Home / Punjabi News / ਸ਼ਰਾਬ ਠੇਕੇਦਾਰਾਂ ਨੂੰ ਚੜ੍ਹਿਆ ਮਨਮਰਜ਼ੀਆਂ ਦਾ ਨਸ਼ਾ

ਸ਼ਰਾਬ ਠੇਕੇਦਾਰਾਂ ਨੂੰ ਚੜ੍ਹਿਆ ਮਨਮਰਜ਼ੀਆਂ ਦਾ ਨਸ਼ਾ

ਰਵਿੰਦਰ ਰਵੀ

ਬਰਨਾਲਾ, 5 ਮਾਰਚ

ਸੂਬੇ ‘ਚ ਨਵੀਂ ਸਰਕਾਰ ਆਉਣ ‘ਤੇ ਪਿਆਕੜਾਂ ਨੂੰ ਘੱਟ ਅਤੇ ਹਰ ਥਾਂ ਇੱਕੋ ਭਾਅ ‘ਤੇ ਸ਼ਰਾਬ ਮਿਲਣ ਦੀ ਆਸ ਬੱਝੀ ਸੀshy; ਪਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਠੇਕੇਦਾਰਾਂ ਵੱਲੋਂ ਸ਼ਰਾਬ ਦੇ ਵੱਖੋ-ਵੱਖਰੇ ਭਾਅ ਰੱਖਣ ਕਾਰਨ ਲੋਕ ਨਿਰਾਸ਼ ਹਨ। ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਵਿਚ ਬਰਨਾਲਾ ਨਾਲੋਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ 15 ਤੋਂ 20 ਫੀਸਦੀ ਘੱਟ ਭਾਅ ‘ਤੇ ਵੇਚੀ ਜਾ ਰਹੀ ਹੈ ਜਦਕਿ ਸ਼ਰਾਬ ਮਾਫ਼ੀਆ ਅੱਗੇ ਆਬਕਾਰੀ ਵਿਭਾਗ ਦੇ ਅਧਿਕਾਰੀ ਬੇਵੱਸ ਜਾਪ ਰਹੇ ਹਨ ਜਿਸ ਕਾਰਨ ਉਨ੍ਹਾਂ ਨੇ ਚੁੱਪ ਧਾਰਨ ‘ਚ ਹੀ ਆਪਣੀ ਭਲਾਈ ਸਮਝੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਧੂਰੀ ਵਿੱਚ ਵਿਕਣ ਵਾਲੀ ਅੰਗਰੇਜ਼ੀ ਸ਼ਰਾਬ ਗੋਲਡ ਲੇਬਲ ਦੀ ਬੋਤਲ 4 ਹਜ਼ਾਰ ਰੁਪਏ ਤੇ 12 ਬੋਤਲਾਂ ਦੀ ਪੇਟੀ 48 ਹਜ਼ਾਰ ਰੁਪਏ ਦੀ ਹੈ ਜਦਕਿ ਇਹੀ ਸ਼ਰਾਬ ਬਰਨਾਲਾ ਦੇ ਠੇਕੇਦਾਰਾਂ ਵੱਲੋਂ 5500 ਰੁਪਏ ਦੀ ਬੋਤਲ ਤੇ 66 ਹਜ਼ਾਰ ਰੁਪਏ ਦੀ ਪੇਟੀ ਵੇਚੀ ਜਾ ਰਹੀ ਹੈ। ਸ਼ਿਵਾਸ ਰੀਗਲ ਅਤੇ ਬਲੈਕ ਲੇਬਲ ਦੀ ਬੋਤਲ ਧੂਰੀ ‘ਚ 2500 ਰੁਪਏ ਦੀ ਮਿਲਦੀ ਹੈ ਅਤੇ ਬਰਨਾਲਾ ਪਹੁੰਚਦੇ ਹੀ ਇਹ ਬੋਤਲ 3000 ਰੁਪਏ ਦੀ ਹੋ ਜਾਂਦੀ ਹੈ। ਧੂਰੀ ਦੇ ਠੇਕਿਆਂ ਤੋਂ ਬਲੈਕ ਡੌਗ ਸੈਂਚਰੀ ਦੀ ਬੋਤਲ 1300 ਰੁਪਏ ਅਤੇ ਬਰਨਾਲਾ ਵਿਚ 1600 ਰੁਪਏ ‘ਚ ਵੇਚੀ ਜਾਂਦੀ ਹੈ। ਅੰਗਰੇਜ਼ੀ ਸ਼ਰਾਬ ਦੇ ਭਾਅ ‘ਚ ਕਾਫ਼ੀ ਫਰਕ ਹੋਣ ਕਾਰਨ ਬਰਨਾਲਾ ਦੇ ਸ਼ਰਾਬ ਕਾਰੋਬਾਰੀਆਂ ਵੱਲੋਂ ਜਿਹੜੀ 650 ਰੁਪਏ ਦੀ ਬੋਤਲ ਵੇਚੀ ਜਾ ਰਹੀ ਹੈ ਉਹੀ ਧੂਰੀ ਵਿਚ 520 ਰੁਪਏ ਬੋਤਲ ਰਹਿ ਜਾਂਦੀ ਹੈ। ਸ਼ਰਾਬ ਦੇ ਬਾਕੀ ਮਾਰਕਿਆਂ ‘ਚ ਵੀ ਕਾਫ਼ੀ ਫਰਕ ਹੈ। ਵਿਭਾਗ ਦੀ ਸਰਪ੍ਰਸਤੀ ਹੇਠ ਗਾਹਕਾਂ ਨੂੰ ਸ਼ਰਾਬ ਵੇਚਣ ਵਾਲੇ ਠੇਕੇਦਾਰ ਖਰੀਦੀ ਗਈ ਸ਼ਰਾਬ ਦਾ ਬਿੱਲ ਕੱਟਣ ‘ਚ ਆਪਣੀ ਤੌਹੀਨ ਸਮਝਦੇ ਹਨ।

ਖਰੀਦੀ ਸ਼ਰਾਬ ਦਾ ਬਿੱਲ ਕੱਟਣ ਦੀ ਹਦਾਇਤ ਕੀਤੀ ਜਾਵੇਗੀ: ਆਬਕਾਰੀ ਅਧਿਕਾਰੀ

ਸੂਬੇ ‘ਚ ਪਿਛਲੀਆਂ ਸਰਕਾਰਾਂ ਵੇਲੇ ਸ਼ਰਾਬ ਠੇਕੇਦਾਰਾਂ ਨੇ ਮਨਮਰਜ਼ੀ ਤਹਿਤ ਮੈਰਿਜ ਪੈਲਸਾਂ ‘ਚ ਵਿਆਹ ਕਰਨ ਵਾਲੇ ਲੋਕਾਂ ਤੋਂ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਸ਼ਹਿ ‘ਤੇ ਧੱਕੇ ਨਾਲ ਸ਼ਰਾਬ ਦੇ ਕਈ ਗੁਣਾਂ ਵੱਧ ਭਾਅ ਦੀ ਵਸੂਲੀ ਕੀਤੀ ਸੀ ਅਤੇ ਠੇਕੇਦਾਰਾਂ ਦੇ ਕਰਿੰਦੇ ਪੜਤਾਲ ਦੇ ਨਾਮ ‘ਤੇ ਵਿਆਹ ਸਮਾਗਮ ਦੌਰਾਨ ਹੀ ਪਰਿਵਾਰ ਮੁਖੀ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਸਨ। ਲੋਕਾਂ ਨੂੰ ਆਸ ਸੀ ਕਿ ਨਵੀਂ ਸਰਕਾਰ ਆਉਣ ‘ਤੇ ਮਨਮਰਜ਼ੀਆਂ ਕਰਨ ਵਾਲੇ ਸ਼ਰਾਬ ਦੇ ਠੇਕੇਦਾਰਾਂ ਅਤੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀshy; ਪਰ ਵਿਭਾਗੀ ਅਧਿਕਾਰੀ ਸ਼ਰਾਬ ਠੇਕੇਦਾਰਾਂ ਦੀ ਮਦਦ ਕਰ ਰਹੇ ਹਨ। ਇਸ ਸਬੰਧੀ ਆਬਕਾਰੀ ਵਿਭਾਗ ਦੇ ਐਕਸਾਈਜ਼ ਤੇ ਆਬਕਾਰੀ ਅਧਿਕਾਰੀ ਵਨੀਤ ਕੁਮਾਰ ਨੇ ਕਿਹਾ ਕਿ ਧੂਰੀ ਅਤੇ ਬਰਨਾਲਾ ਵਿੱਚ ਵਿਕਦੀ ਸ਼ਰਾਬ ਦੇ ਭਾਅ ‘ਚ ਫਰਕ ਨਹੀਂ ਹੋਣਾ ਚਾਹੀਦਾ, ਜੇਕਰ ਭਾਅ ‘ਚ ਕਾਫ਼ੀ ਫਰਕ ਹੈ ਤਾਂ ਪੜਤਾਲ ਕੀਤੀ ਜਾਵੇਗੀ ਅਤੇ ਬਿੱਲ ਕੱਟਣ ਦੀ ਠੇਕੇਦਾਰਾਂ ਨੂੰ ਤਾਕੀਦ ਕੀਤੀ ਜਾਵੇਗੀ।


Source link

Check Also

ਮੁਹਾਲੀ: ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਨਾਜਾਇਜ਼ ਅਸਲੇ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਮੁਹਾਲੀ, 4 ਮਈ ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਦੋ ਕਾਰ ਸਵਾਰਾਂ ਨੂੰ ਨਾਜਾਇਜ਼ …