Home / Punjabi News / ਫਤਿਹਵੀਰ ਦੀ ਮੌਤ ‘ਤੇ ਦੁੱਖ ਪ੍ਰਗਟਾ ਕੇ ਫਸੇ ਕੈਪਟਨ ਤੇ ਰਾਜਾ ਵੜਿੰਗ, ਲੋਕਾਂ ਨੇ ਕੱਢੀ ਭੜਾਸ 

ਫਤਿਹਵੀਰ ਦੀ ਮੌਤ ‘ਤੇ ਦੁੱਖ ਪ੍ਰਗਟਾ ਕੇ ਫਸੇ ਕੈਪਟਨ ਤੇ ਰਾਜਾ ਵੜਿੰਗ, ਲੋਕਾਂ ਨੇ ਕੱਢੀ ਭੜਾਸ 

ਫਤਿਹਵੀਰ ਦੀ ਮੌਤ ‘ਤੇ ਦੁੱਖ ਪ੍ਰਗਟਾ ਕੇ ਫਸੇ ਕੈਪਟਨ ਤੇ ਰਾਜਾ ਵੜਿੰਗ, ਲੋਕਾਂ ਨੇ ਕੱਢੀ ਭੜਾਸ 

ਜਲੰਧਰ/ਸੰਗਰੂਰ— ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ 5 ਦਿਨਾਂ ਤੋਂ ਬੋਰਵੈੱਲ ‘ਚ ਫਸਿਆ ਫਤਿਹਵੀਰ ਸਿੰਘ ਆਖਿਰ ਜ਼ਿੰਦਗੀ ਦੀ ਜੰਗ ਹਾਰ ਗਿਆ। ਫਤਿਹਵੀਰ ਦੀ ਮੌਤ ਤੋਂ ਬਾਅਦ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਅਤੇ ਫੇਸਬੁੱਕ ‘ਤੇ ਪੋਸਟ ਪਾ ਕੇ ਦੁੱਖ ਜ਼ਾਹਰ ਕੀਤਾ ਹੈ, ਉਥੇ ਹੀ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਫੇਸਬੁੱਕ ‘ਤੇ ਪੋਸਟ ਪਾ ਕੇ ਦੁੱਖ ਜ਼ਾਹਰ ਕੀਤਾ।

ਫੇਸਬੁੱਕ ‘ਤੇ ਪਾਈ ਪੋਸਟ ‘ਚ ਰਾਜਾ ਵੜਿੰਗ ਨੇ ਲਿਖਿਆ, ”ਅਲਵਿਦਾ ਫਤਿਹਵੀਰ ਸਿੰਘ, ਦਿਲ ਰੌਂਦਾ ਤੈਨੂੰ ਅਲਵਿਦਾ ਕਹਿਣ ਲੱਗਿਆ ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾ ਕਰੇ। ਵਾਹਿਗੁਰੂ ਤੈਨੂੰ ਆਪਣੇ ਚਰਨਾਂ ‘ਚ ਜਗ੍ਹਾ ਦੇਵੇ ਅਤੇ ਪਰਿਵਾਰ ਨੂੰ ਹੌਸਲਾ ਰੱਖਣ ਦਾ ਹੌਸਲਾ ਦੇਵੇ।” ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਵਾਹਿਗੁਰੂ ਸਭ ਦੇ ਬੱਚਿਆਂ ਨੂੰ ਹੱਸਦਾ ਵੱਸਦਾ ਰੱਖੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 9 ਜੂਨ ਨੂੰ ਰਾਜਾ ਵੜਿੰਗ ਨੇ ਬੋਰਵੈੱਲ ‘ਚ ਡਿੱਗੇ ਫਤਿਹਵੀਰ ਸਿੰਘ ਦੀ ਜ਼ਿੰਦਗੀ ਬਚਾਉਣ ਲਈ ਲੋਕਾਂ ਨੂੰ ਅਰਦਾਸ ਕਰਨ ਲਈ ਕਿਹਾ ਸੀ। ਉਨ੍ਹਾਂ ਲਿਖਿਆ ਸੀ, ”ਸੰਗਰੂਰ ‘ਚ ਬੋਰਵੈੱਲ ‘ਚ ਡਿੱਗੇ ਫਤਿਹਵੀਰ ਦੀ ਜ਼ਿੰਦਗੀ ਲਈ ਆਓ ਅਰਦਾਸ ਕਰੀਏ। ਪਰਮਾਤਮਾ ਫਤਿਹ ਨੂੰ ਲੰਬੀ ਉਮਰ ਦੇਵੇ।”

ਉਥੇ ਹੀ ਦੂਜੇ ਪਾਸੇ ਕਾਂਗਰਸ ਨੂੰ ਫਤਿਹਵੀਰ ਦੀ ਮੌਤ ਦਾ ਦੁੱਖ ਜ਼ਾਹਰ ਕਰਨਾ ਮਹਿੰਗਾ ਪੈ ਗਿਆ ਅਤੇ ਲੋਕਾਂ ਨੇ ਕੈਪਟਨ ਤੇ ਰਾਜਾ ਵੜਿੰਗ ਵੱਲੋਂ ਪਾਈਆਂ ਪੋਸਟਾਂ ‘ਤੇ ਜਮ ਕੇ ਭੜਾਸ ਕੱਢੀ। ਜਿਵੇਂ ਹੀ ਇਨ੍ਹਾਂ ਆਗੂਆਂ ਵੱਲੋਂ ਫੇਸਬੁੱਕ ‘ਤੇ ਪੋਸਟ ਪਾ ਕੇ ਫਤਿਹਵੀਰ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਗਿਆ ਤਾਂ ਲੋਕਾਂ ਨੇ ਕੁਮੈਂਟਾਂ ‘ਚ ਗਾਲਾਂ ਦੀ ਝੜੀ ਲਗਾ ਦਿੱਤੀ। ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਫਤਿਹੀਵਰ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਜਿਵੇਂ ਹੀ ਰਾਜ ਵੜਿੰਗ ਨੇ ਇਹ ਪੋਸਟ ਫੇਸਬੁੱਕ ‘ਤੇ ਪਾਈ ਤਾਂ ਲੋਕਾਂ ਦਾ ਗੁੱਸਾ ਭੜਕ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਕੁਮੈਂਟਾਂ ‘ਚ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ।

ਕੁਮੈਂਟਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੇ ਕਾਂਗਰਸ ਨੂੰ ਫਤਿਹਵੀਰ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਰੱਜ ਕੇ ਲਾਹਣਤਾਂ ਪਾਈਆਂ। ਲੋਕਾਂ ਦੀ ਪ੍ਰਤੀਕਿਰਿਆ ਤੋਂ ਸਾਫ ਹੈ ਕਿ ਬੇਸ਼ੱਕ ਪੰਜ ਦਿਨ ਗਾਇਬ ਰਹਿਣ ਵਾਲੇ ਨੇਤਾ ਹੁਣ ਪੋਸਟਾਂ ਪਾ ਕੇ ਫਤਿਹਵੀਰ ਦੀ ਮੌਤ ‘ਤੇ ਦੁੱਖ ਜਤਾ ਰਹੇ ਹਨ ਪਰ ਲੋਕ ਜਾਗਰੂਕ ਹੋ ਚੁੱਕੇ ਹਨ, ਜੋ ਮਗਰਮੱਛ ਦੇ ਹੰਝੂ ਦੇਖ ਕੇ ਪਿਘਲਣਗੇ ਨਹੀਂ।

ਜ਼ਿਕਰਯੋਗ ਹੈ ਕਿ 6 ਜੂਨ ਨੂੰ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਫਤਿਹਵੀਰ ਸਿੰਘ ਖੇਡਦੇ ਹੋਏ ਘਰ ਦੇ ਨੇੜੇ ਬਣੇ ਬੋਰਵੈੱਲ ‘ਚ ਡਿੱਗ ਗਿਆ ਸੀ। ਉਸੇ ਦਿਨ ਤੋਂ ਹੀ ਫਤਿਹਵੀਰ ਨੂੰ ਬਚਾਉਣ ਲਈ ਪੂਰਾ ਦੇਸ਼ ਅਰਦਾਸਾਂ ਕਰ ਰਿਹਾ ਸੀ। ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਫਤਿਹਵੀਰ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਆਖੀਰ ‘ਚ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਉਥੇ ਹੀ ਦੂਜੇ ਪਾਸੇ ਫਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕ ਕੈਪਟਨ ਸਰਕਾਰ ਖਿਲਾਫ ਜਮ ਕੇ ਭੜਾਸ ਕੱਢ ਰਹੇ ਹਨ।

 

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …