Home / Punjabi News / ਹੜ੍ਹ ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ

ਹੜ੍ਹ ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 2 ਮਈ

ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ ਪਿਛਲੇ ਸਾਲ ਸੂਬੇ ’ਚ ਆਏ ਹੜ੍ਹਾਂ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਤੇ ਹੋਰ ਮੰਗਾਂ ਲਈ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਹੋਰਨਾਂ ਆਗੂਆਂ ਨੇ ਰਾਜਪਾਲ ਪੰਜਾਬ ਨੂੰ ਬੀਤੇ ਸਾਲ ਆਏ ਹੜ੍ਹਾਂ ਦੌਰਾਨ ਪੰਜਾਬ ’ਚ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਅਤੇ ਸੂਬਾ ਸਰਕਾਰ ਵੱਲੋਂ ਇਸ ਮਸਲੇ ਸਬੰਧੀ ਅਪਣਾਈ ਬੇਰੁਖੀ ਬਾਰੇ ਜਾਣੂੰ ਕਰਾਇਆ। ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਤਹਿਸੀਲ ਖੇਮਕਰਨ ਸਰਕਲ ਰਾਮ ਸਿੰਘ ਵਾਲਾ ਤਹਿਤ ਆਉਂਦੀਆਂ ਹੜ੍ਹ ਪ੍ਰਭਾਵਿਤ ਜ਼ਮੀਨਾਂ ਲਈ ਕੇਂਦਰ ਸਰਕਾਰ ਨੇ ਪ੍ਰਤੀ ਏਕੜ 6800 ਰੁਪਏ ਦੇ ਹਿਸਾਬ ਨਾਲ ਕੁੱਲ ਦੋ ਕਰੋੜ 60 ਲੱਖ ਰੁਪਏ ਮੁਆਵਜ਼ਾ ਭੇਜਿਆ ਸੀ। ਇਸ ਦੋ ਕਰੋੜ 60 ਲੱਖ ਰੁਪਏ ’ਚੋਂ ਸਿਰਫ ਇਕ ਕਰੋੜ ਰੁਪਏ ਦਾ ਮੁਆਵਜ਼ਾ ਹੀ ਸਹੀ ਢੰਗ ਨਾਲ ਵੰਡਿਆ ਗਿਆ ਹੈ, ਜਦਕਿ ਇਕ ਕਰੋੜ 60 ਲੱਖ ਰੁਪਏ ਦਾ ਕੁਝ ਪਤਾ ਨਹੀਂ ਹੈ। ਕਿਸਾਨ ਆਗੂਆਂ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਇਸ ਇਕ ਕਰੋੜ 60 ਲੱਖ ਰੁਪਏ ਦੇ ਮੁਆਵਜ਼ੇ ਦੇ ਕਥਿਤ ਘਪਲੇ ਦੀ ਸਰਕਾਰੀ ਏਜੰਸੀਆਂ ਜ਼ਰੀਏ ਜਾਂਚ ਕਰਵਾਈ ਜਾਵੇ ਤਾਂ ਕਿ ਕਿਸਾਨਾਂ ਦੇ ਮੁਆਵਜ਼ੇ ਨੂੰ ਹੜੱਪਣ ਵਾਲੇ ਮੁਲਜ਼ਮ ਬੇਨਕਾਬ ਹੋ ਸਕਣ। ਉਨ੍ਹਾਂ ਕਿਹਾ ਕਿ ਹੜ੍ਹਾਂ ਉਪਰੰਤ ਫਸਲਾਂ ਦੇ ਨੁਕਸਾਨ ਸਬੰਧੀ ਕੇਂਦਰ ਸਰਕਾਰ ਵੱਲੋਂ ਪ੍ਰਪੋਜਲ ਆਈ ਕਿ ਖਰਾਬ ਹੋਈ ਫ਼ਸਲ ਦਾ 6800 ਰੁਪਏ ਪ੍ਰਤੀ ਏਕੜ, ਜ਼ਮੀਨੀ ਨੁਕਸਾਨ ਦਾ 47 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ, ਜ਼ਮੀਨਾਂ ਚ ਸਿਲਟ ਪੈਣ ਦਾ 7200 ਪ੍ਰਤੀ ਏਕੜ ਮੁਆਵਜ਼ਾ ਦੇਣ ਬਾਰੇ ਕਿਹਾ ਗਿਆ ਸੀ, ਪਰ ਸੂਬਾ ਸਰਕਾਰ ਨੇ ਅਜੇ ਤਕ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੋਈ ਗਿਰਦਾਵਰੀ ਜਾਂ ਰਿਪੋਰਟ ਤਿਆਰ ਹੀ ਨਹੀਂ ਕੀਤੀ।
ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਐਲਾਨਿਆ ਗਿਆ 20 ਹਜ਼ਾਰ ਰੁਪਏ ਮੁਆਵਜ਼ਾ ਵੀ ਨਹੀਂ ਮਿਲਿਆ ਹੈ। ਇਸੇ ਤਰ੍ਹਾਂ ਦਰਿਆਵਾਂ ਦੀ ਮਾਰ ਹੇਠ ਆਏ ਰਕਬੇ ਦਾ 60 ਹਜ਼ਾਰ ਰੁਪਏ ਸਾਲਾਨਾ ਠੇਕੇ ਦਾ ਪ੍ਰਬੰਧ ਕਰਨ ਤੇ ਜ਼ਮੀਨਾਂ ’ਚ ਆਈ ਰੇਤ ਨੂੰ ਵੇਚਣ ਦਾ ਅਧਿਕਾਰ ਸਬੰਧਤ ਕਿਸਾਨਾਂ ਨੂੰ ਦੇਣ ਦੀ ਗੱਲ ਵੀ ਕੀਤੀ। ਪ੍ਰਧਾਨ ਆਲੂਵਾਲੀਆ ਨੇ ਮੰਗ ਕੀਤੀ ਕਿ ਹੜ੍ਹ ਨਾਲ ਨੁਕਸਾਨੀਆਂ ਫਸਲਾਂ ਨਾਲ ਸਬੰਧਤ ਕਿਸਾਨਾਂ ਦੇ ਸਮੁੱਚੇ ਕਰਜ਼ੇ ’ਤੇ ਲੀਕ ਮਾਰੀ ਜਾਵੇ, ਤਾਂ ਕਿ ਬਦਹਾਲੀ ਦੀ ਜ਼ਿੰਦਗੀ ’ਚ ਪਹੁੰਚ ਚੁੱਕੇ ਕਿਸਾਨ ਮੁੜ ਕੇ ਆਪਣੇ ਆਰਥਿਕਤਾ ਨੂੰ ਪੈਰਾਂ ਸਿਰ ਕਰ ਸਕਣ। ਆਗੂਆਂ ਨੇ ਮੰਗ ਕੀਤੀ ਕਿ ਹੜ੍ਹਾਂ ਦੇ ਪਾਣੀ ਨਾਲ ਨੁਕਸਾਨੇ ਘਰਾਂ ਤੇ ਮੋਟਰਾਂ ਦਾ ਮੁਆਵਜ਼ਾ ਵੀ ਫੌਰੀ ਤੌਰ ’ਤੇ ਦਿੱਤਾ ਜਾਵੇ, ਤਾਂ ਕਿ ਪ੍ਰਭਾਵਿਤ ਕਿਸਾਨ ਆਉਂਦੀ ਫਸਲ ਬੀਜਣ ਦੀ ਤਿਆਰੀ ਕਰ ਸਕਣ।

The post ਹੜ੍ਹ ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ appeared first on Punjabi Tribune.


Source link

Check Also

ਹਾਈ ਕੋਰਟ ਨੇ ਜੈਕੀ ਸ਼ਰੌਫ ਦੇ ਨਾਮ ਤੋਂ ਸਾਮਾਨ ਵੇਚਣ ਲਈ ਕੰਪਨੀਆਂ ਨੂੰ ਵਰਜਿਆ

ਨਵੀਂ ਦਿੱਲੀ, 18 ਮਈਦਿੱਲੀ ਹਾਈ ਕੋਰਟ ਨੇ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਬਿਨਾ ਇਜਾਜ਼ਤ ਤੋਂ ਕਾਰੋਬਾਰੀ …