Home / Punjabi News / ਤਲਵੰਡੀ ਸਾਬੋ ਪਾਵਰ ਪਲਾਂਟ ਨੇ ਸਭ ਤੋਂ ਜ਼ਿਆਦਾ ਬਿਜਲੀ ਦੇਣੀ ਕੀਤੀ ਆਰੰਭ

ਤਲਵੰਡੀ ਸਾਬੋ ਪਾਵਰ ਪਲਾਂਟ ਨੇ ਸਭ ਤੋਂ ਜ਼ਿਆਦਾ ਬਿਜਲੀ ਦੇਣੀ ਕੀਤੀ ਆਰੰਭ

ਤਲਵੰਡੀ ਸਾਬੋ ਪਾਵਰ ਪਲਾਂਟ ਨੇ ਸਭ ਤੋਂ ਜ਼ਿਆਦਾ ਬਿਜਲੀ ਦੇਣੀ ਕੀਤੀ ਆਰੰਭ

ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਲੱਗੇ ਪਲਾਂਟ ਵੱਲੋਂ ਦਿੱਤੀ ਜਾ ਰਹੀ ਹੈ 1850 ਮੈਗਾਵਾਟ ਬਿਜਲੀ
ਮਾਨਸਾ – ਮਾਨਸਾ ਨੇੜਲੇ ਪਿੰਡ ਬਣਾਂਵਾਲਾ ਦੇ ਟਿੱਬਿਆਂ ਵਿਚ ਲੱਗੇ ਉਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਪਲਾਂਟ (ਟੀ.ਐਸ.ਪੀ.ਐਲ) ਵੱਲੋਂ ਇਸ ਵੇਲੇ ਪੰਜਾਬ ਲਈ ਸਭ ਤੋਂ ਵੱਧ ਬਿਜਲੀ ਸਪਲਾਈ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸਾਉਣ ਦਾ ਮਹੀਨਾ ਜਦੋਂ ਅੱਜ—ਕੱਲ੍ਹ ਖੁਸ਼ਕ ਚੱਲ ਰਿਹਾ ਹੈ ਤਾਂ ਰਾਜ ਦੇ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦੇਣ ਸਮੇਤ ਪੈ ਰਹੀ ਸਖਤ ਗਰਮੀ ਨਾਲ ਨਜਿੱਠਣ ਲਈ ਲਗਾਤਾਰ ਘਰਾਂ ਅਤੇ ਦਫ਼ਤਰਾਂ ਵਿਚ ਏ.ਸੀ. ਚੱਲ ਰਹੇ ਹਨ ਤਾਂ ਇਸ ਪਲਾਂਟ ਵੱਲੋਂ ਸਭ ਤੋਂ ਵੱਧ 1850 ਮੈਗਾਵਾਟ ਬਿਜਲੀ ਦੇਣ ਦੀ ਇਕ ਜਾਣਕਾਰੀ ਹਾਸਲ ਹੋਈ ਹੈ। ਇਸ ਤਾਪ ਘਰ ਦੇ ਇਸ ਵੇਲੇ ਤਿੰਨੋ ਯੂਨਿਟ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਗਈ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਪਾਸੋਂ ਪ੍ਰਾਪਤ ਹੋਈ ਇਕ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਜ਼ਿਲ੍ਹੇ ਵਿਚਲੇ ਤਲਵੰਡੀ ਸਾਬੋ ਪਾਵਰ ਪਲਾਟ ਵੱਲੋਂ ਇਸ ਵੇਲੇ 1850 ਮੈਗਾਵਾਟ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਦੇ ਯੂਨਿਟ ਨੰਬਰ 1 ਵੱਲੋਂ 617 ਮੈਗਾਵਾਟ, ਯੂਨਿਟ ਨੰਬਰ 2 ਵੱਲੋਂ 612 ਮੈਗਾਵਾਟ ਅਤੇ ਯੂਨਿਟ ਨੰਬਰ 3 ਵੱਲੋਂ 621 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸ ਪਲਾਂਟ ਵੱਲੋਂ 20 ਜੂਨ ਨੂੰ ਝੋਨੇ ਦੀ ਲਵਾਈ ਵਾਲੇ ਪਹਿਲੇ ਦਿਨ 939 ਮੈਗਾਵਾਟ ਬਿਜਲੀ ਦਿੱਤੀ ਗਈ ਸੀ, ਜਦੋਂ ਕਿ ਹੁਣ ਪੌਣੇ ਦੋ ਮਹੀਨਿਆਂ ਬਾਅਦ ਉਸ ਤੋਂ ਦੁੱਗਣੀ 1850 ਦੇ ਲਗਭਗ ਦੇਣ ਬਾਰੇ ਜਾਣਕਾਰੀ ਮਿਲੀ ਹੈ।
ਟੀਐਸਪੀਅਲ ਦੇ ਸੀ.ਈ.ਓ ਸੀ.ਐਨ ਸਿੰਘ ਦਾ ਕਹਿਣਾ ਹੈ ਕਿ ਪਲਾਂਟ ਵਿਚ ਪਿਛਲੇ ਸਾਲ ਅਚਾਨਕ ਲੱਗੀ ਅੱਗ ਕਾਰਨ ਪੈਦਾ ਹੋਈ ਟੈਕਨੀਕਲ ਤਕਲੀਫ ਤੋਂ ਬਾਅਦ ਹੁਣ ਤਿੰਨੇ ਯੂਨਿਟ ਬੜੀ ਚੰਗੀ ਪੁਜੀਸ਼ਨ ਵਿਚ ਬਿਜਲੀ ਸਪਲਾਈ ਦੇ ਰਹੇ ਹਨ। ਉਨ੍ਹਾਂ ਮੰਨਿਆ ਕਿ ਬੇਸ਼ੱਕ ਕੋਇਲੇ ਦੀ ਘਾਟ ਅਤੇ ਕਈ ਹੋਰ ਸਮੱਸਿਆਵਾਂ ਨਾਲ ਜੂਝਣ ਦੇ ਬਾਵਜੂਦ ਰਾਜ ਨੂੰ ਬਿਜਲੀ ਸਪਲਾਈ ਦੀ ਕੋਈ ਤਕਲੀਫ ਨਹੀਂ ਆਉਣ ਦੀ ਜਾ ਰਹੀ ਹੈ, ਜਿਸ ਲਈ ਪਲਾਟ ਪ੍ਰਬੰਧਕਾਂ ਵੱਲੋਂ ਹਰ ਕਿਸਮ ਦੇ ਬੰਦੋਬਸਤ ਕੀਤੇ ਹੋਏ ਹਨ।
ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵੇਲੇ ਰਾਜਪੁਰਾ ਸਥਿਤ ਐਲ.ਐਡ.ਟੀ. ਪਲਾਂਟ ਦੇ ਦੋਨੇ ਯੂਨਿਟ 922 ਮੈਗਾਵਾਟ ਬਿਜਲੀ ਦੇ ਰਹੇ ਹਨ, ਇਹ ਪਲਾਂਟ 1320 ਮੈਗਾਵਾਟ ਦਾ ਦੱਸਿਆ ਗਿਆ ਹੈ ਅਤੇ ਇਸ ਦੇ ਦੋਨੋਂ ਯੂਨਿਟ 331, 591 ਮੈਗਾਵਾਟ ਬਿਜਲੀ ਦੇ ਰਹੇ ਹਨ। ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਰਾਜ ਦੇ ਪੰਜੇ ਹਾਈਡਰੋ ਤਾਪ ਘਰਾਂ ਤੋਂ 592 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ, ਜਦੋਂ ਕਿ ਜੀਵੀਕੇ (ਗੋਬਿੰਦਵਾਲ) ਤੋਂ 265 ਮੈਗਾਵਾਟ ਬਿਜਲੀ ਮਿਲ ਰਹੀ ਹੈ। ਸੂਚਨਾ ਮੁਤਾਬਕ ਪਤਾ ਲੱਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਤੋਂ 574 ਮੈਗਾਵਾਟ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ 850 ਮੈਗਾਵਾਟ ਬਿਜਲੀ ਸਪਲਾਈ ਦੇ ਰਿਹਾ ਹੈ।
ਇਸੇ ਦੌਰਾਨ ਪਜਾਬ ਰਾਜ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਬੇਸ਼ੱਕ ਰਾਜ ਵਿਚ ਜਿੰਨ੍ਹੀ ਮਰਜੀ ਗਰਮੀ ਪੈ ਰਹੀ ਹੈ, ਪਰ ਇਸ ਦੇ ਬਾਵਜੂਦ ਲੋੜੀਂਦੀ ਬਿਜਲੀ ਲਈ ਹਰ ਤਰ੍ਹਾਂ ਦੇ ਪ੍ਰਬੰਧ ਪੂਰੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਵਲੋਂ ਵਪਾਰਕ, ਖੇਤੀਬਾੜੀ, ਘਰੇਲੂ ਅਤੇ ਹੋਰਨਾਂ ਖੇਤਰਾਂ ਲਈ ਲੋੜੀਂਦੀ ਬਿਜਲੀ ਲਈ ਪਹਿਲਾ ਹੀ ਵਿਆਪਕ ਬµਦੋਬਸਤ ਕੀਤੇ ਹੋਏ ਹਨ, ਜਿਸ ਕਰਕੇ ਮੀਂਹਾਂ ਦੇ ਵੱਧ—ਘੱਟ ਪੈਣ ਨਾਲ ਖਪਤਕਾਰਾਂ ਨੂµ ਕਿਸੇ ਵੀ ਕਿਸਮ ਦੀ ਸਮੱਸਿਆ ਨਾਲ ਨਹੀਂ ਉਲਝਣਾ ਪਵੇਗਾ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …