾ ਤਸਕਰਾਂ ਦਾ ਕੰਮ ਹੋਰ ਸੌਖਾ ਹੋ ਗਿਆ ਹੈ। ਸੂਬਾਈ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲੀਸ ਅਤੇ ਬੀਐਸਐਫ ਦੇ ਸਾਂਝੇ ਅਪਰੇਸ਼ਨਾਂ ਤਹਿਤ ਪਹਿਲੀ ਜੂਨ ਤੋਂ 23 ਅਗਸਤ ਤੱਕ ਦੋ ਕੁਇੰਟਲ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਗਈ ਹੈ। ਨਸ਼ਾ ਤਸਕਰਾਂ ਵੱਲੋਂ ਦਰਿਆਵਾਂ ਰਾਹੀਂ ਗੋਤਾਖਰਾਂ ਦੀ ਮਦਦ ਲਾਲ ਚੜ੍ਹਦੇ ਪੰਜਾਬ ਵਿੱਚ ਹੈਰੋਇਨ ਭੇਜੀ ਜਾ ਰਹੀ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ 17 ਅਗਸਤ ਨੂੰ 8 ਕਿੱਲੋ ਹੈਰੋਇਨ, 11 ਅਗਸਤ ਨੂੰ 5 ਕਿੱਲੋ, 10 ਅਗਸਤ ਨੂੰ 12 ਕਿੱਲੋ, 6 ਅਗਸਤ ਨੂੰ 78 ਕਿੱਲੋ ਹੈਰੋਇਨ ਤੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ 5 ਅਗਸਤ ਨੂੰ 4 ਕਿੱਲੋ, 3 ਅਗਸਤ ਨੂੰ 6 ਕਿੱਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਕੁੱਝ ਦਿਨ ਪਹਿਲਾਂ ਹੀ 21 ਅਗਸਤ ਨੂੰ 30 ਕਿੱਲੋ ਤੇ 23 ਅਗਸਤ ਨੂੰ ਅੰਮ੍ਰਿਤਸਰ ’ਚ 42 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਜੂਨ ਅਤੇ ਜੁਲਾਈ ਮਹੀਨਿਆਂ ਦੌਰਾਨ ਵੀ ਵੱਡੀ ਗਿਣਤੀ ਵਿੱਚ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਹੈ। ਮਹੱਤਵਪੂਰਨ ਤੱਥ ਇਹ ਹੈ ਕਿ ਪਿਛਲੇ ਸਾਲ ਪਹਿਲੀ ਜੂਨ ਤੋਂ 21 ਅਗਸਤ ਦੌਰਾਨ ਸਰਹੱਦ ਪਾਰ ਤੋਂ ਜੋ ਤਸਕਰੀ ਦੇ ਮਾਮਲੇ ਸਾਹਮਣੇ ਆਏ ਸਨ ਉਨ੍ਹਾਂ ’ਚ ਲਗਪਗ 40 ਕਿੱਲੋ ਹੈਰੋਇਨ ਬਰਾਮਦ ਹੋਈ ਹੈ, ਜਦਕਿ ਇਸ ਸਾਲ ਇਹ ਬਰਾਮਦਗੀ 2 ਕੁਇੰਟਲ ਤੱਕ ਕੀਤੀ ਗਈ ਹੈ। ਇਸ ਸਾਲ ਪਹਿਲੀ ਜਨਵਰੀ ਤੋਂ 31 ਮਈ ਤੱਕ 44 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਹੜ੍ਹਾਂ ਦਾ ਲਾਹਾ ਲੈ ਕੇ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀਆਂ ਵੱਡੀਆਂ ਖੇਪਾਂ ਦੇਸ਼ ਵਿੱਚ ਭੇਜੀਆਂ ਜਾ ਰਹੀਆਂ ਹਨ। ਹੜ੍ਹਾਂ ਕਾਰਨ ਕਈ ਥਾਵਾਂ ’ਤੇ ਕੰਡਿਆਲੀ ਤਾਰ ਉੱਖੜਨ ਕਰਕੇ ਵੀ ਇਨ੍ਹਾਂ ਮਾਮਲਿਆਂ ਨੂੰ ਹੁਲਾਰਾ ਮਿਲਿਆ ਹੈ। ਇਸ ਸਬੰਧ ਵਿੱਚ ਪੁਲੀਸ ਨੇ ਹੁਣ ਤੱਕ ਲਗਪਗ ਦੋ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਪੁੱਛ ਪੜਤਾਲ ਦੌਰਾਨ ਮੰਨਿਆ ਹੈ ਕਿ ਹੜ੍ਹਾਂ ਦੌਰਾਨ ਨਸ਼ੇ ਦੀ ਖੇਪ ਨੂੰ ਸਰਹੱਦ ਪਾਰ ਪਹੁੰਚਾਉਣ ਵਾਲਿਆਂ ਨੂੰ ਡੇਢ ਲੱਖ ਰੁਪਏ ਪ੍ਰਤੀ ਕਿੱਲੋ ਤੱਕ ਮਿਲ ਰਿਹਾ ਹੈ, ਜਦਕਿ ਪਹਿਲਾਂ ਇਹ ਕੀਮਤ 50 ਤੋਂ 75 ਹਜ਼ਾਰ ਰੁਪਏ ਪ੍ਰਤੀ ਕਿੱਲੋ ਸੀ।

The post ਪੰਜਾਬ ਦੇ ਦਰਿਆਵਾਂ ਵਿੱਚ ਆਇਆ ਹੈਰੋਇਨ ਦਾ ਹੜ੍ਹ appeared first on punjabitribuneonline.com.


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …