ਦਰਸ਼ਨ ਸਿੰਘ ਸੋਢੀ
ਮੁਹਾਲੀ, 6 ਸਤੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਵਿਦਿਆਰਥੀਆਂ ਨੂੰ ਪਹਿਲੀ ਤੋਂ ਬਾਰਵੀਂ ਤੱਕ ਦੀਆਂ ਆਪਣੀਆਂ ਪਾਠ-ਪੁਸਤਕਾਂ ਦੇ ਸਰਵਰਕ ਦੇ ਡਿਜ਼ਾਈਨ ਆਪ ਤਿਆਰ ਕਰਨ ਦਾ ਮੌਕਾ ਦਿੱਤਾ ਹੈ। ਇਹ ਮੌਕਾ ਨਾ ਸਿਰਫ ਕਿਸੇ ਰਾਜ ਵਿੱਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ, ਸਗੋਂ ਇਹ ਮੁਕਾਬਲਾ ਵੀ ਹੈ, ਜਿਸ ‘ਚੋਂ ਵਧੀਆ ਸਰਵਰਕ ਡਿਜ਼ਾਈਨ ਪਾਠ-ਪੁਸਤਕਾਂ ‘ਤੇ ਲਾਗੂ ਵੀ ਕੀਤੇ ਜਾਣਗੇ। ਅੱਜ ਇੱਥੇ ਸਕੂਲ ਬੋਰਡ ਦੇ ਸਕੱਤਰ ਅਵੀਕੇਸ਼ ਗੁਪਤਾ ਨੇ ਦੱਸਿਆ ਕਿ 30 ਸਤੰਬਰ ਸ਼ਾਮ 5 ਵਜੇ ਤੱਕ ਵਿਦਿਆਰਥੀ ਆਪਣੀ ਕਲਾਕਾਰੀ ਨੂੰ ਡਿਜੀਟਲ ਫਾਰਮੈਟ (JPEG, PNG) ਵਿੱਚ apo.material.pseb@gmail.com ‘ਤੇ ਭੇਜ ਸਕਦੇ ਹਨ। ਉਹ ਆਪਣਾ ਪੂਰਾ ਨਾਮ, ਪੂਰਾ ਪਤਾ, ਸਕੂਲ ਦੇ ਵੇਰਵੇ ਸੰਪਰਕ ਲਈ ਜਾਣਕਾਰੀ ਅਤੇ ਡਿਜ਼ਾਈਨ ਨੂੰ ਤਿਆਰ ਕਰਨ ਦਾ ਸੰਖੇਪ ਵੇਰਵਾ ਵੀ ਨਾਲ ਭੇਜਣਗੇ। ਉਨ੍ਹਾਂ ਵੱਲੋਂ ਡਿਜ਼ਾਈਨ ਕੀਤੇ ਗਏ ਸਰਵਰਕ ਡਿਜ਼ਾਈਨ ਦੀ ਚੋਣ ਦਾ ਅੰਤਿਮ ਫ਼ੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਜਾਵੇਗਾ।
ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਡਿਜ਼ਾਈਨ ਨੂੰ ਨਾ ਸਿਰਫ਼ ਪਾਠ-ਪੁਸਤਕ ਦੇ ਕਵਰ ਪੰਨੇ ‘ਤੇ ਪ੍ਰਿੰਟ ਕਰਵਾਇਆ ਜਾਵੇਗਾ, ਬਲਕਿ ਡਿਜ਼ਾਈਨਰ ਦਾ ਨਾਮ ਵੀ ਉਸ ਉਪਰ ਅੰਕਿਤ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ 5000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।
ਸ੍ਰੀ ਗੁਪਤਾ ਨੇ ਕਿਹਾ ਕਿ ਵਿਦਿਅਕ ਸਮੱਗਰੀ ‘ਤੇ ਆਪਣੀ ਪਛਾਣ ਬਣਾਉਣ ਲਈ ਕਲਾਤਮਕਤਾ ਦੀ ਡੂੰਘੀ ਭਾਵਨਾ ਵਾਲੇ ਲੋਕਾਂ ਲਈ ਇਹ ਇੱਕ ਸ਼ਾਨਦਾਰ ਮੌਕਾ ਹੈ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰ ਵਿਅਕਤੀ ਨੂੰ ਮੌਲਿਕਤਾ ਦਾ ਹਲਫ਼ਨਾਮਾ ਵੀ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਮੁਕਾਬਲੇ ਵਿੱਚ ਸਿਰਫ ਪੰਜਾਬ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ ਅਤੇ ਉਹ ਇਹ ਕਾਰਜ ਆਪੋ-ਆਪਣੇ ਅਧਿਆਪਕਾਂ ਦੀ ਰਹਿਨੁਮਾਈ ਵਿੱਚ ਵੀ ਕਾਰਜ ਕਰ ਸਕਦੇ ਹਨ। ਇਹ ਮੌਕਾ ਵਿਦਿਆਰਥੀਆਂ ਅਧਿਕਾਰੀਆਂ ਤੇ ਆਰਟ ਡਿਜ਼ਾਈਨਰਾਂ ਲਈ ਦਿਲਚਸਪੀ ਭਰੀ ਵੰਗਾਰ ਵਾਂਗੂ ਸਿੱਧ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਬੰਧਤ 145 ਪਾਠ-ਪੁਸਤਕਾਂ ਦੀ ਸੂਚੀ ਅਤੇ ਐਲਾਨਨਾਮਾ ਵੀ ਆਪਣੀ ਵੈਬਸਾਈਟ www.pseb.ac.in ਉਤੇ ਉਪਲਬਧ ਕਰਵਾ ਦਿੱਤਾ ਹੈ।
The post ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀ ਖ਼ੁਦ ਤਿਆਰ ਕਰਨਗੇ ਆਪਣੀ ਪਾਠ-ਪੁਸਤਕ ਦੇ ਸਰਵਰਕ appeared first on punjabitribuneonline.com.
Source link
Asian Tribune Your Multilingual Newspaper covering World and local news News