Home / Punjabi News / ਦੋਸਤ ਦੇ ਨਾਨਕੇ ਘਰ ਰੁਕੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਦੋਸਤ ਦੇ ਨਾਨਕੇ ਘਰ ਰੁਕੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਬੀਰਬਲ ਰਿਸ਼ੀ
ਸ਼ੇਰਪੁਰ, 21 ਅਗਸਤ
ਸ਼ੇਰਪੁਰ ਵਿੱਚ ਅੱਜ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਲਾਡੀ (25) ਵਜੋਂ ਹੋਈ ਹੈ, ਜੋ ਕਸਬਾ ਧਨੌਲਾ ਨੇੜਲੇ ਇੱਕ ਪਿੰਡ ਦਾ ਵਸਨੀਕ ਸੀ। ਰਵਿੰਦਰ ਆਪਣੇ ਦੋਸਤ ਨਾਲ ਉਸ ਦੇ ਨਾਨਕੇ ਘਰ ਆਇਆ ਸੀ, ਜਿਥੇ ਅੱਜ ਤੜਕੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਪੁਲੀਸ ਨੇ ਸ਼ੇਰਪੁਰ-ਦੀਦਾਰਗੜ੍ਹ ਰੋਡ ’ਤੇ ਖੇਤਾਂ ਵਿਚਲੇ ਇੱਕ ਘਰ ਦੀ ਛੱਤ ਤੋਂ ਰਵਿੰਦਰ ਦੀ ਲਾਸ਼ ਬਰਾਮਦ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਥਾਣਾ ਸ਼ੇਰਪੁਰ ਦੇ ਐਸਐਚਓ ਅਵਤਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਵਿੰਦਰ ਪਹਿਲਾਂ ਬਰਨਾਲਾ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਦਾਖ਼ਲ ਰਿਹਾ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਘਰੋਂ ਗਾਇਬ ਸੀ। ਪਰਿਵਾਰ ਵੱਲੋਂ ਰਵਿੰਦਰ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਵੀ ਦਰਜ ਕਰਵਾਈ ਸੀ। ਆਕਾਸ਼ਦੀਪ ਨੇ ਪੁਲੀਸ ਨੂੰ ਦੱਸਿਆ ਕਿ ਕੱਲ੍ਹ ਰਵਿੰਦਰ ਉਸ ਨੂੰ ਸ਼ੇਰਪੁਰ ਵਿੱਚ ਮਿਲਿਆ ਤੇ ਕਾਲੇ ਨਾਂ ਦੇ ਵਿਅਕਤੀ ਕੋਲ ਛੇ ਹਜ਼ਾਰ ਵਿੱਚ ਆਪਣਾ ਮੋਬਾਈਲ ਗਹਿਣੇ ਰੱਖ ਕੇ ਰਵਿੰਦਰ ਨੇ ਨਸ਼ਾ ਖ਼ਰੀਦਿਆ। ਇਸ ਮਗਰੋਂ ਦੋਵੇਂ ਆਕਾਸ਼ਦੀਪ ਦੇ ਨਾਨਕੇ ਘਰ ਆ ਗਏ। ਆਕਾਸ਼ਦੀਪ ਅਨੁਸਾਰ ਸਵੇਰੇ ਤੜਕੇ ਰਵਿੰਦਰ ਨੇ ਨਸ਼ਾ ਕੀਤਾ ਤਾਂ ਉਸ ਦੀ ਹਾਲਤ ਵਿਗੜ ਗਈ। ਉਹ ਤੁਰੰਤ ਸ਼ੇਰਪੁਰ ਸਥਿਤ ਰਵਿੰਦਰ ਦੇ ਰਿਸ਼ਤੇਦਾਰਾਂ ਘਰ ਗਿਆ, ਪਰ ਜਦੋਂ ਵਾਪਸ ਆਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਧੂਰੀ ਮੁਰਦਾਘਰ ’ਚ ਰਖਵਾਈ ਹੈ। ਐਸਐਚਓ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਆਕਾਸ਼ਦੀਪ ਤੇ ਕਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਨਸ਼ੇ ਦੀ ਓਵਰਡੋਜ਼ ਕਾਰਨ ਨਾਬਾਲਗ ਦੀ ਮੌਤ

ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਮੁੰਡਾਪਿੰਡ ਵਿਚ ਇਕ ਨਾਬਾਲਗ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਸਾਹਿਬ ਸਿੰਘ (17) ਪੁੱਤਰ ਪਰਮਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਨ੍ਹਾਂ ਦੇ ਰਿਸ਼ਤੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਗਲਤ ਸੰਗਤ ਵਿਚ ਪੈਣ ਕਾਰਨ ਨਸ਼ਿਆਂ ਦਾ ਆਦੀ ਬਣ ਗਿਆ ਸੀ ਜਿਸ ਦੇ ਚੱਲਦਿਆਂ ਬੀਤੇ ਦਿਨ ਘਰ ਵਿਚ ਨਸ਼ਾ ਕਰਨ ਸਮੇਂ ਗੁਰਸਾਹਿਬ ਸਿੰਘ ਦੀ ਤਬੀਅਤ ਵਿਗੜ ਗਈ ਅਤੇ ਉਸ ਮਗਰੋਂ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੀ ਨਸ਼ਿਆਂ ਖਿਲਾਫ਼ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ ਇਲਾਕੇ ਵਿਚ ਨਸ਼ੇ ਸ਼ਰ੍ਹੇਆਮ ਵਿਕ ਰਹੇ ਹਨ ਜਿਸ ਕਾਰਨ ਛੋਟੀ ਉਮਰ ਦੇ ਬੱਚੇ ਨਸ਼ਿਆਂ ਦੇ ਆਦੀ ਬਣ ਰਹੇ ਹਨ। ਇਨ੍ਹਾਂ ਨਸ਼ਿਆਂ ਕਾਰਨ ਕਈ ਘਰ ਬਰਬਾਦ ਹੋ ਰਹੇ ਹਨ। ਦੂਜੇ ਪਾਸੇ, ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਪੁਲੀਸ ਨਸ਼ਿਆਂ ਦੇ ਖਾਤਮੇ ਲਈ ਸਿਰਫ ਖ਼ਾਨਾਪੂਰਤੀ ਹੀ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਨਾਬਾਲਗ ਬੱਚੇ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ ਜਿਸ ਵੱਲ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਸੰਜੀਦਗੀ ਨਾਲ ਕੰਮ ਕਰਨ ਦੀ ਲੋੜ ਹੈ।

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਭਦੌੜ (ਪੱਤਰ ਪ੍ਰੇਰਕ): ਇਥੋਂ ਦੇ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਬਲਜੀਤ ਸਿੰਘ (30) ਪੁੱਤਰ ਦਰਸ਼ਨ ਸਿੰਘ ਵਾਸੀ ਮੱਝੂਕੇ ਰੋਡ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਰੋਜ਼ਾਨਾ ਸ਼ਾਮ ਨੂੰ ਘਰੋਂ ਬਾਹਰ ਜਾਂਦਾ ਸੀ। ਉਨ੍ਹਾਂ ਨੂੰ ਐਤਵਾਰ ਸ਼ਾਮ ਨੂੰ ਸੂਚਨਾ ਮਿਲੀ ਕਿ ਬਲਜੀਤ ਮੱਝੂਕੇ ਰੋਡ ’ਤੇ ਸ਼ੈਲਰ ਕੋਲ ਡਿੱਗਿਆ ਪਿਆ ਹੈ। ਉਸ ਨੇ ਉੱਥੇ ਜਾ ਕੇ ਦੇਖਿਆ ਕਿ ਉਸ ਦਾ ਭਰਾ ਬੇਹੋਸ਼ ਪਿਆ ਸੀ। ਉਸ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਉਥੋਂ ਚੁੱਕ ਕੇ ਬਰਨਾਲਾ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸਐਚਓ ਭਦੌੜ ਜਗਦੇਵ ਸਿੰਘ ਸਿੱਧੂ ਨੇ ਕਿਹਾ ਕਿ ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਜੋ ਵੀ ਬਿਆਨ ਦਿੱਤਾ ਜਾਵੇਗਾ ਉਸ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

The post ਦੋਸਤ ਦੇ ਨਾਨਕੇ ਘਰ ਰੁਕੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ appeared first on punjabitribuneonline.com.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …