Breaking News
Home / Punjabi News / ਸੰਗਰੂਰ ਪੁਲੀਸ ਨੇ ਮੱਧ ਪ੍ਰਦੇਸ਼ ਤੋਂ 21 ਪਿਸਟਲ ਲਿਆਉਣ ਵਾਲੇ ਅੰਤਰਰਾਜੀ ਗਰੋਹ ਦੇ 2 ਮੈਂਬਰਾਂ ਸਣੇ 5 ਗ੍ਰਿਫ਼ਤਾਰ ਕੀਤੇ

ਸੰਗਰੂਰ ਪੁਲੀਸ ਨੇ ਮੱਧ ਪ੍ਰਦੇਸ਼ ਤੋਂ 21 ਪਿਸਟਲ ਲਿਆਉਣ ਵਾਲੇ ਅੰਤਰਰਾਜੀ ਗਰੋਹ ਦੇ 2 ਮੈਂਬਰਾਂ ਸਣੇ 5 ਗ੍ਰਿਫ਼ਤਾਰ ਕੀਤੇ

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਸਤੰਬਰ
ਸੰਗਰੂਰ ਜ਼ਿਲ੍ਹਾ ਪੁਲੀਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 21 ਪਿਸਟਲ ਬਰਾਮਦ ਕੀਤੇ ਹਨ, ਜੋ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ। ਪੁਲੀਸ ਨੇ ਫਿਰੋਜ਼ਪੁਰ ਜੇਲ੍ਹ ’ਚ ਬੰਦ ਗੈਂਗਸਟਰ, ਜਿਸ ਨੇ ਇਹ ਅਸਲਾ ਮੰਗਵਾਇਆ ਸੀ, ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਇਸ਼ਾਰੇ ’ਤੇ ਪੈਸੇ ਟਰਾਂਸਫਰ ਕਰਨ ਵਾਲੇ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਮੱਧ ਪ੍ਰਦੇਸ਼ ’ਚੋਂ ਅਸਲਾ ਸਪਲਾਈ ਕਰਨ ਵਾਲੇ ਨੂੰ ਵੀ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਹ ਅਸਲਾ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਰਾਜੀਵ ਕੌਸ਼ਲ ਉਰਫ਼ ਗੁੱਗੂ ਉਰਫ਼ ਗੁਗਲੂ ਨੇ ਮੰਗਵਾਇਆ ਸੀ, ਜੋ ਮੋਬਾਈਲ ਫੋਨ ਜ਼ਰੀਏ ਹੀ ਅਸਲਾ ਸਪਲਾਈ ਕਰਨ ਦੀ ਕਾਰਵਾਈ ਨੂੰ ਅੰਜਾਮ ਦੇ ਰਿਹਾ ਸੀ, ਜਿਸ ਦਾ ਸਬੰਧ ਗੈਂਗਸਟਰ ਰਵੀ ਬਲਾਚੌਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗਾਂ ਦੇ ਕੁੱਝ ਅਪਰਾਧੀਆਂ ਨਾਲ ਹੈ। ਇਥੇ ਪ੍ਰੈਸ ਕਾਨਫਰੰਸ ਦੌਰਾਨ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਪਟਿਆਲਾ ਰੇਂਜ ਦੱਸਿਆ ਕਿ ਐੱਸਐੱਸਪੀ ਸੰਗਰੂਰ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਐੱਸਪੀ ਡੀ ਪਲਵਿੰਦਰ ਸਿੰਘ ਚੀਮਾਂ ਅਤੇ ਡੀਐੱਸਪੀ ਦਿੜਬਾ ਪ੍ਰਿਥਵੀ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਮੁੱਖ ਅਫ਼ਸਰ ਥਾਣਾ ਛਾਜਲੀ ਪ੍ਰਤੀਕ ਜਿੰਦਲ ਇਤਲਾਹ ਮਿਲਣ ’ਤੇ ਸਮੇਤ ਪੁਲੀਸ ਪਾਰਟੀ ਮਹਿਲਾਂ ਚੌਕ ਪੁੱਜੇ, ਜਿਥੋਂ 2 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਜਦੋਂ ਤਲਾਸ਼ੀ ਲਈ ਤਾਂ ਬੈਗ ਵਿਚੋਂ 30 ਅਤੇ 32 ਬੋਰ ਦੇ 21 ਪਿਸਟਲ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਰੌਕ ਉਰਫ਼ ਰੋਹਿਤ ਅਤੇ ਕਰਨ ਸ਼ਰਮਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਬਲਜਿੰਦਰ ਸਿੰਘ ਖਿਲਾਫ਼ ਪਹਿਲਾਂ ਹੀ 17 ਕੇਸ ਦਰਜ ਹਨ। ਇਹ ਦੋਵੇਂ ਲੁਧਿਆਣਾ ਤੋਂ ਮੱਧ ਪ੍ਰਦੇਸ਼ ਵਿਖੇ ਨਾਜਾਇਜ਼ ਅਸਲਾ ਲੈਣ ਗਏ ਸੀ, ਜਿਥੋਂ ਉਹ ਵਾਪਸ ਆਉਂਦੇ ਹੋਏ ਬੱਸ ਬਦਲਣ ਲਈ ਮਹਿਲਾ ਚੌਕ ਉਤਰੇ ਸਨ। ਇਹ ਗੱਲ ਸਾਹਮਣੇ ਆਈ ਕਿ ਇਹ ਅਸਲਾ ਰਾਜੀਵ ਕੌਸ਼ਲ ਉਰਫ਼ ਗੁੱਗੂ ਉਰਫ਼ ਗੁਗਲੂ ਵਾਸੀ ਦੇਹਲਾ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਨੇ ਮੰਗਵਾਇਆ ਸੀ ਅਤੇ ਉਸਨੇ ਹੀ ਮੱਧ ਪ੍ਰਦੇਸ਼ ਦੇ ਗੈਰਕਾਨੂੰਨੀ ਹਥਿਆਰ ਬਣਾਉਣ ਵਾਲੇ ਬੰਦੇ ਨਾਲ ਰਾਬਤਾ ਕਰਾਇਆ ਸੀ। ਮੱਧ ਪ੍ਰਦੇਸ਼ ਆਉਣ-ਜਾਣ ਅਤੇ ਹੋਰ ਖਰਚਿਆਂ ਦੇ ਸਬੰਧ ਵਿਚ ਰਾਜੀਵ ਕੌਸ਼ਲ ਦੇ ਇਸ਼ਾਰੇ ’ਤੇ ਪੈਸੇ ਟਰਾਂਸਫਰ ਕਰਨ ਵਾਲੇ ਹੇਮੰਤ ਮਨਹੋਤਾ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਰਾਜੀਵ ਕੌਂਸਲ ਉਰਫ਼ ਗੁੱਗੂ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਹੈ, ਜਿਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ 19 ਕੇਸ ਦਰਜ ਹਨ। ਇਸਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕਰ ਲਿਆ ਹੈ। ਅਸਲਾ ਮੰਗਵਾਉਣ ਲਈ ਜੇਲ੍ਹ ’ਚ ਵਰਤਿਆ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ। ਏਡੀਜੀਪੀ ਅਨੁਸਾਰ ਰਾਜੀਵ ਕੌਸ਼ਲ ਤੋਂ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਦਾ ਰਾਬਤਾ ਰਵੀ ਬਲਾਚੌਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗਾਂ ਦੇ ਕੁੱਝ ਅਪਰਾਧੀਆਂ ਨਾਲ ਹੈ। ਰਵੀ ਬਲਾਚੌਰੀਆ ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਹੈ। ਰਾਜੀਵ ਨੇ ਰਵੀ ਬਲਾਚੌਰੀਆ ਦੇ ਕਹਿਣ ’ਤੇ ਹੀ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸੀ ਜਿਨ੍ਹਾਂ ਨੂੰ ਅੱਗੇ ਮੁਹਾਲੀ, ਖਰੜ ਅਤੇ ਨਵਾਂ ਸ਼ਹਿਰ ਦੇ ਵੱਖ-ਵੱਖ ਅਪਰਾਧੀਆਂ ਨੂੰ ਸਪਲਾਈ ਕੀਤਾ ਜਾਣਾ ਸੀ। ਇਸ ਤੋਂ ਇਲਾਵਾ ਸੰਗਰੂਰ ਪੁਲੀਸ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਰਹਾਨਪੁਰ ਤੋਂ ਹਥਿਆਰ ਬਣਾਉਣ ਵਾਲੇ ਵਿਅਕਤੀ ਤੋਂ ਹਥਿਆਰ ਲੈ ਕੇ ਅੱਗੇ ਦੋਵੇਂ ਮੁਲਜ਼ਮਾਂ ਤੱਕ ਪਹੁੰਚਾਉਣ ਵਾਲੇ ਕੋਰੀਅਰ ਗੁੱਡੂ ਬਰੇਲਾ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ਨੂੰ ਹਲ ਕਰਨ ਲਈ ਇੰਸਪੈਕਟਰ ਅਮਰੀਕ ਸਿੰਘ ਇੰਚਾਰਜ ਸੀਆਈਏ ਸਟਾਫ਼ ਸੰਗਰੂਰ, ਐੱਸਐੱਚਓ ਛਾਜਲੀ ਪ੍ਰਤੀਕ ਜਿੰਦਲ ਅਤੇ ਐੱਸਐੱਚਓ ਦਿੜਬਾ ਸੰਦੀਪ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ।

The post ਸੰਗਰੂਰ ਪੁਲੀਸ ਨੇ ਮੱਧ ਪ੍ਰਦੇਸ਼ ਤੋਂ 21 ਪਿਸਟਲ ਲਿਆਉਣ ਵਾਲੇ ਅੰਤਰਰਾਜੀ ਗਰੋਹ ਦੇ 2 ਮੈਂਬਰਾਂ ਸਣੇ 5 ਗ੍ਰਿਫ਼ਤਾਰ ਕੀਤੇ appeared first on punjabitribuneonline.com.


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …