Home / Punjabi News / ਚੋਣ ਕਮਿਸ਼ਨ ਨੇ ਜਲਿਆਂਵਾਲਾ ਬਾਗ ਕਾਂਡ ਨੂੰ ਸਿਆਸਤ ਤੋਂ ਦੂਰ ਰੱਖਣ ਲਈ ਜਾਰੀ ਕੀਤੇ ਸਨ ਨਿਰਦੇਸ਼

ਚੋਣ ਕਮਿਸ਼ਨ ਨੇ ਜਲਿਆਂਵਾਲਾ ਬਾਗ ਕਾਂਡ ਨੂੰ ਸਿਆਸਤ ਤੋਂ ਦੂਰ ਰੱਖਣ ਲਈ ਜਾਰੀ ਕੀਤੇ ਸਨ ਨਿਰਦੇਸ਼

ਚੋਣ ਕਮਿਸ਼ਨ ਨੇ ਜਲਿਆਂਵਾਲਾ ਬਾਗ ਕਾਂਡ ਨੂੰ ਸਿਆਸਤ ਤੋਂ ਦੂਰ ਰੱਖਣ ਲਈ ਜਾਰੀ ਕੀਤੇ ਸਨ ਨਿਰਦੇਸ਼

ਜਲੰਧਰ : ਜਲਿਆਂਵਾਲਾ ਬਾਗ ਕਤਲੇਆਮ ਦੀ ਸ਼ਤਾਬਦੀ ‘ਤੇ ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਦਾਇਤ ਦਿੱਤੀ ਹੋਈ ਸੀ ਕਿ ਉੱਥੇ ਮਨਾਏ ਜਾਣ ਵਾਲੇ ਕਿਸੇ ਵੀ ਸਮਾਰੋਹ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਵੇ ਜਿਸ ਕਾਰਨ ਇਸ ਵਾਰ ਜਲ੍ਹਿਆਂਵਾਲਾ ਬਾਗ ‘ਚ ਸਮਾਰੋਹ ਬੜੀ ਸਾਦਗੀ ਨਾਲ ਮਨਾਇਆ ਗਿਆ। 12 ਅਪ੍ਰੈਲ ਦੀ ਸ਼ਾਮ ਨੂੰ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ, ਉਥੇ ਹੀ 13 ਅਪ੍ਰੈਲ ਦੀ ਸਵੇਰੇ ਦੇਸ਼ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਮਿਸ਼ਨ ਵੱਲੋਂ ਪ੍ਰੋਗਰਾਮ ਦੀ ਕੋਈ ਮਨਾਹੀ ਨਹੀਂ ਸੀ। ਹਾਲਾਂਕਿ ਚੋਣ ਕਮਿਸ਼ਨ ਨੇ 25 ਮਾਰਚ ਨੂੰ ਲਿਖੇ ਗਏ ਮਨਜ਼ੂਰੀ ਪੱਤਰ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਜੰਮੂ ਤੇ ਕਸ਼ਮੀਰ ਦੇ ਚੋਣ ਅਧਿਕਾਰੀਆਂ ਨੂੰ ਸ਼ਹੀਦਾਂ ਦੀ ਯਾਦ ‘ਚ ਹੋਣ ਵਾਲੇ ਸਮਾਰੋਹ ਨੂੰ ਸਿਆਸੀ ਮੰਚ ਬਣਨ ਤੋਂ ਰੋਕਣ ਦੇ ਹੁਕਮ ਜ਼ਰੂਰ ਦਿੱਤੇ ਸਨ।
ਕੇਂਦਰੀ ਚੋਣ ਕਮਿਸ਼ਨ ਦੇ ਪੱਤਰ ਤੋਂ ਬਾਅਦ 4 ਅਪ੍ਰੈਲ ਨੂੰ ਪੰਜਾਬ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਸੈਰ-ਸਪਾਟਾ ਮੰਤਰਾਲਾ ਨੂੰ ਲਿਖੇ ਗਏ ਪੱਤਰ ‘ਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨ ਨੂੰ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ‘ਚ ਹੋਣ ਵਾਲੇ ਸਮਾਰੋਹ ‘ਤੇ ਕੋਈ ਇਤਰਾਜ਼ ਨਹੀਂ, ਇਸ ਲਈ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਸਨ ਕਿ ਲੋਕ ਸਭਾ ਚੋਣਾਂ ਕਾਰਨ ਲੱਗੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਇਸ ਪ੍ਰੋਗਰਾਮ ਨੂੰ ਸਿਆਸੀ ਲਾਭ ਤੋਂ ਦੂਰ ਰੱਖਿਆ ਜਾਵੇ। ‘ਜਗ ਬਾਣੀ’ ਨੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਇਸ ਖਬਰ ਨੂੰ ਛਾਪਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦਾ ਮਕਸਦ ਚੋਣ ਕਮਿਸ਼ਨ ਦੇ ਵੱਕਾਰ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਪੰਜਾਬ ਦਾ ਪ੍ਰਮੁੱਖ ਅਖਬਾਰ ਹੋਣ ਦੇ ਨਾਤੇ ਸ਼ਹੀਦਾਂ ਦੀ ਸ਼ਹਾਦਤ ਦੇ 100 ਸਾਲ ਹੋਣ ‘ਤੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਨੂੰ ਫਿੱਕਾ ਹੋਣ ਦੀ ਚਿੰਤਾ ‘ਚ ਹੀ ਅਸੀਂ ਇਹ ਸਟੋਰੀ ਕਵਰ ਕੀਤੀ ਸੀ ਪਰ ਇਸ ‘ਚ ਚੋਣ ਕਮਿਸ਼ਨ ਦੀ ਮਨਜ਼ੂਰੀ ਦੇ ਤੱਥ ਨਜ਼ਰ-ਅੰਦਾਜ਼ ਹੋ ਗਏ, ਜਿਸ ਦਾ ਸਾਨੂੰ ਅਫਸੋਸ ਹੈ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …