Home / Punjabi News / ਸਰਕਾਰੀ ਸਕੂਲ ਸਿੱਖਿਆ ਵਿਚ ਸੁਧਾਰਾਂ ਬਾਰੇ ਕੇਜਰੀਵਾਲ ਤੋਂ ਸਿਕਣ ਸੋਨੀ : ਅਮਨ ਅਰੋੜਾ

ਸਰਕਾਰੀ ਸਕੂਲ ਸਿੱਖਿਆ ਵਿਚ ਸੁਧਾਰਾਂ ਬਾਰੇ ਕੇਜਰੀਵਾਲ ਤੋਂ ਸਿਕਣ ਸੋਨੀ : ਅਮਨ ਅਰੋੜਾ

ਸਰਕਾਰੀ ਸਕੂਲ ਸਿੱਖਿਆ ਵਿਚ ਸੁਧਾਰਾਂ ਬਾਰੇ ਕੇਜਰੀਵਾਲ ਤੋਂ ਸਿਕਣ ਸੋਨੀ : ਅਮਨ ਅਰੋੜਾ

ਸੋਨੀ ਵੱਲੋਂ ਸਰਕਾਰੀ ਸਕੂਲਾਂ ਦੀ ਤੁਲਨਾ ਢਾਬੇ ਨਾਲ ਕੀਤੇ ਜਾਣ ਦਾ ‘ਆਪ’ ਵੱਲੋਂ ਵਿਰੋਧ
ਚੰਡੀਗੜ੍ਹ, ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ ਸੋਨੀ ਵੱਲੋਂ ਸਰਕਾਰੀ ਸਕੂਲਾਂ ਦੀ ਤੁਲਨਾ ਢਾਬੇ ਅਤੇ ਪ੍ਰਾਈਵੇਟ ਸਕੂਲਾਂ ਨੂੰ ਫਾਈਵ ਸਟਾਰ ਹੋਟਲ ਕਹਿਣ ਉੱਤੇ ਆਮ ਆਦਮੀ ਪਾਰਟੀ ਨੇ ਤਿੱਖਾ ਇਤਰਾਜ਼ ਪ੍ਰਗਟਾਇਆ ਹੈ।
ਪਾਰਟੀ ਵੱਲੋਂ ਜਾਰੀ ਬਿਆਨ ਵਿਚ ਸੀਨੀਅਰ ‘ਆਪ’ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਅਜਿਹਾ ਕਰ ਕੇ ਸੋਨੀ ਨੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਲੱਖਾਂ ਗ਼ਰੀਬ ਬੱਚਿਆਂ ਦਾ ਮਜ਼ਾਕ ਬਣਾਇਆ ਹੈ।
ਅਰੋੜਾ ਨੇ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਅਤੇ ਹੁਣ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੂਬੇ ਵਿਚ ਸਿੱਖਿਆ ਵਿਵਸਥਾ ਦਾ ਬੁਰਾ ਹਾਲ ਹੋਇਆ ਹੈ। ਅਜਿਹੇ ਹਾਲਤ ਵਿਚ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰਨ ਦੀ ਥਾਂ ਉਸ ਦਾ ਮਜ਼ਾਕ ਉਡਾਉਣਾ ਕਾਂਗਰਸੀ ਮੰਤਰੀ ਦਾ ਸੂਬੇ ਦੀ ਸਿੱਖਿਆ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਨੀਵੇਂ ਪੱਧਰ ਦੀ ਹੈ ਅਤੇ ਇਸ ਸਬੰਧੀ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਅਰੋੜਾ ਨੇ ਕਿਹਾ ਕਿ ਇੱਕ ਪਾਸੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੁਆਰਾ ਦਿੱਲੀ ਵਿਚ ਸਿੱਖਿਆ ਸੰਬੰਧੀ ਕੀਤੇ ਸੁਧਾਰਾਂ ਦੀ ਵਿਸ਼ਵ ਵਿਚ ਤਾਰੀਫ਼ ਹੋ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਅਰੋੜਾ ਨੇ ਕਿਹਾ ਕਿ ਸੋਨੀ ਨੂੰ ‘ਆਪ’ ਦੀ ਦਿੱਲੀ ਸਰਕਾਰ ਤੋਂ ਸੇਧ ਲੈਂਦਿਆਂ ਸਿੱਖਿਆ ਪ੍ਰਣਾਲੀ ਵਿਚ ਨਵੀਆਂ ਤਕਨੀਕਾਂ ਲਾਗੂ ਕਰਨੀਆਂ ਚਾਹੀਦੀਆਂ ਹਨ ਅਤੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਾਂਗ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ।
ਅਰੋੜਾ ਨੇ ਕਿਹਾ ਕਿ ਜੇਕਰ ਸੋਨੀ ਚਾਹੁਣ ਤਾਂ ਉਹ ਉਨ੍ਹਾਂ ਨੂੰ ਦਿੱਲੀ ਦੀ ਯਾਤਰਾ ਕਰਵਾ ਕੇ ਉੱਥੋਂ ਦੇ ਸਰਕਾਰੀ ਸਕੂਲਾਂ ਵਿਚ ਹੋਈਆਂ ਤਬਦੀਲੀਆਂ ਦਿਖਾ ਸਕਦੇ ਹਨ। ਉਨ੍ਹਾਂ ਕਿਹਾ ਕਿ ਫ਼ਾਲਤੂ ਟਿੱਪਣੀਆਂ ਕਰਨ ਦੀ ਥਾਂ ਸੋਨੀ ਅਜਿਹੇ ਬਿੰਦੂਆਂ ਉੱਤੇ ਕੰਮ ਕਰਨ ਜਿਸ ਨਾਲ ਸਿੱਖਿਆ ਪ੍ਰਣਾਲੀ ਸੁਧਾਰੀ ਜਾ ਸਕੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਸੋਨੀ ਤੋਂ ਵਿਭਾਗ ਵਾਪਸ ਲੈ ਕੇ ਕਿਸੇ ਪੜ੍ਹੇ ਲਿਖੇ ਮੰਤਰੀ ਨੂੰ ਸੌਂਪਣ ਜੋ ਮਨੀਸ਼ ਸਿਸੋਦੀਆ ਵਾਂਗ ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨ ਨਾ ਕਿ ਪ੍ਰਾਈਵੇਟ ਸਕੂਲ ਮਾਫ਼ੀਆ ਦਾ ਹੱਥ ਠੋਕਾ ਬਣ ਕੇ ਰਹਿ ਜਾਣ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …