Home / Punjabi News / ਸਰੀ ’ਚ ਚਾਰ ਸਾਲ ਬਾਅਦ ਸਜਾਇਆ ਗਿਆ ਨਗਰ ਕੀਰਤਨ

ਸਰੀ ’ਚ ਚਾਰ ਸਾਲ ਬਾਅਦ ਸਜਾਇਆ ਗਿਆ ਨਗਰ ਕੀਰਤਨ

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 23 ਅਪਰੈਲ

ਕੈਨੇਡਾ ਦੇ ਸ਼ਹਿਰ ਸਰੀ ਵਿੱਚ ਇਸ ਵਾਰ ਚਾਰ ਸਾਲ ਬਾਅਦ ਵਿਸਾਖੀ ਦਾ ਨਗਰ ਕੀਰਤਨ ਸਜਾਇਆ ਗਿਆ। ਖ਼ਰਾਬ ਮੌਸਮ ਦੇ ਬਾਵਜੂਦ ਇਸ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਕੈਨੇਡਾ ਦੇ ਹੋਰ ਸੂਬਿਆਂ ਤੋਂ ਇਲਾਵਾ ਅਮਰੀਕਾ ਦੀ ਵੀ ਵੱਡੀ ਗਿਣਤੀ ਸੰਗਤ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ। ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਨਗਰ ਕੀਰਤਨ ਪਿਛਲੇ 24 ਸਾਲਾਂ ਤੋਂ ਸਜਾਇਆ ਜਾਂਦਾ ਹੈ। ਗੁਰਦੁਆਰੇ ਤੋਂ ਰਵਾਨਗੀ ਮੌਕੇ ਕੈਨੇਡੀਅਨ ਫੌਜ ਦੀ ਟੁੱਕੜੀ ਨੇ ਹਥਿਆਰ ਉਲਟੇ ਕਰ ਕੇ ਸਲਾਮੀ ਦਿੱਤੀ। ਇਸ ਦੌਰਾਨ ਸੂਬਾ ਸਰਕਾਰ ਦੇ ਕਈ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਟੋਰੀ ਪਾਰਟੀ ਦੇ ਆਗੂ ਪੀਅਰ ਪੋਲਿਵਰ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਰਸਤੇ ਵਿੱਚ ਸੰਗਤ ਵੱਲੋਂ ਥਾਂ-ਥਾਂ ‘ਤੇ ਲੰਗਰ ਲਾਏ ਗਏ ਸਨ। ਸਿਹਤ ਵਿਭਾਗ ਅਤੇ ਪੁਲੀਸ ਨੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਸਨ। ਨਗਰ ਕੀਰਤਨ ਵਾਲਾ ਰਸਤਾ ਸਵੇਰੇ ਤੋਂ ਸ਼ਾਮ ਤਕ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਗੱਤਕਾ ਪਾਰਟੀਆਂ ਨੇ ਕਲਾ ਦੇ ਜੌਹਰ ਦਿਖਾਏ ਅਤੇ ਸੁੰਦਰ ਦਸਤਾਰਾਂ ਸਜਾ ਕੇ ਪਹੁੰਚੇ ਮੋਟਰਸਾਈਕਲ ਕਲੱਬ ਵਾਲਿਆਂ ਨੇ ਲੋਕਾਂ ਦਾ ਮਨ ਮੋਹਿਆ। ਨਗਰ ਕੀਰਤਨ ਵਿਚ ਇਸ ਵਾਰ ਗੈਰ-ਸਿੱਖ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਕੁੱਝ ਲੋਕਾਂ ਨੇ ਭਾਰਤ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵਾਲੇ ਬੈਨਰ ਵੀ ਫੜੇ ਹੋਏ ਸਨ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …