Home / Punjabi News / ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਮਿਲਣਗੇ ਹਥਿਆਰ: ਸਾਧੂ ਸਿੰਘ ਧਰਮਸੋਤ

ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਮਿਲਣਗੇ ਹਥਿਆਰ: ਸਾਧੂ ਸਿੰਘ ਧਰਮਸੋਤ

ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਮਿਲਣਗੇ ਹਥਿਆਰ: ਸਾਧੂ ਸਿੰਘ ਧਰਮਸੋਤ

ਸਿਊਂਕ ਘਟਨਾ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਜ਼ਖ਼ਮੀਆਂ ਨੂੰ ਮਿਲੇਗੀ ਮਾਲੀ ਮਦਦ ਤੇ ਸਰਕਾਰੀ ਖ਼ਰਚੇ ‘ਤੇ ਹੋਵੇਗਾ ਇਲਾਜ
ਚਾਰ ਦੋਸ਼ੀਆਂ ਦੀ ਹੋਈ ਗ੍ਰਿਫਤਾਰੀ ਤੇ ਤਫ਼ਤੀਸ਼ ਜਾਰੀ
ਚੰਡੀਗੜ : ਪੰਜਾਬ ਦਾ ਜੰਗਲਾਤ ਵਿਭਾਗ ਜੰਗਲਾਂ ਤੇ ਜੰਗਲੀ ਖੇਤਰਾਂ ਦੀ ਰਖਵਾਲੀ ਲਈ ਆਪਣੇ ਕਰਮਚਾਰੀਆਂ ਨੂੰ ਹਥਿਆਰਬੰਦ ਕਰੇਗਾ ਅਤੇ ਛੇਤੀ ਹੀ ਇਸ ਸਬੰਧੀ ਨਵੀਂ ਨੀਤੀ ਤਿਆਰ ਕਰਕੇ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਭੇਜੀ ਜਾਵੇਗੀ।
ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪਿੰਡ ਸਿਊਂਕ ਵਿਖੇ ਵਾਪਰੀ ਘਟਨਾ ਬਹੁਤ ਮੰਦਭਾਗੀ ਹੈ ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਰੇਤ ਤੇ ਲੱਕੜ ਮਾਫੀਆ ਵਲੋਂ ਜੰਗਲਾਤ ਕਰਮਚਾਰੀਆਂ ‘ਤੇ ਕੀਤੇ ਹਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਭਵਿੱਖ ‘ਚ ਵਿਭਾਗੀ ਕਰਮਚਾਰੀਆਂ ਨੂੰ ਹਥਿਆਰਾਂ ਨਾਲ ਲੈੱਸ ਕੀਤਾ ਜਾਵੇਗਾ। ਉਨਾਂ ਨੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਵੀਂ ਨੀਤੀ ਨੂੰ ਜਲਦ ਤਿਆਰ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਜੰਗਲਾਂ ਤੇ ਜੰਗਲੀ ਖੇਤਰਾਂ ਦੇ ਨਾਲ-ਨਾਲ ਵਿਭਾਗ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਇਸ ਦਿਸ਼ਾਂ ‘ਚ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਸ. ਧਰਮਸੋਤ ਨੇ ਕਿਹਾ ਕਿ ਪਿੰਡ ਸਿਊਂਕ ਘਟਨਾ ਦੇ ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਅਤੇ ਘੱਟ ਜ਼ਖ਼ਮੀਆਂ ਨੂੰ 21-21 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ ਅਤੇ ਜ਼ਖ਼ਮੀਆਂ ਦਾ ਇਲਾਜ ਵੀ ਸਰਕਾਰੀ ਖ਼ਰਚੇ ‘ਤੇ ਕਰਾਇਆ ਜਾਵੇਗਾ। ਉਨਾਂ ਕਿਹਾ ਕਿ ਜੰਗਲਾਤ ਖੇਤਰ ਦੀ ਰਾਖੀ ਲਈ ਪੂਰੀ ਵਾਹ ਲਾਉਣ ਵਾਲੇ ਇਨਾਂ ਕਰਮਚਾਰੀਆਂ ਨੂੰ ਜਿੱਥੇ ਦੋ-ਦੋ ਇਨਕਰੀਮੈਂਟਾਂ ਦਿੱਤੀਆਂ ਜਾਣਗੀਆਂ, ਉੱਥੇ ਹੀ ਵਿਭਾਗ ਵਲੋਂ ਬਹਾਦਰੀ ਪੁਰਸਕਾਰ ਵੀ ਦਿੱਤੇ ਜਾਣਗੇ।
ਸ. ਧਰਮਸੋਤ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਸ੍ਰੀ ਦਵਿੰਦਰ ਸਿੰਘ, ਵਣ ਗਾਰਡ ਸ੍ਰੀ ਰਵਿੰਦਰ ਸਿੰਘ, ਬੇਲਦਾਰ ਸ੍ਰੀ ਕਰਨੈਲ ਸਿੰਘ, ਬੇਲਦਾਰ ਸ੍ਰੀ ਰਾਜਿੰਦਰ ਸਿੰਘ, ਦਿਹਾੜੀਦਾਰ ਸ੍ਰੀ ਭਾਗ ਚੰਦ ਤੇ ਸ੍ਰੀ ਮਹਿੰਦਰ ਸਿੰਘ ਵਲੋਂ ਜ਼ਿਲਾ ਐਸ.ਏ.ਐਸ. ਨਗਰ ਦੇ ਪਿੰਡ ਸਿਊਂਕ-ਸ਼ਿੰਗਾਰੀਵਾਲਾ ਸੜਕੀ ਮਾਰਗ ‘ਤੇ 19 ਜੂਨ, 2018 ਨੂੰ ਰਾਤ ਸਮੇਂ 10:30 ਵਜੇ ਲਗਾਏ ਨਾਕੇ ਦੌਰਾਨ ਕੁੱਝ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ ਸੀ। ਇਸ ਸਬੰਧੀ ਐਫ.ਆਈ.ਆਰ. ਥਾਣਾ ਮੁੱਲਾਂਪੁਰ ਗਰੀਬਦਾਸ, ਜ਼ਿਲਾ ਐਸ.ਏ.ਐਸ. ਨਗਰ ਵਿਖੇ ਆਈ.ਪੀ.ਸੀ. ਦੀ ਧਾਰਾ 307, 353, 186, 332, 148, 149 ਅਧੀਨ ਦਰਜ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਪੰਜਾਬ ਪੁਲੀਸ ਨੇ ਵਣ ਗਾਰਡ ਦੇ ਬਿਆਨਾਂ ਦੇ ਆਧਾਰ ‘ਤੇ ਸਤਪ੍ਰੀਤ ਸਿੰਘ ਉਰਫ਼ ਸੱਤੀ ਪੁੱਤਰ ਬਲਵਿੰਦਰ ਸਿੰਘ, ਸਤਵਿੰਦਰ ਸਿੰਘ ਉਰਫ਼ ਹੈਪੀ ਪੁੱਤਰ ਸੁਰਿੰਦਰ ਸਿੰਘ, ਜਗਜੀਤ ਸਿੰਘ ਉਰਫ਼ ਜੱਗਾ ਪੁੱਤਰ ਸੋਹਣ ਸਿੰਘ ਅਤੇ ਇੰਦਰਜੀਤ ਸਿੰਘ ਉਰਫ਼ ਇੰਦਾ ਪੁੱਤਰ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਇਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਵਾਰਦਾਤ ਦੌਰਾਨ ਵਰਤਿਆ ਗਿਆ ਟਰੈਕਟਰ-ਟਰਾਲੀ ਅਤੇ ਆਈ-20 ਕਾਰ ਵੀ ਬਰਾਮਦ ਹੋ ਚੁੱਕੀ ਹੈ ਅਤੇ ਦੋਸ਼ੀਆਂ ਪਾਸੋਂ ਪੁੱਛ-ਗਿੱਛ, ਤਫ਼ਤੀਸ਼ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਉਨਾਂ ਦੱਸਿਆ ਕਿ ਬਲਾਕ ਅਫਸਰ ਸ੍ਰੀ ਦਵਿੰਦਰ ਸਿੰਘ ਅਤੇ ਬੇਲਦਾਰ ਕਰਨੈਲ ਸਿੰਘ ਸਖ਼ਤ ਜ਼ਖਮੀ ਦੀ ਹਾਲਤ ਵਿੱਚ ਪੀ.ਜੀ.ਆਈ. (ਟਰੌਮਾ ਸੈਂਟਰ), ਚੰਡੀਗੜ ਵਿਖੇ ਜ਼ੇਰੇ ਇਲਾਜ ਹਨ, ਜਿੱਥੇ ਬਲਾਕ ਅਫਸਰ ਸ੍ਰੀ ਦਵਿੰਦਰ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਬੇਲਦਾਰ ਕਰਨੈਲ ਸਿੰਘ ਦਾ ਵੀ ਸਕੱਲ ਫਰੈਕਚਰ ਹੈ। ਬਲਾਕ ਅਫਸਰ ਸ੍ਰੀ ਦਵਿੰਦਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਓਪਰੇਸ਼ਨ ਉਪਰੰਤ ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ 72 ਘੰਟੇ ਦੀ ਅਬਜ਼ਰਵੇਸ਼ਨ ‘ਤੇ ਰੱਖਿਆ ਗਿਆ ਹੈ। ਸ੍ਰੀ ਕਰਨੈਲ ਸਿੰਘ ਬੇਲਦਾਰ ਦੇ ਚਿਹਰੇ ਤੇ ਸੱਜੇ ਪਾਸੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ, ਜਿਸ ਕਰਕੇ ਉਸ ਦੇ ਚਿਹਰੇ ਤੇ ਸੱਜੇ ਪਾਸੇ ਡੂੰਘਾ ਜਖ਼ਮ ਹੋ ਗਿਆ ਹੈ ਅਤੇ ਉਹ ਵੀ ਪੀ.ਜੀ.ਆਈ. (ਟਰੌਮਾ ਸੈਂਟਰ), ਚੰਡੀਗੜ ਵਿਖੇ ਜ਼ੇਰੇ ਇਲਾਜ ਹਨ।
ਸ. ਧਰਮਸੋਤ ਨੇ ਅੱਗੇ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਕਾਰਵਾਈ ਜਾਰੀ ਹੈ। ਉਨਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਰੇਤ ਅਤੇ ਲੱਕੜ ਮਾਫ਼ੀਆ ਖ਼ਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਵਧੀਕ ਮੁੱਖ ਸਕੱਤਰ ਜੰਗਲਾਤ ਸ੍ਰੀ ਐਮ.ਪੀ. ਸਿੰਘ, ਪ੍ਰਮੁੱਖ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ, ਮੁੱਖ ਵਣਪਾਲ ਸ੍ਰੀ ਰਤਨਾ ਕੁਮਾਰ, ਵਣਪਾਲ ਸ਼ਿਵਾਲਿਕ ਸ੍ਰੀ ਚਰਚਿਲ ਕੁਮਾਰ ਅਤੇ ਜ਼ਿਲਾ ਐਸ.ਏ.ਐਸ. ਨਗਰ ਦੇ ਡੀ.ਐਫ.ਓ. ਸ੍ਰੀ ਗੁਰਅਮਨ ਸਿੰਘ ਹਾਜ਼ਰ ਸਨ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …