Home / Punjabi News / ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਸਦਕਾ ਨਸ਼ਿਆਂ ਦੀ ਸਪਲਾਈ ਲਾਈਨ ਟੁੱਟੀ : ਬਲਬੀਰ ਸਿੱਧੂ

ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਸਦਕਾ ਨਸ਼ਿਆਂ ਦੀ ਸਪਲਾਈ ਲਾਈਨ ਟੁੱਟੀ : ਬਲਬੀਰ ਸਿੱਧੂ

ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਸਦਕਾ ਨਸ਼ਿਆਂ ਦੀ ਸਪਲਾਈ ਲਾਈਨ ਟੁੱਟੀ : ਬਲਬੀਰ ਸਿੱਧੂ

ਐਸ.ਏ.ਐਸ. ਨਗਰ, – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਸਦਕਾ ਨਸ਼ਿਆਂ ਦੀ ਸਪਲਾਈ ਲਾਈਨ ਟੁੱਟ ਗਈ ਹੈ ਤੇ ਨਸ਼ਿਆਂ ਦੀ ਸਮੱਸਿਆ ਵੱਡੇ ਪੱਧਰ ‘ਤੇ ਹੱਲ ਹੋ ਰਹੀ ਹੈ। ਇਸ ਦੇ ਨਾਲ ਨਾਲ ਨੌਜਵਾਨਾਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਪਰਿਵਾਰਕ ਮੈਂਬਰ ਵੱਧ ਤੋਂ ਵੱਧ ਸਮਾਂ ਬੱਚਿਆਂ ਨੂੰ ਦੇਣ ਅਤੇ ਜੇ ਕੋਈ ਵਿਅਕਤੀ ਨਸ਼ੇ ਦਾ ਸ਼ਿਕਾਰ ਹੋ ਵੀ ਜਾਂਦਾ ਹੈ ਤਾਂ ਪਰਿਵਾਰ ਸਮੇਤ ਸਮਾਜਿਕ ਭਾਈਚਾਰੇ ਦਾ ਇਹ ਫਰਜ਼ ਬਣਦਾ ਹੈ ਕਿ ਉਸ ਵਿਅਕਤੀ ਨੂੰ ਦੁਰਕਾਰਨ ਦੀ ਬਜਾਏ, ਉਸ ਨੂੰ ਨਸ਼ਿਆਂ ਰੂਪੀ ਦਲਦਲ ਵਿੱਚੋਂ ਨਿਕਲਣ ਵਿੱਚ ਮਦਦ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਨਸ਼ੇ ਵਿਰੋਧੀ ਮੁਹਿੰਮ ਤਹਿਤ ਗੋਦ ਲਏ ਪਿੰਡ ਨਗਾਰੀ ਵਿਖੇ ਕਰਵਾਏ ਨਸ਼ਾ ਵਿਰੋਧੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਨਗਾਰੀ ਪੰਜਾਬ ਦਾ ਪਹਿਲਾ ਪਿੰਡ ਹੈ ਜਿਸ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਗੋਦ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਡੇਂਗੂ ਸਬੰਧੀ ਜਾਗਰੂਕਤਾ ਲਿਆਉਣ ਲਈ ਸਿਹਤ ਵਿਭਾਗ ਵੱਲੋਂ ਤਿਆਰ ਕੀਤੀਆਂ ਦੋ ਵੈਨਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਪਿੰਡ ਪਿੰਡ-ਪਿੰਡ ਜਾ ਕੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕਰਨਗੀਆਂ। ਉਸ ਤੋਂ ਇਲਾਵਾ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਤੇ ਨਸ਼ਾ ਛੁਡਾਊ ਕੇਂਦਰਾਂ ਦੀ ਜਾਣਕਾਰੀ ਨਾਲ ਲੈਸ ਵਿਸ਼ੇਸ਼ ਕਿਤਾਬਚਾ ਵੀ ਰਿਲੀਜ਼ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਨਸ਼ਿਆਂ ਦੇ ਖਾਤਮੇ ਲਈ ਜ਼ਰੂਰੀ ਹੈ ਕਿ ਜੇ ਕਿਸੇ ਨੂੰ ਨਸ਼ੇ ਸਪਲਾਈ ਕਰਨ ਵਾਲੇ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਉਸ ਦੀ ਜਾਣਕਾਰੀ ਪੁਲੀਸ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਖ਼ੁਦ ਉਨ੍ਹਾਂ (ਸ.ਬਲਬੀਰ ਸਿੰਘ ਸਿੱਧੂ) ਨਾਲ ਸਾਂਝੀ ਕਰੇ। ਉਨ੍ਹਾਂ ਵਾਅਦਾ ਕੀਤਾ ਕਿ ਜਾਣਕਾਰੀ ਦੇਣ ਵਾਲੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਪੁਲੀਸ ਮੁਲਾਜ਼ਮ ਨਸ਼ੇ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਕਾਨੂੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਪਰ ਆਮ ਲੋਕਾਂ ਦੇ ਦੋਸਤ ਬਣ ਕੇ ਵਿਚਰਨ ਤੇ ਨਸ਼ੇ ਤੋਂ ਪੀੜਤ ਨੌਜਵਾਨਾਂ ਦੇ ਇਲਾਜ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਰੰਜਿਸ਼ ਕਾਰਨ ਕਿਸੇ ਦੇ ਨੌਜਵਾਨ ਧੀ-ਪੁੱਤਰ ਨੂੰ ਗ਼ਲਤ ਰਾਹ ਤੋਰ ਦਿੇੰਦੇ ਹਨ ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਕੋਈ ਕਿਸੇ ਦਾ ਨੁਕਸਾਨ ਕਰਦਾ ਹੈ ਤਾਂ ਉਸ ਦਾ ਨੁਕਸਾਨ ਵੀ ਇੱਕ ਨਾ ਇੱਕ ਦਿਨ ਜ਼ਰੂਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਵਜਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਨੌਜਵਾਨਾਂ ਨੂੰ ਪਸ਼ੂ ਪਾਲਣ ਦੀ ਟਰੇਨਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਇਸ ਟਰੇਨਿੰਗ ਪ੍ਰੋਗਰਾਮ ਦੀ ਲੜੀ ਤਹਿਤ ਹੀ ਅਗਲੇ ਹਫ਼ਤੇ ਤੋਂ ਪਿੰਡ ਗੀਗੇਮਾਜਰਾ ਵਿੱਚ 15 ਰੋਜ਼ਾ ਪਸ਼ੂ ਪਾਲਣ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਬੈਂਕਾਂ ਤੋਂ ਕਰਜ਼ੇ ਮੁਹੱਈਆ ਕਰਵਾਉਣ ਲਈ ਮਦਦ ਵੀ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਵਾਅਦਾ ਕੀਤਾ ਕਿ ਪਿੰਡ ਨਗਾਰੀ ਅਤੇ ਨੇੜਲੇ ਪਿੰਡਾਂ ਦੀ ਸਹੂਲਤ ਲਈ ਇੱਕ ਡਿਸਪੈਂਸਰੀ ਬਣਾਈ ਜਾਵੇਗੀ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਚੌੜੀਆਂ ਕਰ ਕੇ ਬਣਾਈਆਂ ਜਾਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਰਮਾਂ ਨਾ ਵੱਢਣ ਤਾਂ ਜੋ ਇਸ ਕਾਰਨ ਵਾਪਰਦੇ ਸੜਕ ਹਾਦਸਿਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਸ. ਸਿੱਧੂ ਨੇ ਪਿੰਡ ਵਾਸੀਆਂ ਦੀਆਂ ਹੋਰਨਾਂ ਮੁਸ਼ਕਲਾਂ ਹੱਲ ਕਰਨ ਦੇ ਨਾਲ ਨਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਮੰਗਾਂ ਵੀ ਕੈਬਨਿਟ ਵਿੱਚ ਰੱਖਣ ਦਾ ਵਾਅਦਾ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਪਿੰਡ ਗੋਦ ਲੈਣ ਦਾ ਉੱਦਮ ਸ. ਬਲਬੀਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਇੱਕ ਨਿਵੇਕੇਲਾ ਉੱਦਮ ਹੈ ਤੇ ਇਸੇ ਤਹਿਤ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਵੀ ਵੱਖ-ਵੱਖ ਪਿੰਡ ਨਸ਼ਾ ਮੁਕਤੀ ਲਈ ਗੋਦ ਲਏ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਹੋਰਨਾਂ ਬਿਮਾਰੀਆਂ ਵਾਂਙ ਇੱਕ ਬਿਮਾਰੀ ਹੈ ਤੇ ਸਹੀ ਇਲਾਜ ਨਾਲ ਇਸ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਪਰਿਵਾਰ ਦਾ ਕੋਈ ਵੀ ਪੁਰਸ਼ ਨਸ਼ਾ ਕਰਦਾ ਹੈ ਤਾਂ ਸਭ ਤੋ ਵੱਧ ਮਾਰ ਉਸ ਘਰ ਦੀਆਂ ਔਰਤਾਂ ਨੂੰ ਪੈਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਨਸ਼ਾ ਵਿਰੋਧੀ ਮੁਹਿੰਮ ਵਿੱਚ ਔਰਤਾਂ ਮੋਹਰੀ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਐਸ.ਏ.ਐਸ. ਨਗਰ ਵਿੱਚ ਸੈਕਟਰ 66 ਵਿਖੇ ਸਰਕਾਰੀ ਨਸ਼ਾ ਛਡਾਊ ਤੇ ਮੁੜ ਵਸੇਬਾ ਕੇਂਦਰ ਚੱਲ ਰਿਹਾ ਹੈ, ਜਿੱਥੇ ਨਸ਼ਿਆਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਖ਼ਾਤਮੇ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚਿਆਂ ਦੀ ਪ੍ਰਾਪਤੀ ਲਈ ਜਿਹੜੇ ਪਿੰਡ ਚੰਗਾ ਕੰਮ ਕਰਨਗੇ, ਉਨ੍ਹਾਂ ਨੂੰ ਗਰਾਂਟ ਵੀ ਵੱਧ ਦਿੱਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ.ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਸ. ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇੋਸ਼ ਚੰਦ ਸ਼ਰਮਾ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਐਸ.ਡੀ.ਐਮ. ਮੋਹਾਲੀ ਜਗਦੀਪ ਸਹਿਗਲ, ਮਨੋਰੋਗਾਂ ਦੇ ਮਾਹਰ ਡਾ. ਪੂਜਾ ਗਰਗ, , ਐਸ.ਐਮ.ਓ. ਘੜੂੰਆਂ ਡਾ. ਕੁਲਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾ, ਐਡਵੋਕੇਟ ਰਣਜੋਤ ਸਿੰਘ, ਹਰਮੰਦਰ ਸਿੰਘ ਢਿੱਲੋਂ, ਸਤਪਾਲ ਸਿੰਘ, ਗੁਰਚਰਨ ਸਿੰਘ ਭਮਰਾ, ਗਿਆਨੀ ਗੁਰਮੇਲ ਸਿੰਘ ਮਨੌਲੀ, ਸਾਬਕਾ ਸਰਪੰਚ ਮੇਜਰ ਸਿੰਘ, ਗਿਆਨੀ ਨਛੱਤਰ ਸਿੰਘ , ਜਸਵੰਤ ਸਿੰਘ, ਪੰਡਤ ਭੁਪਿੰਦਰ ਕੁਮਾਰ ਨਗਾਰੀ, ਜਥੇਦਾਰ ਕਰਨੈਲ ਸਿੰਘ, ਗੁਰਚਰਨ ਸਿੰਘ ਟਿੱਕਾ, ਟਹਿਲ ਸਿੰਘ ਮਾਣਕਪੁਰ ਕਲੱਰ, ਕਰਮ ਸਿੰਘ ਮਾਣਕਪੁਰ ਕੱਲਰ ਸ਼ੇਰ ਸਿੰਘ ਦੈੜੀ, ਗੁਰਚਰਨ ਸਿੰਘ ਗੀਗੇ ਮਾਜਰਾ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …