Home / Punjabi News / ਸਾਡੇ ਹੱਥਲੇ ਕਾਗਜ਼ ਦਾ ਸਫਰ

ਸਾਡੇ ਹੱਥਲੇ ਕਾਗਜ਼ ਦਾ ਸਫਰ

ਸਾਡੇ ਹੱਥਲੇ ਕਾਗਜ਼ ਦਾ ਸਫਰ

ਹਰਜੀਤ ਅਟਵਾਲ 
ਸ਼ਾਇਦ ਤੁਸੀਂ ਬਚਪੱਨ ਵਿੱਚ ਕਾਗਜ਼ ਦੇ ਜਹਾਜ਼ ਚਲਾਏ ਹੋਣ ਜਾਂ ਪਾਣੀ ਵਿੱਚ ਕਾਗਜ਼ ਦੀ ਕਿਸ਼ਤੀ ਜਾਂ ਫਿਰ ਕਿਸੇ ਨੂੰ ਪ੍ਰੇਮ-ਪਤਰ ਹੀ ਲਿਖਿਆ ਹੋਵੇ ਪਰ ਸ਼ਾਇਦ ਹੀ ਕਦੇ ਸੋਚਿਆ ਹੋਵੇ ਕਿ ਇਹ ਕਾਗਜ਼ ਤੁਹਾਡੇ ਹੱਥਾਂ ਤੱਕ ਇਕ ਲੰਮਾ, ਦਿਲਚਸਪ ਤੇ ਗੌਰਵਮਈ ਸਫਰ ਤੈਅ ਕਰਦਾ ਕਿਵੇਂ ਪੁੱਜਦਾ ਹੈ। ਕਾਗਜ਼ ਹੈ ਕੀ? ਇਹ ਪਤਲਾ ਜਿਹਾ ਇਕ ਪਦਾਰਥ ਜੋ ਮੁੱਖ ਤੌਰ ‘ਤੇ ਲਿਖਣ ਤੇ ਪਰਿੰਟ ਕਰਨ ਦੇ ਕੰਮ ਆਉਂਦਾ ਹੈ ਪਰ ਇਹ ਹੋਰ ਵੀ ਬਹੁਤ ਸਾਰੇ ਕੰਮਾਂ ਲਈ ਵਰਤਿਆ ਜਾਂਦਾ ਹੈ ਜਿਵੇਂ ਚੀਜ਼ ਲਪੇਟਣ ਜਾਂ ਪੈਕਜਿੰਗ ਲਈ, ਸਫਾਈ ਲਈ ਆਦਿ। ਇਸਦੇ ਬੈਗ, ਕੱਪ-ਪਲੇਟਾਂ ਤੇ ਪਤਾ ਨਹੀਂ ਹੋਰ ਕੀ-ਕੀ ਬਣਦਾ ਹੈ। ਕਾਗਜ਼ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹੈ। ਆਮ ਤੌਰ ‘ਤੇ ਇਹ ਚਿੱਟੇ ਰੰਗ ਵਿੱਚ ਉਪਲਭਦ ਹੈ ਪਰ ਹੋਰ ਰੰਗਾਂ ਵਿੱਚ ਵੀ ਮਿਲਦਾ ਹੈ। ਕਾਗਜ਼ ਦਾ ਅਸਲੀ ਰੰਗ ਮੱਧ-ਯੌਰਪੀ ਇਨਸਾਨੀ-ਚਮੜੀ ਦੇ ਰੰਗ ਵਰਗਾ ਦਾਖੀ ਹੁੰਦਾ ਹੈ ਪਰ ਇਸਨੂੰ ਬਲੀਚ ਤੇ ਹੋਰ ਰਸਾਇਣ ਪਾ ਕੇ ਸਫੈਦ ਕਰ ਲਿਆ ਜਾਂਦਾ ਹੈ।
ਕਾਗਜ਼ ਮੁੱਖ ਤੌਰ ‘ਤੇ ਬਨਸਪਤੀ ਤੋਂ ਬਣਦਾ ਹੈ ਜਿਵੇਂ ਘਾਹ, ਰੁੱਖ ਆਦਿ। ਤੁਸੀਂ ਦੇਖਿਆ ਹੋਵੇਗਾ ਕਿ ਅਲਮਾਰੀਆਂ ਵਿੱਚ ਪਏ-ਪਏ ਰਸਾਲੇ, ਅਖਬਾਰਾਂ ਆਦਿ ਇਕ ਸਮੇਂ ਬਾਅਦ ਰੰਗ ਬਦਲਣ ਲਗਦੇ ਹਨ, ਇਸਦਾ ਕਾਰਨ ਇਸਦੇ ਲਕੜ ਤੋਂ ਬਣੇ ਹੋਏ ਹੁੰਦਾ ਹੈ। ਲਕੜ ਕਾਰਬੋਹਾਈਡਰੇਟ ਤੋਂ ਬਣੀ ਹੁੰਦੀ ਹੈ। ਇਸ ਕਾਰਬੋਹਾਈਡਰੇਟ ਵਿੱਚ ਸੋਲੂਲੋਜ਼ ਤੇ ਲਿਗਨਿਨ ਹੁੰਦੇ ਹਨ। ਇਕ ਸਮੇਂ ਤੋਂ ਬਾਅਦ ਲਿਗਨਿਨ ਦੇ ਅਣੂ ਟੁੱਟਣੇ ਸ਼ੁਰੂ ਹੋ ਜਾਂਦੇ ਹਨ ਤੇ ਕਈ ਤਰ੍ਹਾਂ ਦੇ ਫਿਨੋਲਿਕ-ਤੇਜ਼ਾਬ ਬਣਨ ਲਗਦੇ ਹਨ। ਇਹਨਾਂ ਫਿਨੋਲਿਕ-ਤੇਜ਼ਾਬਾਂ ਦਾ ਰੰਗ ਹਲਕਾ ਦਾਖੀ ਹੁੰਦਾ ਹੈ ਇਸ ਲਈ ਕਾਗਜ਼ ਰੰਗ ਬਦਲਣਾ ਲਗਦਾ ਹੈ। ਇਹ ਫਿਨੋਲਿਕ-ਤੇਜ਼ਾਬ ਅੱਗੇ ਸੈਲੂਲੋਜ਼ ਨਾਲ ਕਿਰਿਆ ਕਰਦੇ ਹਨ ਤੇ ਕਾਗਜ਼ ਕਮਜ਼ੋਰ ਤੇ ਟੁੱਟਣਸ਼ੀਲ ਹੋ ਜਾਂਦਾ ਹੈ। ਸੋ ਇਸਦੀ ਵਿਸ਼ੇਸ਼ ਸੰਭਾਲ ਰੱਖਣ ਦੀ ਲੋੜ ਪੈਂਦੀ ਹੈ।
ਕਾਗਜ਼ ਮਨੁੱਖ ਦੇ ਅਭਿਵਿਅਕਤ ਕਰਨ ਜਾਂ ਸੁਨੇਹਾ ਦੇਣ ਜਾਂ ਆਪਣੀ ਗੱਲ ਕਹਿਣ ਲਈ ਸਭ ਤੋਂ ਵਧੀਆ ਸਾਧਨ ਹੈ ਚਾਹੇ ਫਿਦਾ ਹੁਸੈਨ ਨੇ ਤਸਵੀਰ ਬਣਾਕੇ ਕੁਝ ਕਹਿਣਾ ਹੋਵੇ ਜਾਂ ਨਾਨਕ ਸਿੰਘ ਨੇ ਨਾਵਲ ਲਿਖਕੇ। ਪੱਥਰ-ਯੁੱਗ ਤੋਂ ਹੀ ਇਨਸਾਨ ਪੱਥਰਾਂ, ਰੇਤ, ਗੁਫਾਵਾਂ ਦੀਆਂ ਕੰਧਾਂ ਤੇ ਚਿੱਤਰ ਬਣਾ ਕੇ ਜਾਂ ਕੋਈ ਹੋਰ ਤਰੀਕਾ ਲੱਭ ਕੇ ਆਪਣੀ ਗੱਲ ਕਹਿੰਦਾ ਆਇਆ ਹੈ। ਫਿਰ ਜਦ ਮਨੁੱਖ ਕੋਲ ਲਿੱਪੀ ਆਈ ਤਾਂ ਉਹ ਇਸਨੂੰ ਪੱਥਰ ਦੀਆਂ ਸਲੈਬਾਂ ਬਣਾ ਕੇ ਇਹਨਾਂ ‘ਤੇ ਖੁਣਨ ਲੱਗਾ। ਪੱਥਰ ‘ਤੇ ਖੁਣਨ ਲਈ ਇਕ ਵਾਧੂ ਕਲਾ ਲੋੜੀਂਦੀ ਸੀ। ਫਿਰ ਉਹ ਮਿੱਟੀ ਨੂੰ ਗੁੰਨ੍ਹ ਕੇ ਉਸ ਦੀਆਂ ਸਲੈਬਾਂ ਜਾਂ ਅੱਜ ਦੀ ਬੋਲੀ ਵਿੱਚ ਟੈਬਲਿਟ ਬਣਾ ਕੇ ਉਸ ਉਪਰ ਲਿਖਣ ਲੱਗ ਪਿਆ। ਸਮੇਂ ਨਾਲ ਉਸਦੇ ਲਿਖਣ ਦੇ ਸਾਧਨ ਵੀ ਬਦਲਦੇ ਗਏ। ਕਦੇ ਉਹ ਕਪੜੇ ‘ਤੇ ਲਿਖਦਾ, ਕਦੇ ਜਾਨਵਰਾਂ ਦੀਆਂ ਖੱਲਾਂ ‘ਤੇ, ਕਦੇ ਉਹ ਕੇਲੇ-ਤਾੜ ਦੇ ਪੱਤਿਆਂ ‘ਤੇ ਤੇ ਕਦੇ ਤਾਂਬਾ ਜਾਂ ਕਿਸੇ ਹੋਰ ਧਾਂਤ ‘ਤੇ। ਪੁਰਾਣੇ ਪੁਰਾਣੇ ਗਰੰਥ ਇਵੇਂ ਲਿਖੇ ਹੀ ਮਿਲਦੇ ਹਨ।
ਅੱਜ ਤੋਂ ਪੰਜ ਕੁ ਹਜ਼ਾਰ ਸਾਲ ਪਹਿਲਾਂ (2700ਬੀਸੀ) ਮਿਸਰ ਵਿੱਚ ਕਾਗਜ਼ ਦੀ ਕਾਢ ਕੱਢੀ ਗਈ। ਇਹ ਕਾਗਜ਼ ਪੈਪੇਅਰਸ ਨਾਂ ਦੇ ਘਾਹ ਜਾਂ ਛੋਟੇ ਪੌਦੇ ਤੋਂ ਬਣਦਾ ਸੀ। ਕਾਗਜ਼ ਲਈ ਅੰਗਰੇਜ਼ੀ ਵਿੱਚ ਵਰਤਿਆ ਜਾਂਦਾ ਸ਼ਬਦ ‘ਪੇਪਰ’ ਪੈਪੇਅਰਸ ਤੋਂ ਹੀ ਬਣਿਆਂ ਹੈ। ਪੈਪੇਅਰਸ ਦਾ ਘੋਲ਼ ਬਣਾ ਕੇ ਇਸਨੂੰ ਚਪਟਾ ਕਰਕੇ ਸੁਕਾ ਲਿਆ ਜਾਂਦਾ ਤੇ ਇਸਨੂੰ ਲਿਖਣ ਲਈ ਵਰਤਿਆ ਜਾਂਦਾ ਪਰ ਇਹ ਪੇਪਰ ਖੁਰਦਰਾ ਜਿਹਾ ਹੁੰਦਾ ਸੀ। ਅੱਜ ਵਾਲਾ ਬਰੀਕ ਪੇਪਰ ਕੋਈ ਪੱਚੀ ਸੌ ਸਾਲ ਪਹਿਲਾਂ ਚੀਨ ਵਿੱਚ ਖੋਜ ਕੀਤਾ ਗਿਆ ਸੀ। ਇਸਤੋਂ ਕਾਫੀ ਸਮਾਂ ਪਹਿਲਾਂ ਚੀਨ ਵਿੱਚ ਕਪੜੇ ਉਪਰ ਲਿਖਣ ਦਾ ਕੰਮ ਸ਼ੁਰੂ ਹੋਇਆ ਸੀ। ਮੌਜੂਦਾ ਪੇਪਰ ਦੀ ਕਾਢ ਵੇਲੇ ਚੀਨ ਵਿੱਚ ‘ਹੈਨ ਰਾਜਵੰਸ਼’ ਦਾ ਰਾਜ ਸੀ। ਇਸਦਾ ਖੋਜਕਾਰ ਚਾਏ ਲੁਨ ਸੀ। ਚਾਏ ਲੁਨ ਲੀ-ਯੈਂਗ ਸ਼ਹਿਰ ਵਿੱਚ ਇਕ ਅਦਾਲਤ ਅਧਿਕਾਰੀ ਸੀ। ਉਸਨੇ ਰੁੱਖਾਂ ਦੇ ਤਣੇ ਦੀਆਂ ਛਿੱਲਾਂ, ਰੱਸੀਆਂ ਦੇ ਟੋਟੇ, ਕਪੜੇ ਦੀਆਂ ਲੀਰਾਂ, ਮੱਛੀਆਂ ਫੜਨ ਵਾਲੇ ਪਾਟੇ ਜਾਲ਼ਾਂ ਦੇ ਹਿੱਸੇ ਵਰਗੀਆਂ ਫਜ਼ੂਲ ਜਿਹੀਆਂ ਚੀਜ਼ਾਂ ਲਈਆਂ ਤੇ ਉਸਨੇ ਲਕੜੀ ਬਾਲ਼ ਕੇ ਇਹਨਾਂ ਚੀਜ਼ਾਂ ਨੂੰ ਇਕ ਵਰਤਣ ਵਿੱਚ ਉਬਾਲ ਲਿਆ ਤੇ ਇਕ ਸੰਘਣਾ ਜਿਹਾ ਲੇਸਦਾਰ-ਮਾਦਾ ਤਿਆਰ ਕਰ ਲਿਆ। ਫਿਰ ਇਸ ਮਾਦੇ ਨੂੰ ਇਕ ਵੇਲਣੇ ਵਿੱਚ ਦੀ ਲੰਘਾ ਕੇ ਇਸ ਵਿਚੋਂ ਪਾਣੀ ਕੱਢ ਦਿੱਤਾ ਗਿਆ ਤੇ ਇਸਨੂੰ ਸੁਕਾ ਕੇ ਇਸਦਾ ਪਤਲਾ ਜਿਹਾ ਕਾਗਜ਼ ਤਿਆਰ ਕਰ ਲਿਆ ਗਿਆ ਜੋ ਕੁਝ ਲਿਖਣ ਜਾਂ ਚਿਤਰਣ ਦੇ ਪੂਰੀ ਤਰ੍ਹਾਂ ਕਾਬਲ ਸੀ। ਇਹ ਉਸ ਵੇਲੇ ਦੀ ਵੱਡੀ ਪ੍ਰਾਪਤੀ ਸੀ। ਇਹ ਮੈਟਰ ਜਾਂ ਕਾਗਜ਼ ਸੌਖਿਆਂ ਸਾਂਭਣਯੋਗ ਤੇ ਲੰਮੀ ਉਮਰ ਵਾਲਾ ਸੀ ਜਿਸਨੂੰ ਭਾਰੀ-ਮਾਤਰਾ ਵਿੱਚ ਥੋੜੀ ਜਿਹੀ ਜਗਾਹ ਵਿੱਚ ਹੀ ਰਖਿਆ ਜਾ ਸਕਦਾ ਸੀ ਜਦਕਿ ਤਾੜ ਜਾਂ ਕੇਲੇ ਦੇ ਪੱਤੇ ਬਹੁਤ ਜਗਾਹ ਮੰਗਦੇ, ਸੰਭਾਲਣੇ ਔਖੇ ਹੋ ਜਾਂਦੇ। ਚਾਏ ਲੁਨ ਦੀ ਇਸ ਕਾਢ ਨੇ ਲਿਖਣ, ਪੜ੍ਹਨ ਤੇ ਗਿਆਨ ਵੰਡਣ ਦੇ ਖੇਤਰ ਵਿੱਚ ਕ੍ਰਾਂਤੀ ਲੈ ਆਂਦੀ। ਪਰ ਹੋਰਨਾਂ ਕਾਢਾਂ ਵਾਂਗ ਚੀਨੀਆਂ ਨੇ ਇਹ ਕਾਢ ਵੀ ਕਈ ਸਦੀਆਂ ਤੱਕ ਦੁਨੀਆ ਤੋਂ ਲੁਕਾਈ ਰੱਖੀ।
ਚੀਨ ਤੋਂ ਬਾਅਦ ਕਾਗਜ਼ ਬਣਾਉਣ ਦਾ ਗਿਆਨ ਤੀਜੀ ਸਦੀ ਤੱਕ ਕਿਸੇ ਨਾ ਕਿਸੇ ਤਰ੍ਹਾਂ ਕੋਰੀਆ ਵਿੱਚ ਪੁੱਜਿਆ। ਕੋਰੀਆ ਤੋਂ ਜਪਾਨ ਘੁੰਮਣ ਗਿਆ ਡੌਨ-ਚੂ ਨਾਮਕ ਸੰਨਿਆਸੀ ਕਾਗਜ਼ ਬਣਾਉਣ ਦੀ ਕਲਾ ਉਥੇ ਲੈ ਗਿਆ। ਇਹ ਸੰਨ 610 ਦੀ ਗੱਲ ਹੈ। ਬੁੱਧ-ਧਰਮ ਨੂੰ ਜਪਾਨ ਪੁੱਜੇ ਨੂੰ ਹਾਲੇ ਛੇ ਸਾਲ ਹੀ ਹੋਏ ਸਨ। ਬੁੱਧ-ਧਰਮ ਨੂੰ ਫੈਲਾਉਣ ਵਿੱਚ ਕਾਗਜ਼ ਨੇ ਬਹੁਤ ਕੰਮ ਕੀਤਾ। ਬੁੱਧ ਧਰਮ ਤੋਂ ਬਾਅਦ ਇਸਲਾਮ ਦੇ ਫੈਲਣ ਵਿੱਚ ਵੀ ਕਾਗਜ਼ ਦੀ ਕਾਢ ਬਹੁਤ ਸਹਾਈ ਸਿੱਧ ਹੋਈ। ਕਾਗਜ਼ ਨਿਰਮਾਣ ਦਾ ਗਿਆਨ ਛੇਵੀਂ ਸਦੀ ਤੱਕ ਭਾਰਤ ਤੇ ਵੀਤਨਾਮ ਵਿੱਚ ਵੀ ਪੁੱਜ ਗਿਆ ਸੀ। ਵੈਸੇ ਕਾਗਜ਼ ਦੇ ਕੁਝ ਬਦਲ ਉਸ ਵੇਲੇ ਤੱਕ ਭਾਰਤ ਵਿੱਚ ਵਰਤੇ ਜਾ ਰਹੇ ਸਨ। ਇਹ ਕਲਾ ਯੌਰਪ ਵਿੱਚ ਬਹੁਤ ਖੁੰਝ ਕੇ ਪੁੱਜਦੀ ਹੈ। ਗਿਆਰਵੀਂ-ਸਦੀ ਵਿੱਚ ਅਰਬ ਕਾਗਜ਼ ਬਣਾਉਣ ਦੀ ਜਾਣਕਾਰੀ ਸਿਸਲੀ ਤੇ ਸਪੇਨ ਵਿੱਚ ਲੈਕੇ ਗਏ। ਇਕ ਸਮੇਂ ਕਾਗਜ਼ ਚੌਲਾਂ ਦੀ ਪਿੱਛ ਤੋਂ ਵੀ ਬਣਦਾ ਸੀ ਪਰ ਰੋਮ ਦੇ ਬਾਦਸ਼ਾਹ ਫਰੈਡਰਿਕ ਨੇ ਇਸਨੂੰ ਵਰਤਣ ਦੀ ਮਨਾਹੀ ਕਰ ਦਿੱਤੀ ਕਿਉਂਕਿ ਇਸ ਪੇਪਰ ਨੂੰ ਕੀੜਾ ਲੱਗ ਜਾਂਦਾ ਸੀ। ਕੀੜਾ ਜਾਂ ਸਿਓਂਕ ਕਾਗਜ਼ ਨੂੰ ਅੱਜ ਵੀ ਲੱਗ ਜਾਂਦੀ ਹੈ ਇਸ ਲਈ ਇਸਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਪੇਪਰ ਨੂੰ ਕੀੜੇ ਤੋਂ ਬਚਾਉਣ ਲਈ ਇਸਦੇ ਘੋਲ਼ ਵਿੱਚ ਜੈਲਟੀਨ ਵਰਗੇ ਰਸਾਇਣ ਪਾਏ ਜਾਂਦੇ ਹਨ।
ਬਰਤਾਨੀਆ, ਫਰਾਂਸ, ਇਟਲੀ ਤੇ ਜਰਮਨੀ ਵਿੱਚ ਕਾਗਜ਼ ਬਣਾਉਣ ਦਾ ਗਿਆਨ ਪੰਦਰਵੀਂ-ਸਦੀ ਵਿੱਚ ਪਹੁੰਚਦਾ ਹੈ। 1490 ਵਿੱਚ ਬਰਤਾਨੀਆ ਦੇ ਹਾਰਟਫੋਰਡਸ਼ਾਇਰ ਇਲਾਕੇ ਵਿੱਚ ਪਹਿਲੀ ਪੇਪਰ-ਮਿੱਲ ਲਗਦੀ ਹੈ। ਉਸਤੋਂ ਬਾਅਦ ਤਾਂ ਯੌਰਪ ਭਰ ਵਿੱਚ ਪੇਪਰ ਮਿੱਲਾਂ ਹੋਂਦ ਵਿੱਚ ਆ ਗਈਆਂ। ਉਸ ਵੇਲੇ ਤੱਕ ਇਸਦੀ ਮੰਗ ਵੀ ਬਹੁਤ ਵੱਧ ਗਈ ਸੀ। ਪੁਰਾਣੇ ਲਿਖਤੀ ਮਸੌਦੇ ਨੂੰ ਪੇਪਰ-ਬੁੱਕ ਦੇ ਰੂਪ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਗਿਆ ਸੀ। ਸਮੇਂ ਦੇ ਨਾਲ ਕਾਗਜ਼ ਬਾਣਉਣ ਦੇ ਸਾਧਨਾਂ ਵਿੱਚ ਆਏ ਦਿਨ ਆਏ ਦਿਨ ਤਰੱਕੀ ਹੁੰਦੀ ਆਈ ਹੈ। ਇਸਨੂੰ ਸਸਤਾ ਤੇ ਜਲਦੀ ਬਣਾਉਣ ਦੇ ਰਾਹ ਲੱਭੇ ਜਾਂਦੇ ਰਹੇ ਹਨ। ਜੋ ਅੱਜ ਦਾ ਉਚ-ਪੱਧਰ ਦਾ ਕਾਗਜ਼ ਹੈ ਇਸਦਾ ਨਿਰਮਾਣ ਅਠਾਰਵੀਂ-ਸਦੀ ਵਿੱਚ ਸ਼ੁਰੂ ਹੋਇਆ।
ਮਸ਼ਹੂਰ ਯਾਤਰੀ ਮਾਰਕੋ ਪੋਲੋ ਤੇਰਵੀਂ-ਸਦੀ ਵਿੱਚ ਚੀਨ ਵਿੱਚ ਆਇਆ। ਉਹ ਉਥੇ ਕਾਗਜ਼ ਦੀ ਕਰੰਸੀ ਦੇਖ ਕੇ ਹੈਰਾਨ ਰਹਿ ਗਿਆ। ਉਹ ਲਿਖਦਾ ਹੈਕਿ ‘ਚੀਨੀ ਲੋਕ ਕਾਗਜ਼ ਦੇ ਇਕ ਟੁੱਕੜੇ ਨਾਲ ਕੁਝ ਵੀ ਖਰੀਦ ਸਕਦੇ ਹਨ, ਇਸਦਾ ਭਾਰ ਵੀ ਨਹੀਂ ਹੁੰਦਾ।’ ਯੌਰਪ ਵਿੱਚ ਸਭ ਤੋਂ ਪੁਰਾਣਾ ਕਾਗਜ਼ੀ ਦਾਤਾਵੇਜ਼ ਜਿਸਨੂੰ ‘ਮਿਸਲ ਔਫ ਸਿਲੋਸ’ ਕਿਹਾ ਜਾਂਦਾ ਹੈ, ਗਿਆਰਵੀਂ-ਸਦੀ ਵਿੱਚ ਮਿਲਦਾ ਹੈ। ਸਪੇਨ ਵਿੱਚ ਪਾਣੀ ਵਾਲੀ ਚੱਕੀ ਨਾਲ ਕਾਗਜ਼ ਤਿਆਰ ਕੀਤਾ ਜਾਂਦਾ ਸੀ ਜਿਸਨੂੰ ਹਾਈਡਰੌਲਿਕ ਟੈਕਨੌਲੋਜੀ ਆਖਦੇ ਸਨ। ਪੇਪਰ ਤਿਆਰ ਕਰਨ ਦੀ ਇਹ ਵਿਧੀ ਬਹੁਤ ਬੁਦਬੂ ਵਾਲੀ ਸੀ। ਅਠਾਰਵੀਂ-ਸਦੀ ਵਿੱਚ ਇਕ ਫਰਾਂਸੀਸੀ ਕੈਮਿਸਟ ਨਿਕੋਲਸ ਲੂਈਸ ਰਾਬਰਟ ਨੇ ਇਸਦੀ ਪ੍ਰਕਿਰਿਆ ਵਿੱਚ ਸੁਧਾਰ ਕੀਤੇ। ਉਸਨੇ ਹੀ ਕਰੀਮੀ ਜਾਂ ਸਕਿੰਨ-ਕਲਰ ਦੇ ਕਾਗਜ਼ ਨੂੰ ਰਸਾਇਣਾਂ ਦੀ ਵਰਤੋਂ ਕਰਕੇ ਸਫੈਦ ਬਣਾਇਆ। 1803 ਵਿੱਚ ਯੌਰਪ ਵਿੱਚ ਪੇਪਰ ਬਣਾਉਣ ਵਾਲੀ ਮਸ਼ੀਨ ਹੋਂਦ ਵਿੱਚ ਆ ਗਈ। ਉਨੀਵੀਂ-ਸਦੀ ਵਿੱਚ ਆਈ ਉਦਯੋਗਿਕ ਕ੍ਰਾਂਤੀ ਕਾਰਨ ਤਾਂ ਕਾਗਜ਼ ਦੀ ਮੰਗ ਬਹੁਤ ਵਧ ਗਈ। ਛੇਤੀ ਹੀ ਕਾਗਜ਼ ਦੀ ਮੰਗ ਏਨੀ ਹੋ ਗਈਕਿ ਇਹ ਆਪਣੇ ਆਪ ਵਿੱਚ ਇਕ ਸੰਪੂਰਨ ਉਦਯੋਗ ਬਣ ਗਿਆ। 1630 ਵਿੱਚ ਕਾਗਜ਼ ਦੇ ਬੈਗ ਬਣਨੇ ਸ਼ੁਰੂ ਹੋ ਗਏ ਸਨ। ਇਕ ਅਮਰੀਕਨ ਰਾਬਰਟ ਗੇਅਰ ਨੇ 1870 ਵਿੱਚ ਗੱਤੇ ਦੇ ਡੱਬੇ ਬਣਾਉਣ ਦੀ ਕਾਢ ਕੱਢੀ। 1904 ਵਿੱਚ ਕਾਗਜ਼ ਦੀਆਂ ਪਲੇਟਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ। 1838 ਵਿੱਚ ਹੈਲੀਫੈਕਸ ਦੇ ਚਾਰਲਸ ਫਿਨਰਟੀ ਨੇ ਲਕੜੀ ਦੀ ਮਿੱਝ ਤੋਂ ਪੇਪਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ। 1801 ਵਿੱਚ ਇਕ ਇਟਾਲੀਅਨ ਪੈਲੇਗਰੀਨੋ ਟੁਰੀ ਨੇ ਟਰੇਸਿੰਗ ਪੇਪਰ ਦੀ ਕਾਢ ਕੱਢੀ ਜੋ ਲਿਖਤ ਨੂੰ ਕਾਪੀ ਕਰਨ ਦੇ ਕੰਮ ਆਉਂਦਾ ਸੀ। ਇਹ ਕਾਗਜ਼ ਦੇ ਇਕ ਪਾਸੇ ਖਾਸ ਤਰੀਕੇ ਨਾਲ ਸਿਆਹੀ ਚਿਪਕਾਈ ਜਾਂਦੀ ਸੀ। ਅੱਜ ਦੀ ਤਰੀਕ ਵਿੱਚ ਭਾਵੇਂ ਪੇਪਰ ਬਣਾਉਣ ਵਿੱਚ ਬਹੁਤ ਤਰੱਕੀ ਹੋਈ ਹੈ ਪਰ ਇਸਦਾ ਮੁਢਲਾ ਢੰਗ ਉਹੀ ਹੈ ਜਿਹੜਾ ਚੀਨੀਆਂ ਨੇ ਸ਼ੁਰੂ ਕੀਤਾ ਸੀ।
ਕਾਗਜ਼ ਦੇ ਨਾਲ-ਨਾਲ ਸ਼ਿਆਹੀ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਹੈ। ਵਧੀਆ ਸਿਆਹੀ ਦੀ ਕਾਢੀ ਵੀ ਪੇਪਰ ਦੇ ਨੇੜੇ-ਤੇੜੇ ਚੀਨ ਵਿੱਚ ਹੀ ਨਿਕਲੀ ਤੇ ਕਲਮ ਦੀ ਵੀ। ਕਲਮ ਤਾਂ ਸਭ ਤੋਂ ਪਹਿਲਾਂ ਖੰਭਾਂ ਦੀ ਬਣਾਈ ਜਾਂਦੀ ਮਿਲਦੀ ਹੈ। ਸਿਆਹੀ ਗੂੰਦ, ਜਾਨਵਰਾਂ ਦੇ ਖੂਨ ਤੇ ਦਰਖਤਾਂ ਦੇ ਸੱਕਾਂ ਨਾਲ ਬਣਦੀ ਸੀ। ਪਾਈਨ-ਟਰੀ ਸਿਆਹੀ ਲਈ ਸਭ ਤੋਂ ਵਧੀਆ ਗਿਣਿਆਂ ਜਾਂਦਾ ਹੈ। ਦੱਖਣੀ ਭਾਰਤ ਦੇ ਮੰਦਿਰਾਂ ਵਿੱਚ ਹਜ਼ਾਰਾਂ ਸਾਲ ਪਹਿਲਾਂ ਲਿਖੀਆਂ ਇਬਾਰਤਾਂ ਦੀ ਸਿਆਹੀ ਹਾਲੇ ਵੀ ਕਾਇਮ ਹੈ। ਇਵੇਂ ਹੀ ਗੁਫਾਵਾਂ ਵਿੱਚ ਰਹਿੰਦੇ ਮਨੁੱਖ ਨੇ ਜੋ ਉਸ ਵੇਲੇ ਚਿਤਰਿਆ ਸੀ ਅੱਜ ਵੀ ਮਿਲਦਾ ਹੈ।
ਕਾਗਜ਼ ਦੀ ਯਾਤਰਾ ਬਹੁਤ ਦਿਲਚਸਪ ਹੈ ਪਰ ਇਸਨੂੰ ਬਣਾਉਣ ਦੇ ਕੁਝ ਕੋਹਝੇ ਪੱਖ ਵੀ ਹਨ ਜੋ ਦੁਖਦਾਈ ਹਨ। ਇਕੱਲੇ ਅਮਰੀਕਾ ਵਿੱਚ ਹੀ ਕਾਗਜ਼ ਬਣਾਉਣ ਲਈ ਹਰ ਸਾਲ 6 ਕਰੋੜ ਅੱਠ ਲੱਖ ਦਰਖਤ ਕੱਟੇ ਜਾਂਦੇ ਹਨ। ਜ਼ਰਾ ਅੰਦਾਜ਼ਾ ਲਾਓ ਕਿ ਇਸਦਾ ਵਾਤਾਵਰਣ ਉਪਰ ਕੀ ਅਸਰ ਪੈਂਦਾ ਹੋਵੇਗਾ। ਏ-5 ਦੇ ਕਾਗਜ਼, ਜੋਕਿ ਲਗਭਗ ਕਿਤਾਬ ਦੇ ਇਕ ਸਫੇ ਦੇ ਬਰਾਬਰ ਹੁੰਦਾ ਹੈ, ਨੂੰ ਬਣਾਉਣ ਲਈ ਚਾਰ-ਲੀਟਰ ਪਾਣੀ ਲਗਦਾ ਹੈ। ਜੇ ਵੱਡੀ ਪੱਧਰ ਦੀ ਗੱਲ ਕਰੀਏ ਤਾਂ ਇਕ-ਟਨ ਪੇਪਰ ਬਣਾਉਣ ਲਈ ਦੋ-ਢਾਈ ਟਨ ਲਕੜੀ ਚਾਹੀਦੀ ਹੈ, ਤੀਹ-ਚਾਲੀ ਕਿਊਬਕ-ਮੀਟਰ ਪਾਣੀ। ਮਿੱਲ ਨੂੰ ਚਲਾਉਣ ਲਈ ਬਿਜਲੀ ਜਾਂ ਗੈਸ ਲੋੜੀਂਦੇ ਹੁੰਦੇ ਹਨ ਤੇ ਬਹੁਤ ਸਾਰੇ ਕੈਮੀਕਲ ਵੀ। ਇਹ ਸਾਰੇ ਰਲ਼ਕੇ ਪ੍ਰਦੂਸ਼ਣ ਫੈਲਾਉਣ ਵਿੱਚ ਬਹੁਤ ਸਹਾਈ ਹੁੰਦੇ ਹਨ। ਇਕ ਹੋਰ ਸੱਚਾਈ ਇਹ ਵੀ ਹੈ ਕਿ ਪੰਜਾਹ ਫੀ-ਸਦੀ ਕਾਗਜ਼ ਅਜਾਈਂ ਹੀ ਜਾਂਦਾ ਹੈ, ਭਾਵ ਕੁੱਲ ਉਤਪਾਦਨ ਦਾ ਅੱਧਾ ਭਾਗ ਕੂੜੇ ‘ਤੇ ਸੁੱਟ ਦਿੱਤਾ ਜਾਂਦਾ ਹੈ। ਇਸੇ ਲਈ ਮਾਹਿਰਾਂ ਵਲੋਂ ਸਲਾਹ ਦਿੱਤੀ ਜਾਂਦੀ ਰਹਿੰਦੀ ਹੈਕਿ ਕਾਗਜ਼ ਨੂੰ ਰੀਸਾਈਕਲ ਕੀਤੇ ਜਾਣ ਵਾਲਾ ਰਾਹ ਅਪਣਾਇਆ ਜਾਵੇ।
ਨਵੀਂ ਟੈਕਨੌਲੋਜੀ ਨੇ ਪੇਪਰ ਦੀ ਵਰਤੋਂ ਕੁਝ ਘਟਾਈ ਤਾਂ ਹੈ ਜਿਵੇਂ ਕਿ ਲੇਖਕ ਨੂੰ ਇਕ ਕਿਤਾਬ ਲਿਖਣ ਲਈ ਸੈਂਕੜੇ ਸਫੇ ਖਰਾਬ ਕਰਨੇ ਪੈਂਦੇ ਸਨ ਤੇ ਹੁਣ ਸਿਧੇ ਹੀ ਸਕਰੀਨ ਉਪਰ ਲਿਖੀ ਜਾ ਸਕਦੀ ਹੈ ਪਰ ਇਹ ਅਨੁਪਾਤ ਬਹੁਤ ਥੋੜੀ ਹੈ। ਕਿਤਾਬਾਂ ਪਹਿਲਾਂ ਨਾਲੋਂ ਕਿਤੇ ਵਧੇਰੇ ਛਪਣ ਲਗੀਆਂ ਹਨ। ਪੰਜਾਬੀ ਵਿੱਚ ਹੀ ਦੇਖ ਲਓ ਕਿ ਲੇਖਕ ਕਹਿਲਾਉਣ ਦੀ ਜ਼ਿੱਦ ਕਾਰਨ ਧੜਾ-ਧੜ ਕਿਤਾਬਾਂ ਛਪ ਰਹੀਆਂ ਹਨ। ਜਦ ਮੈਂ ਕੋਈ ਵੀ ਫਜ਼ੂਲ ਜਿਹੀ ਕਿਤਾਬ ਦੇਖਦਾ ਹਾਂ ਤਾਂ ਕਹਿ ਉਠਦਾ ਹਾਂ ਕਿ ਭੰਗ ਦੇ ਭਾੜੇ ਗਿਆ ਅੱਧਾ ਰੁੱਖ ਤੇ ਕਈ ਸੌ ਲਿਟਰ ਪਾਣੀ।

The post ਸਾਡੇ ਹੱਥਲੇ ਕਾਗਜ਼ ਦਾ ਸਫਰ first appeared on Punjabi News Online.


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …