Home / Punjabi News / ਹਰਿਆਣਾ ਵਿੱਚ ਪਿਛਲੀ ਵਾਰ ਦੇ ਮੁਕਾਬਲੇ 5 ਫ਼ੀਸਦ ਘੱਟ ਵੋਟਿੰਗ

ਹਰਿਆਣਾ ਵਿੱਚ ਪਿਛਲੀ ਵਾਰ ਦੇ ਮੁਕਾਬਲੇ 5 ਫ਼ੀਸਦ ਘੱਟ ਵੋਟਿੰਗ

ਆਤਿਸ਼ ਗੁਪਤਾ

ਚੰਡੀਗੜ੍ਹ, 25 ਮਈ

ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ’ਤੇ ਅੱਜ ਚੋਣ ਅਮਲ ਮੁਕੰਮਲ ਹੋ ਗਿਆ। ਨੌਜਵਾਨਾਂ ਵਿੱਚ ਵੋਟਿੰਗ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਕਰਕੇ ਸੂਬੇ ਦੇ ਕਈ ਪੋਲਿੰਗ ਬੂਥਾਂ ’ਤੇ ਰਾਤ 8 ਵਜੇ ਤੱਕ ਵੋਟਿੰਗ ਜਾਰੀ ਰਹੀ। ਚੋਣ ਕਮਿਸ਼ਨ ਮੁਤਾਬਕ ਰਾਤ 8 ਵਜੇ ਤੱਕ 65 ਫ਼ੀਸਦ ਵੋਟਿੰਗ ਹੋਈ ਹੈ ਅਤੇ ਇਹ ਅੰਕੜਾ ਵਧ ਵੀ ਸਕਦਾ ਹੈ। ਐਤਕੀਂ ਵੋਟਿੰਗ ਪਿਛਲੀਆਂ ਚੋਣਾਂ ਨਾਲੋਂ 5 ਫ਼ੀਸਦ ਘੱਟ ਰਹੀ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ 70.19 ਫ਼ੀਸਦ ਵੋਟਿੰਗ ਹੋਈ ਸੀ। ਜਾਣਕਾਰੀ ਅਨੁਸਾਰ ਸਿਰਸਾ ਵਿੱਚ ਸਭ ਤੋਂ ਵੱਧ 69 ਫ਼ੀਸਦ ਵੋਟਿੰਗ ਹੋਈ ਹੈ ਜਦੋਂ ਕਿ ਫਰੀਦਾਬਾਦ ’ਚ ਸਭ ਤੋਂ ਘੱਟ 59.7 ਫ਼ੀਸਦ ਵੋਟਾਂ ਪਈਆਂ। ਅੰਬਾਲਾ ’ਚ 66.9 ਫ਼ੀਸਦ, ਕੁਰੂਕਸ਼ੇਤਰ ’ਚ 66.2, ਹਿਸਾਰ ’ਚ 64.6, ਸੋਨੀਪਤ ’ਚ 62.2, ਰੋਹਤਕ ’ਚ 64.5, ਭਿਵਾਨੀ-ਮਹਿੰਦਰਗੜ੍ਹ ’ਚ 65.2, ਕਰਨਾਲ ’ਚ 63.2 ਅਤੇ ਗੁਰੂਗ੍ਰਾਮ ਵਿੱਚ 60.6 ਫ਼ੀਸਦ ਵੋਟਿੰਗ ਹੋਈ ਹੈ। ਵਿਧਾਨ ਸਭਾ ਹਲਕਾ ਕਰਨਾਲ ’ਚ ਜ਼ਿਮਨੀ ਚੋਣ ਦੌਰਾਨ 57.8 ਫ਼ੀਸਦ ਵੋਟਾਂ ਪਈਆਂ। ਦੁਪਹਿਰ ਬਾਅਦ ਤੱਕ ਵੋਟਿੰਗ ਦਾ ਰੁਝਾਨ ਮੱਠਾ ਸੀ ਪਰ ਸ਼ਾਮ 6 ਵਜੇ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਲੋਕ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਗਏ। ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸ਼ਾਮ 6 ਵਜੇ ਪੋਲਿੰਗ ਸਟੇਸ਼ਨਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਅਤੇ ਲਾਈਨ ਵਿੱਚ ਖੜ੍ਹੇ ਲੋਕਾਂ ਨੂੰ ਹੀ ਵੋਟ ਪਾਉਣ ਦਿੱਤੀ ਗਈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਬਾਲਾ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਵਿੱਚ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ। ਕੁਝ ਥਾਵਾਂ ’ਤੇ ਭਾਜਪਾ ਤੇ ਕਾਂਗਰਸੀ ਆਗੂਆਂ ਵਿੱਚ ਮਾਮੂਲੀ ਟਕਰਾਅ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਪਾਣੀਪਤ, ਯਮੁਨਾਨਗਰ ਅਤੇ ਅੰਬਾਲਾ ਵਿੱਚ ਕੁਝ ਪੋਲਿੰਗ ਬੂਥਾਂ ’ਤੇ ਮਸ਼ੀਨਾਂ ਵਿੱਚ ਖਰਾਬੀ ਪਾਈ ਗਈ, ਜਿਸ ਕਰਕੇ ਮਸ਼ੀਨਾਂ ਨੂੰ ਤੁਰੰਤ ਬਦਲ ਦਿੱਤਾ ਗਿਆ।

ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦੀ ਕਿਸਮਤ ਈਵੀਐੱਮ ਵਿੱਚ ਬੰਦ

ਕਰਨਾਲ ਵਿੱਚ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਵਿੱਚ ਨਿੱਤਰੇ ਹਨ। ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਧਾਨ ਸਭਾ ਹਲਕਾ ਕਰਨਾਲ ਤੋਂ ਜ਼ਿਮਨੀ ਚੋਣ ਲੜ ਰਹੇ ਹਨ ਜਦਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਕਾਂਗਰਸ ਦੀ ਸੀਨੀਅਰ ਆਗੂ ਕੁਮਾਰੀ ਸ਼ੈਲਜਾ, ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ, ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ, ਫਿਲਮੀ ਅਦਾਕਾਰ ਰਾਜ ਬੱਬਰ ਸਣੇ ਹੋਰ ਕਈ ਵੱਡੇ ਸਿਆਸੀ ਆਗੂਆਂ ਦੀ ਕਿਸਮਤ ਈਵੀਐੱਮ ਵਿੱਚ ਬੰਦ ਹੋ ਚੁੱਕੀ ਹੈ। ਇਸ ਦਾ ਫੈਸਲਾ 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੋਵੇਗਾ।

The post ਹਰਿਆਣਾ ਵਿੱਚ ਪਿਛਲੀ ਵਾਰ ਦੇ ਮੁਕਾਬਲੇ 5 ਫ਼ੀਸਦ ਘੱਟ ਵੋਟਿੰਗ appeared first on Punjabi Tribune.


Source link

Check Also

ਆਸ਼ਾ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 25 ਜੂਨ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅੱਜ ਤੋਂ ਮੋਰਚਾ …