Home / Punjabi News / ਮੁਖਤਾਰ ਅੰਸਾਰੀ ਮਾਮਲੇ ’ਚ ਅਦਾਲਤ ਜਾਵਾਂਗੇ: ਭਗਵੰਤ ਮਾਨ

ਮੁਖਤਾਰ ਅੰਸਾਰੀ ਮਾਮਲੇ ’ਚ ਅਦਾਲਤ ਜਾਵਾਂਗੇ: ਭਗਵੰਤ ਮਾਨ

ਆਤਿਸ਼ ਗੁਪਤਾ
ਚੰਡੀਗੜ੍ਹ, 24 ਅਪਰੈਲ

ਪੰਜਾਬ ਸਰਕਾਰ ਅੰਸਾਰੀ ਮਾਮਲੇ ‘ਚ ਵਕੀਲਾਂ ‘ਤੇ ਖ਼ਰਚੇ 55 ਲੱਖ ਰੁਪਏ ਦੀ ਵਸੂਲੀ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਮਿਉਂਸਿਪਲ ਭਵਨ ਵਿੱਚ ਅੱਜ ਵੱਖ-ਵੱਖ ਵਿਭਾਗਾਂ ‘ਚ ਨਿਯੁਕਤੀ ਪੱਤਰ ਸੌਂਪਣ ਮੌਕੇ ਕੀਤਾ। ਸ੍ਰੀ ਮਾਨ ਨੇ ਕਿਹਾ ਕਿ ਮੁਖ਼ਤਾਰ ਅੰਸਾਰੀ ਨੂੰ ਪੰਜਾਬ ‘ਚ ਰੱਖਣ ਦਾ ਕੋਈ ਮਤਲਬ ਹੀ ਨਹੀਂ ਸੀ ਪਰ ਪੁਰਾਣੀ ਸਰਕਾਰ ਨੇ ਆਪਣੀ ਦੋਸਤੀ ਨਿਭਾਉਣ ਖਾਤਰ ਰੋਪੜ ਜੇਲ੍ਹ ‘ਚ ਉਸ ਦੀ ਸੇਵਾ ‘ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ। ਮਗਰੋਂ ਅੰਸਾਰੀ ਨੂੰ ਪੰਜਾਬ ਵਿੱਚੋਂ ਨਾ ਜਾਣ ਦੇਣ ਲਈ 55 ਲੱਖ ਰੁਪਏ ਵਕੀਲਾਂ ਦੀ ਫੀਸ ‘ਤੇ ਖਰਚ ਕਰ ਦਿੱਤੇ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਫਜ਼ੂਲ ‘ਚ ਖਰਚ ਨਹੀਂ ਕੀਤਾ ਜਾਵੇਗਾ। ਜਿਹੜੇ ਮੰਤਰੀ ਨੇ ਯੂਪੀ ਦੇ ਖਤਰਨਾਕ ਅਪਰਾਧੀ ਮੁਖਤਾਰ ਅੰਸਾਰੀ ਦੀ ਰੋਪੜ ਜੇਲ੍ਹ ‘ਚ ਠਹਿਰਨ ਨੂੰ ਯਕੀਨੀ ਬਣਾਉਣ ਲਈ ਫਾਈਲ ‘ਤੇ ਦਸਤਖਤ ਕੀਤੇ ਹਨ, ਉਸੇ ਤੋਂ ਵਸੂਲੀ ਕੀਤੀ ਜਾਵੇਗੀ। ਇਸ ਮਾਮਲੇ ਨੂੰ ਅਦਾਲਤ ਵਿੱਚ ਵੀ ਲਿਜਾਇਆ ਜਾਵੇਗਾ। ਸ੍ਰੀ ਮਾਨ ਨੇ ਕਿਹਾ ਕਿ ਇਹ ਕਾਰਨ ਤਾਂ ਪਿਛਲੀਆਂ ਸਰਕਾਰਾਂ ਹੀ ਜਾਣਦੀਆਂ ਹੋਣਗੀਆਂ ਕਿ ਇਸ ਬਦਨਾਮ ਅਪਰਾਧੀ ਨੂੰ ਰੋਪੜ ਜੇਲ੍ਹ ‘ਚ ਪੂਰੀਆਂ ਸੁੱਖ-ਸਹੂਲਤਾਂ ਨਾਲ ਕਿਉਂ ਰੱਖਿਆ ਗਿਆ ਸੀ, ਜਿਸ ਲਈ ਟੈਕਸ ਦਾਤਿਆਂ ਦੇ ਪੈਸੇ ਵਿੱਚੋਂ 55 ਲੱਖ ਰੁਪਏ ਖਰਚ ਕੀਤੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਹਾਲੇ ਸਿਸਟਮ ‘ਚ ਬਹੁਤ ਖਾਮੀਆ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਇਸੇ ਦੌਰਾਨ ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ ਸਥਿਤ ਮਿਉਂਸਿਪਲ ਭਵਨ ਵਿੱਚ ਵੱਖ-ਵੱਖ ਵਿਭਾਗਾਂ ‘ਚ ਨਵ-ਨਿਯੁਕਤ 409 ਐੱਸਡੀਓ’ਜ਼, ਕਲਰਕਾਂ, ਜੂਨੀਅਰ ਡਰਾਫਟਸਮੈਨ ਤੇ ਹੋਰਨਾਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰੀ ਨੌਕਰੀਆਂ ਦੂਰ ਦਾ ਸੁਫਨਾ ਸਨ, ਜਦੋਂਕਿ ਉਨ੍ਹਾਂ ਦੀ ਸਰਕਾਰ ਨੇ ਇਹ ਗੱਲ ਯਕੀਨੀ ਬਣਾਈ ਕਿ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਉਤੇ ਨੌਕਰੀਆਂ ਮਿਲਣ। ਇਸ ਲਈ ਇਕ ਪਾਰਦਰਸ਼ੀ ਢਾਂਚਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੇ ਸਾਲ ਅੰਦਰ ਹੀ ਉਨ੍ਹਾਂ ਮੈਰਿਟ ਦੇ ਆਧਾਰ ‘ਤੇ ਯੋਗ ਨੌਜਵਾਨਾਂ ਨੂੰ 28,873 ਨੌਕਰੀਆਂ ਦਿੱਤੀਆਂ ਹਨ। ਇਸ ਮੌਕੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕਿਆਂ ਬਾਰੇ ਜਾਣੂੰ ਕਰਵਾਉਣ ਲਈ ਤਕਨੀਕੀ ਸਿੱਖਿਆ ਵਿਭਾਗ ਦਾ ਪਲੇਸਮੈਂਟ ਪੋਰਟਲ ਮੋਬਾਈਲ ਐਪ ਵੀ ਲਾਂਚ ਕੀਤਾ।

ਇਸ ਐਪ ‘ਤੇ ਨੌਜਵਾਨ ਤਕਨੀਕੀ ਖੇਤਰ ‘ਚ ਰੁਜ਼ਗਾਰ ਦੀ ਭਾਲ ਕਰ ਸਕਣਗੇ। ਮੁੱਖ ਮੰਤਰੀ ਨੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਇਕ ਇਤਿਹਾਸਕ ਦਿਨ ਹੈ ਕਿਉਂਕਿ ਉਹ ਹੁਣ ਸੂਬਾ ਸਰਕਾਰ ਦੇ ਪਰਿਵਾਰ ਦੇ ਨਵੇਂ ਮੈਂਬਰ ਬਣੇ ਹਨ। ਵਿਰੋਧੀ ਪਾਰਟੀਆਂ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਆਪਣੀ ਸੱਤਾ ਦੌਰਾਨ ਮਹਿਲਾਂ ਵਿੱਚ ਰਹਿ ਰਹੇ ਸਨ, ਉਨ੍ਹਾਂ ਨੂੰ ਸੂਬੇ ਦੇ ਸਿਆਸੀ ਨਕਸ਼ੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਸੂਬੇ ਦੀ ਭਲਾਈ ਲਈ ਕੰਮ ਕਰਨ ਵਾਲੀ ਸਰਕਾਰ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਤੇ ਹੋਰ ਵੀ ਹਾਜ਼ਰ ਸਨ।


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …