Home / Punjabi News / ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਘਟੀਆ ਸਿਆਸਤ ਨੂੰ ਨਕਾਰਿਆ

ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਘਟੀਆ ਸਿਆਸਤ ਨੂੰ ਨਕਾਰਿਆ

ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਘਟੀਆ ਸਿਆਸਤ ਨੂੰ ਨਕਾਰਿਆ


” ਕਾਹਨੂੰ ਵੇ ਪਿੱਪਲਾ ਖੜ ਖੜ ਲਾਈ ਐ , ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਐ “

ਸ੍ਰੀ ਮੁਕਤਸਰ ਸਾਹਿਬ 10 ਮਾਰਚ ( ਕੁਲਦੀਪ ਸਿੰਘ ਘੁਮਾਣ ) ਪੰਜਾਬ ਸਦਾ ਤੋਂ ਹੀ ਇਤਿਹਾਸ ਸਿਰਜਦਾ ਰਿਹਾ ਹੈ ਅਤੇ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਨੇ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਨੂੰ 92 ਸੀਟਾਂ ਨਾਲ ਪੂਰਨ ਬਹੁਮਤ ਦੇ ਕੇ ਇਤਿਹਾਸ ਸਿਰਜਿਆ ਹੈ। ਕਾਂਗਰਸ ਪਾਰਟੀ ਨੇ 2017 ਵਿੱਚ 77 ਸੀਟਾਂ ਹਾਸਲ ਕੀਤੀਆਂ ਸੀ ਜਦੋਂ ਕਿ ਹੁਣ ਸਿਰਫ 18 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ , ਅਕਾਲੀ ਦਲ ਨੇ 2017 ਵਿੱਚ 15 ਸੀਟਾਂ ਹਾਸਲ ਕੀਤੀਆਂ ਸਨ ਜਦੋਂ ਕਿ ਹੁਣ ਸਿਰਫ 04 ਸੀਟਾਂ ਜਿੱਤਣ ਵਿੱਚ ਸਫਲ ਹੋਈ ਹੈ।ਭਾਜਪਾ ਨੇ 2017 ਵਿੱਚ ਤਿੰਨ ਸੀਟਾਂ ਜਿੱਤੀਆਂ ਸਨ ਜਦੋਂ ਕਿ ਹੁਣ ਕੇਵਲ 2 ਸੀਟਾਂ ਹੀ ਜਿੱਤਣ ਵਿੱਚ ਕਾਮਯਾਬ ਹੋਈ ਹੈ । ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਨੇ 2017 ਦੀਆਂ 20 ਸੀਟਾਂ ਦੇ ਮੁਕਾਬਲੇ, 72 ਸੀਟਾਂ ਵੱਧ ਜਿੱਤ ਕੇ , ਕੁੱਲ 92 ਸੀਟਾਂ ਜਿੱਤਣ ਦਾ ਇਤਿਹਾਸ ਰਚਿਆ ਹੈ।
ਇਹ ਇਤਿਹਾਸ ਸਿਰਜਣ ਪਿੱਛੇ ਪੰਜਾਬੀਆਂ ਦੀ ਇੱਕੋ ਇੱਕ ਕਾਮਨਾ , ਡੁੱਬ ਰਹੇ ਪੰਜਾਬ ਨੂੰ ਬਚਾਉਂਣਾ ਹੈ। ਆਮ ਆਦਮੀ ਪਾਰਟੀ ਪੰਜਾਬੀਆਂ ਦੀਆਂ ਉਮੀਦਾਂ ‘ਤੇ ਖਰਾ ਉੱਤਰਦੀ ਹੈ ਜਾਂ ਨਹੀਂ , ਇਹ ਤਾਂ ਵਕਤ ਹੀ ਦੱਸੇਗਾ । ਆਮ ਆਦਮੀ ਪਾਰਟੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਕੀ ਸਿਆਸੀ ਪਾਰਟੀਆਂ ਦੇ ਚੋਣ ਨਤੀਜਿਆਂ ਨੂੰ ਫਰੇਮ ‘ਚ ਜੜਾ ਕੇ ਰੱਖ ਲੈਣਾ ਚਾਹੀਦਾ ਹੈ । ਇਹ ਨਤੀਜੇ ਸਬਕ ਹਨ । ਇਸ ਵਾਰ ਲੋਕਾਂ ਨੇ ‘ਪੰਜਾਬ ਨੂੰ ਜਿੱਤਣ ਦਾ ਮੌਕਾ’ ਦਿੱਤਾ ਹੈ। ਆਮ ਆਦਮੀ ਪਾਰਟੀ ਜਿਤਾ ਸਕਦੀ ਹੈ ਕਿ ਨਹੀਂ ਇਸ ਗੱਲ ਦਾ ਉਨ੍ਹਾਂ ਨੂੰ ਜਵਾਬਦੇਹ ਹੋਣਾ ਪਵੇਗਾ।
ਇਨ੍ਹਾਂ ਨਤੀਜਿਆਂ ਨੇ ਇਹ ਵੀ ਭਰਮ ਤੋੜ ਦਿੱਤਾ ਹੈ ਕਿ ਅਜੋਕੇ ਸਮਿਆਂ ਵਿੱਚ, ਡੇਰਿਆਂ ਦੀਆਂ ਵੋਟਾਂ ਜਿੱਤ ਹਾਰ ਦਾ ਫੈਸਲਾ ਕਰਦੀਆਂ ਹਨ। ਐਤਕੀਂ ਦੇ ਨਤੀਜਿਆਂ ਨੇ ਸਿਆਸੀ ਆਗੂਆਂ ਦੀ ਦੋਹਰੀ ਮਾਨਸਿਕਤਾ ਵਾਲੀ ਰਾਜਨੀਤੀ ਨੂੰ ਬੁਰੀ ਤਰਾਂ ਨਕਾਰਿਆ ਹੈ। ਭਾਵੇਂ ਕਿ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਨਕਾਰਿਆ ਹੈ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਟਰਾਂਸਪੋਰਟ ਮੰਤਰੀ ਬਨਣ ਤੋਂ ਬਾਅਦ ਦੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਲੋਕ ” ਥੁੱਕਾਂ ਨਾਲ ਵੜੇ ਪਕਾਉਂਣ ” ਦੀ ਰਾਜਨੀਤੀ ਨੂੰ ਪ੍ਰਵਾਨ ਨਹੀਂ ਕਰਦੇ। ਕਲਾਕਾਰਾਂ ਨੂੰ ਅੱਗੇ ਲਾ ਕੇ ਸੀਟਾਂ ਜਿੱਤਣ ਦੀ ਰਾਜਨੀਤੀ ਵੀ ਬੁਰੀ ਤਰ੍ਹਾਂ ਫੇਲ ਹੋਈ ਹੈ।
ਇਸ ਵਾਰ ਦੀਆਂ ਚੋਣਾਂ ਵਿੱਚ ਲੋਕ ਸਿਆਸੀ ਲੋਕਾਂ ਨੂੰ ਸਵਾਲ ਕਰਦੇ ਰਹੇ ਕਿ ” ਸਿਆਸੀ ਆਗੂਆਂ ਦੇ ਬੱਚੇ ਕਥਿਤ ਅਰਬਾਂ ਰੁਪਏ ਦੇ ਮਾਲਕ ਅਤੇ ਸਾਡੇ ਕੰਗਾਲ ਕਿਵੇਂ ਹੋ ਗਏ , ਤੁਹਾਡੇ ਕੱਖਾਂ ਤੋਂ ਲੱਖਾਂ ਵਿੱਚ ਅਤੇ ਅਸੀਂ ਲੱਖਾਂ ਤੋਂ ਕੱਖਾਂ ਵਿੱਚ ਕਿਵੇਂ ਹੋ ਪਹੁੰਚ ਗਏ , ਤੁਹਾਡੇ ਵਾਰਸ ਦਿਨੋਂ ਦਿਨ ਫਰਸ਼ ਤੋਂ ਅਰਸ਼ ‘ਤੇ ਅਤੇ ਸਾਡੇ ਅਰਸ਼ ਤੋਂ ਫਰਸ਼ ‘ਤੇ ਕਿਵੇਂ ਪਹੁੰਚ ਗਏ ?
ਸਿਆਸੀ ਲੋਕਾਂ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਾਂ ਹੋਣ ਦਾ ਨਤੀਜਾ ਹੀ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ , ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਮੌਜੂਦਾ ਕਾਂਗਰਸ ਸਰਕਾਰ ਦੇ ਕੁਝ ਮੰਤਰੀਆਂ ਅਤੇ ਵਿਧਾਇਕਾਂ ਦਾ ਬੁਰੀ ਤਰ੍ਹਾਂ ਹਾਰ ਜਾਣਾ ਅਤੇ ਲਾਭ ਸਿੰਘ ਉੱਗੋਕੇ , ਨਰਿੰਦਰ ਕੌਰ ਭਰਾਜ ,ਡਾਕਟਰ ਬਲਜੀਤ ਕੌਰ , ਡਾਕਟਰ ਜੀਵਨਜੋਤ ਕੌਰ ਆਦਿ ਦਾ ਜਿੱਤ ਜਾਣਾ ਸਿੱਧ ਕਰਦਾ ਹੈ ਕਿ ਲੋਕਾਂ ਨੇ ਪੰਜਾਬ ਅਤੇ ਬੱਚਿਆਂ ਦੇ ਭਵਿੱਖ ਪ੍ਰਤੀ ਚਿੰਤਤ ਲੋਕਾਂ ਨੂੰ ਹੀ ਸੱਤਾ ਸੌਂਪੀ ਹੈ ਅਤੇ ਜੇ ਇਹ ਵੀ ਉਮੀਦਾਂ ‘ਤੇ ਖਰੇ ਨਾਂ ਉੱਤਰੇ ਤਾਂ ਲੋਕ ਇਨ੍ਹਾਂ ਨੂੰ ਵੀ ਚੱਲਦੇ ਕਰਨ ਵਿੱਚ ਦੇਰ ਨਹੀਂ ਲਾਉਂਣਗੇ ।
ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀਆਂ , ਸਾਬਕਾ ਮੰਤਰੀਆਂ , ਪਾਰਟੀ ਪ੍ਰਧਾਨਾਂ ਅਤੇ ਵਿਧਾਇਕਾਂ ਤੋਂ ਇਲਾਵਾ ਬਲਵੀਰ ਸਿੰਘ ਰਾਜੇਵਾਲ ਵਰਗੇ ਲੋਕਾਂ ਨੂੰ ਵੀ , ਲੋਕਾਂ ਨੇ ‘ਉਨ੍ਹਾਂ ਦੀ ਅਸਲੀਅਤ’ ਵਿਖਾ ਦਿੱਤੀ ਹੈ।
ਕਾਰਣ।।।।।।? ਸਿਰਫ ਇੱਕੋ ਹੀ , ‘ਕਹਿਣੀ ਤੇ ਕਥਨੀ ਵਿੱਚ ਕੋਹਾਂ ਦਾ ਫ਼ਰਕ’ ਹੋਣਾ। ਲੋਕਾਂ ਨੇ ਸੁਨੇਹਾ ਦੇ ਦਿੱਤਾ ਹੈ ਕਿ ‘ਵਕਤ ਆ ਗਿਆ ਹੈ ਕਿ ਜੇ ਰਾਜਨੀਤੀ ਕਰਨੀ ਹੈ ਤਾਂ ਕੁਝ ਰਾਜਸੀ ਪਾਰਟੀਆਂ ਨੂੰ ਧਰਮ ਦਾ ਅਖੌਤੀ ਮੋਹ ਤਿਆਗਣਾ ਪਵੇਗਾ , ਮਹਿਲਾਂ ਵਿੱਚੋਂ ਬਾਹਰ ਨਿਕਲ ਕੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਸਾਰ ਲੈਣੀ ਪਵੇਗੀ , ਪੰਜਾਬ ਵਿੱਚ ਹੀ ਰੁਜ਼ਗਾਰ ਪੈਦਾ ਕਰਨੇ ਪੈਣਗੇ ਨਾ ਕਿ ਵਿਦੇਸ਼ ਜਾਣ ਲਈ ਲੱਖਾਂ ਰੁਪਏ ਦੇ ਕਰਜ਼ੇ ਦੇਣ ਦੀ ਲੋੜ ਹੈ ।
ਕੂਕ ਕੂਕ ਕੇ ਵਕਤ ਕਹਿ ਰਿਹਾ ਹੈ ਕਿ ਹੁਣ ਜੇ ਕੋਈ ਸਿਆਸੀ ਪਾਰਟੀ ਪੰਜਾਬ ਦੀ ਸੱਤਾ ਵਿੱਚ ਭਾਗੀਦਾਰ ਬਨਣਾ ਚਾਹੁੰਦੀ ਹੈ ਤਾਂ ਉਸਨੂੰ ਪੰਜਾਬ ਦੇ ਹੱਕਾਂ ਲਈ , ਪੰਜਾਬੀਆਂ ਲਈ , ਕਹਿਣੀ ਤੇ ਕਥਨੀ ਵਿਚਕਾਰਲੇ ਫ਼ਰਕ ਨੂੰ ਮੇਟਣ ਵਾਲੇ ਫੈਸਲੇ ਲੈਣੇ ਪੈਣਗੇ’ । ਚੰਡੀਗੜ੍ਹ , ਐਸ ਵਾਈ ਐਲ , ਪੰਜਾਬ ਦੇ ਪਾਣੀ , ਭਾਖੜਾ ਬਿਆਸ ਮੈਨੇਜਮੈਂਟ ਬੋਰਡ , ਛਾਲਾਂ ਮਾਰ ਕੇ ਵਧ ਰਿਹਾ ਭ੍ਰਿਸ਼ਟਾਚਾਰ , ਹਰ ਤਰ੍ਹਾਂ ਦੇ ਮਾਫੀਏ ‘ਤੇ ਨਕੇਲ ਕੱਸਣ , ਪੰਜਾਬੀ ਮਾਂ ਬੋਲੀ ਨੂੰ ਸਰਕਾਰੀ ਦਫ਼ਤਰਾਂ ਵਿੱਚ ਲਾਗੂ ਕਰਾਉਂਣ ਅਤੇ ਹੋਰ ਬਹੁਤ ਸਾਰੇ ਪੰਜਾਬ ਦੇ ਹੱਕੀ ਮੁੱਦਿਆਂ ਦੇ ਤਨੋਂ ਮਨੋਂ ਹੱਕ ਵਿੱਚ ਖੜਨਾ ਪਵੇਗਾ।
ਹਾਲ ਦੀ ਘੜੀ ਪੰਜਾਬ ਨੀਝ ਲਾ ਕੇ , ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਥਨੀ ਵਿੱਚ ਪੂਰੇ ਉੱਤਰਨ ਦੀ ਉਡੀਕ , ਕਰਨ ਲੱਗਾ ਹੈ। ਪ੍ਰਮਾਤਮਾ ਕਰੇ ਲੋਕਾਂ ਦੀਆਂ ਆਸਾਂ ਨੂੰ ਬੂਰ ਪਵੇ । ਇਸ ਗੱਲ ਦੀ ਤਵੱਕੋਂ ਕੀਤੀ ਜਾ ਰਹੀ ਹੈ।

The post ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਘਟੀਆ ਸਿਆਸਤ ਨੂੰ ਨਕਾਰਿਆ first appeared on Punjabi News Online.


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …