ਨਵੀਂ ਦਿੱਲੀ/ਇਸਲਾਮਾਬਾਦ— ਪਾਕਿਸਤਾਨ ਖਿਲਾਫ ਭਾਰਤ ਨੇ ਇਕ ਵਾਰ ਫਿਰ ਸਰਜੀਕਲ ਸਟ੍ਰਾਈਕ ਕੀਤੀ ਹੈ। ਇਸ ਵਾਰ ਇਹ ਸਟ੍ਰਾਈਕ ਲੜਾਕੂ ਜਹਾਜ਼ਾਂ ਜ਼ਰੀਏ ਕੀਤੀ ਗਈ ਹੈ। ਰਿਪੋਰਟਾਂ ਮੁਤਾਬਕ, ਭਾਰਤੀ ਹਵਾਈ ਫੌਜ ਨੇ ਅੱਜ ਤੜਕੇ ਪਾਕਿਸਤਾਨ ‘ਚ ਘੁਸ ਕੇ ਵੱਡੀ ਕਾਰਵਾਈ ਕੀਤੀ। ਖਬਰਾਂ ਹਨ ਕਿ ਮੰਗਲਵਾਰ ਤੜਕੇ 3.30 ਵਜੇ ਪਾਕਿਸਤਾਨੀ ਕਸ਼ਮੀਰ ‘ਚ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਜੈਸ਼-ਏ-ਮੁਹੰਮਦ ਦੇ ਕਈ ਟਿਕਾਣੇ ਤਬਾਹ ਹੋਣ ਦੀਆਂ ਖਬਰਾਂ ਹਨ। ਸੂਤਰਾਂ ਮੁਤਾਬਕ, ਭਾਰਤੀ ਹਵਾਈ ਫੌਜ ਨੇ 12 ਮਿਰਾਜ ਲੜਾਕੂ ਜਹਾਜ਼ਾਂ ਜ਼ਰੀਏ ਹਵਾਈ ਸਟ੍ਰਾਈਕ ਕੀਤੀ ਹੈ। ਇਨ੍ਹਾਂ ਲੜਾਕੂ ਜਹਾਜ਼ਾਂ ਜ਼ਰੀਏ 1,000 ਕਿਲੋ ਬੰਬ ਸੁੱਟੇ ਗਏ, ਜਿਸ ‘ਚ ਅੱਤਵਾਦੀਆਂ ਦੇ ਕਈ ਟਿਕਾਣੇ ਤਬਾਹ ਹੋਏ ਹਨ। ਬਾਲਾਕੋਟ ‘ਚ ਜੈਸ਼ ਦਾ ਕੰਟਰੋਲ ਰੂਮ ਵੀ ਪੂਰੀ ਤਬਾਹ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਕ ਹਮਲੇ ‘ਚ ਪਾਕਿਸਤਾਨ ਦੇ 200-300 ਅੱਤਵਾਦੀ ਮਾਰੇ ਗਏ ਹਨ।
ਸੂਤਰਾਂ ਮੁਤਾਬਕ, ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਪਾਰ ਬਾਲਾਕੋਟ, ਚਕੋਟੀ, ਮੁਜ਼ੱਫਰਾਬਾਦ ‘ਚ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ। ਬਾਲਾਕੋਟ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾਹ ‘ਚ ਸਥਿਤ ਹੈ।
ਪਾਕਿਸਤਾਨ ਦੀ ਜਵਾਬੀ ਕਾਰਵਾਈ ਦਾ ਜਵਾਬ ਦੇਣ ਨੂੰ ਲੈ ਕੇ ਬੀ. ਐੱਸ. ਐੱਫ., ਆਰਮੀ ਤੇ ਹਵਾਈ ਫੌਜ ਸਭ ਅਲਰਟ ‘ਤੇ ਹਨ। ਸਰਹੱਦ ‘ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਭਾਰਤ ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੁਰੱਖਿਅਤ ਜਗ੍ਹਾ ‘ਤੇ ਸ਼ਿਫਟ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਲਗਾਤਾਰ ਤਣਾਅਪੂਰਣ ਹਨ। ਇਸ ਵਿਚਕਾਰ, ਮੰਗਲਵਾਰ ਨੂੰ ਪਾਕਿਸਤਾਨ ਨੇ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਨੇ ਸਰਹੱਦ ਪਾਰ ਕਰਕੇ ਪਾਕਿਸਤਾਨ ‘ਚ ਘੁਸਪੈਠ ਕੀਤੀ। ਪਾਕਿਸਤਾਨ ਨੇ ਕਿਹਾ, ” ਭਾਰਤੀ ਹਵਾਈ ਫੌਜ ਨੇ ਐੱਲ. ਓ. ਸੀ. ਦਾ ਉਲੰਘਣ ਕੀਤਾ ਅਤੇ ਜਦੋਂ ਪਾਕਿਸਤਾਨੀ ਹਵਾਈ ਫੌਜ ਨੇ ਇਸ ਖਿਲਾਫ ਕਾਰਵਾਈ ਕੀਤੀ ਤਾਂ ਭਾਰਤੀ ਲੜਾਕੂ ਜਹਾਜ਼ ਵਾਪਸ ਚਲੇ ਗਏ।” ਮੰਗਲਵਾਰ ਨੂੰ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ। ਪਾਕਿਸਤਾਨ ਇਸ ਵਾਰ ਭਾਰਤ ਵੱਲੋਂ ਹੋਈ ਕਾਰਵਾਈ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਦੀ ਫੌਜ ਨੇ ਖੁਦ ਵੀ ਇਸ ਦਾ ਖੁਲਾਸਾ ਕੀਤਾ ਹੈ।
Check Also
CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…
Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …
Asian Tribune Your Multilingual Newspaper covering World and local news News