Home / Editorial / ਪੈਸਿਆਂ ਦੀ ਕਰਤਾ-ਧਰਤਾ ਬੇਬੇ ਹੀ ਹੈ

ਪੈਸਿਆਂ ਦੀ ਕਰਤਾ-ਧਰਤਾ ਬੇਬੇ ਹੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸੁੱਖੀ ਦੇ ਮੰਮੀ-ਡੈਡੀ ਨਾਲ ਉਸ ਦੀ ਨਾਨੀ ਨਸੀਬੋ ਵੀ ਆਪਦੇ ਪਿੰਡ ਮੁੜ ਗਈ ਸੀ। ਨਾਨੀ ਨੇ ਹੀ ਨੂੰਹਾਂ ਕੋਲੋ ਵਿਆਹ ਦੀ ਤਿਆਰੀ ਕਰਾਂਉਣੀ ਸੀ। ਉਨਾਂ ਨੂੰ ਕਵੇਲੇ ਦੇਖ਼ ਕੇ, ਸੁੱਖੀ ਦੀਆਂ ਦੋਨੇ ਮਾਮੀਆਂ ਹੈਰਾਨ ਹੋ ਗਈਆਂ। ਵੱਡੀ ਮਾਮੀ ਨੇ ਸੁੱਖੀ ਦੇ ਡੈਡੀ ਲਾਭ ਨੂੰ ਪੁੱਛਿਆ, ” ਬਾਈ ਜੀ ਸੁੱਖ ਤਾਂ ਹੈ। ਬੇਬੇ ਤੇ ਭੈਣ ਨਾਲ ਇਸ ਵੇਲੇ ਆਏ ਹੋਂ। ” ਲਾਭ ਨੇ ਕਿਹਾ, ” ਕੀ ਆਪਦੇ ਘਰ ਆਉਣ ਨੂੰ ਵੀ ਸਮਾਂ ਬਿਚਾਰੀਦਾ ਹੈ? ਜਿਥੇ ਰਾਤ ਪੈ ਗਈ। ਉਥੇ ਹੀ ਘਰ ਸਮਝ ਕੇ ਡੇਰੇ ਲੱਗਾਈਦੇ ਹਨ। ” ਸੁੱਖੀ ਦੀ ਛੋਟੀ ਮਾਮੀ ਨੇ ਕਿਹਾ, ” ਬਾਈ ਜੀ ਵੱਡੀ ਨੂੰ ਮਜ਼ਾਕ ਕਰਨ ਦੀ ਆਦਤ ਹੈ। ਤੁਹਾਡਾ ਆਪਦਾ ਘਰ ਹੈ। ਜਦੋਂ ਮਰਜ਼ੀ, ਚਾਹੇ ਅੱਧੀ ਰਾਤ ਨੂੰ ਆਵੋ। ਤੁਸੀਂ ਮੂੰਹ-ਹੱਥ ਧੋ ਕੇ ਰੋਟੀਆਂ ਖਾਵੋ। ” ਸੁੱਖੀ ਦੀ ਮੰਮੀ ਗੇਲੋ ਨੇ ਕਿਹਾ, ” ਸਾਰੇ ਰਸਤੇ ਮੀਂਹ ਪੈਂਦਾ ਰਿਹਾ ਹੈ। ਹਵਾ ਚੱਲਣ ਨਾਲ ਠੰਡ ਹੋ ਗਈ ਹੈ। ਅਜੇ ਵੀ ਠੰਡ ਬਹੁਤ ਲੱਗ ਰਹੀ ਹੈ। ਰੋਟੀ ਤੋਂ ਪਹਿਲਾਂ ਚਾਹ ਪਿਲਾ ਦੇਵੇ। ” ਨਸੀਬੋ ਨੇ ਕਿਹਾ, ” ਰੋਟੀ ਦੀ ਅਜੇ ਭੁੱਖ ਨਹੀਂ ਹੈ। ਲੱਡੂ, ਮਿੱਠਾਈਆਂ ਖਾਦੇ ਹੋਏ ਹਨ। ਅਜੇ ਥੱਲੇ ਨਹੀਂ ਹੋਏ। ”
ਗੇਲੋ ਦੇ ਵੱਡੇ ਭਰਾ ਨੇ ਕਿਹਾ, ” ਮਾਂ ਮੇਰੀਏ ਤੁਸੀਂ ਲੱਡੂ, ਮਿੱਠਾਈਆਂ ਕਿਥੋਂ ਖਾ ਲਏ। ਹਾਈ ਬਲੱਡ ਸ਼ੂਗਰ ਦੀ ਬਿਮਾਰੀ ਹੈ। ਤੁਹਾਨੂੰ ਮਿੱਠਾ ਜ਼ਹਿਰ ਹੈ। ” ” ਹੁਣ ਪੁੱਤ ਬਹੁਤ ਕੰਮ ਕਰਨਾਂ ਪੈਣਾਂ ਹੈ। ਕੰਮ ਕਰਨ ਵਾਲਿਆਂ ਨੂੰ ਤੇ ਖੁਸ਼ੀ ਵਿੱਚ ਕੋਈ ਬਿਮਾਰੀ ਨੇੜੇ ਨਹੀਂ ਲੱਗਦੀ। ਸੁੱਖੀ ਲਈ ਕਨੇਡਾ ਵਾਲਾ ਮੁੰਡਾ ਲੱਭਾ ਹੈ। ਸੁੱਖੀ ਦਾ ਵਿਆਹ ਕਰਨਾਂ ਹੈ। ” ਦੋਂਨੇਂ ਮਾਮੀਆਂ ਗੇਲੋ ਦੇ ਦੁਆਲੇ ਹੋ ਗਈਆਂ। ਛੋਟੀ ਮਾਮੀ ਨੇ ਕਿਹਾ, ” ਬੀਬੀ ਮੁੰਡਾ ਕਿਹੋ ਜਿਹਾ ਹੈ? ਕਿਹਦੇ ਵਰਗਾ ਹੈ? ਕੀ ਕੰਮ ਕਰਦਾ ਹੈ? ” ਗੇਲੋ ਨੇ ਕਿਹਾ, ” ਮੁੰਡਾ 6 ਫੁੱਟ ਊਚਾ ਹੈ। ਮੈਨੂੰ ਤਾਂ ਦੁਨੀਆਂ ਵਿਚੋਂ ਉਹੀ ਸਨੁੱਖਾ ਦਿਸਦਾ ਹੈ। ਕੰਮ ਤਾਂ ਪੁੱਛਿਆਂ ਨਹੀਂ ਕੀ ਕਰਦਾ ਹੈ? ਜਦੋਂ ਕਨੇਡਾ ਵਾਲਾ ਹੈ। ਕੰਮ ਤਾਂ ਕਰਦਾ ਹੀ ਹੋਣਾਂ ਹੈ। ” ਨਸੀਬੋ ਬੇਬੇ ਨੇ ਕਿਹਾ, ” ਬਹੂ ਤੂੰ ਇਉ ਪੁੱਛਦੀ ਹੈ। ਜਿਵੇਂ ਤੂੰ ਵਿਆਹ ਕਰਾਂਉਣਾਂ ਹੋਵੇ। ਮੁੰਡਿਆਂ ਦੀ ਵੀ ਸ਼ਕਲ ਦੇਖ਼ੀਦੀ ਹੈ। ਸ਼ੇਰਾਂ ਦੇ ਮੂੰਹ ਉਤੇ ਕੁਦਰਤੀ ਬਥੇਰਾ ਰੋਹਬ ਹੁੰਦਾ ਹੈ। ”
ਵੱਡੀ ਮਾਮੀ ਨੇ ਕਿਹਾ, ” ਬੇਬੇ ਸ਼ੇਰ ਤੋਂ ਕਿਤੇ ਕੁੜੀ ਡਰ ਹੀ ਨਾਂ ਜਾਵੇ। ਅੱਗੇ ਹੀ ਸੁੱਖੀ ਮੁੱਠੀ ਵਿੱਚ ਆਉਣ ਜੋਗੀ ਹੈ। ” ” ਸੁੱਖੀ ਦੋਤੀ ਕਿਹਦੀ ਹੈ? ਮੇਰੀ ਦੋਤੀ ਇੰਨੀ ਵੀ ਕੰਮਜ਼ੋਰ ਨਹੀਂ ਹੈ। ਜੋ ਲੱਲੂ-ਪੰਜੂ ਤੋਂ ਡਰ ਜਾਵੇਗੀ। ਜਦੋਂ ਮੈਂ ਤੁਹਾਡੇ ਬਾਪੂ ਨੂੰ ਦੱਬਕਾ ਮਾਰਦੀ ਸੀ। ਥਾਂਏ ਦਹਿਲ ਜਾਂਦਾ ਸੀ। ਮੁੜਕੇ ਮੇਰੀ ਗੱਲ ਦਾ ਮੋੜ ਨਹੀਂ ਕਰਦਾ ਸੀ। ” ” ਬੇਬੇ ਤੂੰ ਬਾਪੂ ਤੋਂ ਦੂਗਣੀ ਸੀ। ਉਸ ਦੀ ਘਰ ਵਿੱਚ ਪੁਗਦੀ ਵੀ ਨਹੀਂ ਸੀ। ਜੇ ਬਾਪੂ ਕੁਸਕਦਾ, ਫਿਰ ਤੂੰ ਉਸ ਨੂੰ ਆਪਦੇ ਨੇੜੇ ਨਹੀਂ ਲੱਗਣ ਦੇਣਾਂ ਸੀ। ਬਾਪੂ ਨੇ ਤੇਰੇ ਕੋਲੋ ਰੋਟੀ ਲੈ ਕੇ ਖਾਂਣੀ ਹੁੰਦੀ ਸੀ। ਉਹਦੀ ਕਿਹੜਾ ਮਾਂ ਕੋਲ ਬੈਠੀ ਸੀ? ਵੱਡੀ ਬੇਬੇ ਤਾਂ ਛੋਟੇ ਚਾਚੇ ਵੱਲ ਰਹਿੰਦੀ ਸੀ। ” ” ਗਿੱਠ ਜੁਬਾਨ ਲੱਗੀ ਹੈ। ਕੋਈ ਬੈਠਾਂ ਖੜ੍ਹਾ ਦੇਖ਼ ਲਿਆ ਕਰੋ। ਜੁਮਾਈ ਭਾਈ ਆਇਆ ਹੋਇਆ ਹੈ। ” ” ਬੇਬੇ ਤੂੰ ਤਾਂ ਟੀਚਰ ਵੀ ਨਹੀਂ ਸਹਾਰਦੀ। ਗੁੱਸਾ ਛੱਡ, ਦੱਸ ਸੁੱਖੀ ਦੇ ਵਿਆਹ ਦੀ ਕੀ ਸਲਾਹ ਕਰਨੀ ਹੈ? ਤੇਰਾ ਛੋਟਾ ਪੁੱਤ ਵੀ ਆ ਗਿਆ ਹੈ। ”
ਚਾਰ ਦਿਨਾਂ ਤੋਂ ਚੋਗੀਆਂ ਕਪਾਹ ਚੁਗ ਰਹੀਆਂ ਸਨ। ਸੁੱਖੀ ਦਾ ਛੋਟਾ ਮਾਮਾ ਖੇਤੋਂ ਟਰਾਲੀ ਵਿੱਚ ਕਪਾਹ ਦੀਆਂ ਪੰਡਾ ਲੈ ਕੇ ਆਇਆ ਸੀ। ਟਰਾਲੀ ਵਿਹੜੇ ਵਿਚ ਖੜ੍ਹਾ ਦਿੱਤੀ ਸੀ। ਸਵੇਰ ਨੂੰ ਮੰਡੀ ਲੈ ਕੇ ਜਾਂਣੀ ਸੀ। ਕਿਸਾਨ ਦੇ ਘਰ ਜਦੋਂ ਫ਼ਸਲ ਆਉਂਦੀ ਹੈ। ਖੁਸ਼ੀ ਤੇ ਲਾਲੀ ਚੇਹਰੇ ਉਤੇ ਆ ਜਾਂਦੀ ਹੈ। ਪੱਕੀ ਫ਼ਸਲ ਨੂੰ ਦੇਖ਼ ਕੇ, ਕਰੜੀ ਕੀਤੀ ਮੇਹਨਤ ਦਾ ਥਕੇਵਾਂ ਭੁੱਲ ਜਾਂਦਾ ਹੈ।
ਉਸ ਨੂੰ ਵੱਡੇ ਭਰਾ ਨੇ ਦੱਸਿਆ, ” ਸੁੱਖੀ ਦਾ ਵਿਆਹ ਧਰ ਦਿੱਤਾ ਹੈ। ਵਿਆਹ ਵਿੱਚ ਹਫ਼ਤਾ ਰਹਿੰਦਾ ਹੈ। ਆਪਾਂ ਸੁੱਖੀ ਦੇ ਵਿਆਹ ਵਿੱਚ ਪੈਸੇ ਦੀ ਮਦੱਦ ਕਰਨੀ ਹੈ। ” ” ਇਹ ਟਰਾਲੀ ਕਪਾਹ ਦੀ ਸੁੱਖੀ ਦੇ ਵਿਆਹ ਉਤੇ ਲਾ ਦੇਣੀ ਹੈ। ” ਗੇਲੋ ਨੇ ਕਿਹਾ, ” ਇੰਨੇ ਕੁ ਨਾਲ ਨਹੀਂ ਸਰਨਾਂ। ਪਹਿਲਾ ਵਿਆਹ ਹੈ। ਇਸੇ ਤੋਂ ਨਾਨਕਿਆਂ ਦਾ ਨਾਂਮ ਨਿੱਕਲਣਾਂ ਹੈ। ” ਨਸੀਬੋ ਬੇਬੇ ਨੇ ਕਿਹਾ, ” ਟੂੰਮ ਛੱਲੇ ਦਾ ਫ਼ਿਕਰ ਨਾਂ ਕਰੋਂ। ਮੇਰੇ ਕੋਲ ਬਥੇਰੇ ਭਾਰੀ ਸੰਗੀ ਫੁੱਲ ਤੇ ਥੋਡੇ ਬਾਪੂ ਦਾ ਕੰਠਾ ਪਿਆ ਹੈ। 40 ਤੋਲਿਆਂ ਤੋਂ ਜ਼ਿਆਦਾ ਸੋਨਾ ਪਿਆ ਹੈ। ” ਗੇਲੋ ਨੇ ਕਿਹਾ, ” ਬੇਬੇ ਤੂੰ ਤਾਂ ਮੇਰੇ ਮਨ ਦਾ ਬੋਝ ਉਤਾਰ ਦਿੱਤਾ। ਭਰਜਾਈ ਹੁਣ ਰੋਟੀ ਵੀ ਸੁਆਦ ਲੱਗੇਗੀ। ਨੀਦ ਵੀ ਰੱਜ ਕੇ ਆਵੇਗੀ। ਲਿਆਉ ਰੋਟੀ ਖਾਈਏ। ਸਵੇਰੇ ਸਾਜਰੇ ਤੁਰਨਾਂ ਹੈ। ਘਰ ਬਹੁਤ ਕੰਮ ਕਰਨ ਵਾਲੇ ਹਨ। ਇੱਕ ਜਾਂਣੀ ਮੇਰੇ ਨਾਲ ਚੱਲਿਉ। ” ” ਭੈਣ ਅਸੀਂ ਦੋਂਨੇਂ ਹੀ ਤੇਰੇ ਨਾਲ ਜਾਂਣ ਨੂੰ ਤਿਆਰ ਹਾਂ। ਤਿਆਰੀ ਇਕੱਲੀ ਬੇਬੇ ਨੇ ਹੀ ਕਰ ਲੈਣੀ ਹੈ। ਪੈਸਿਆਂ ਦੀ ਕਰਤਾ-ਧਰਤਾ ਬੇਬੇ ਹੀ ਹੈ। ” ਬਾਬੇ ਨੇ ਨੂੰਹੁ ਨੂੰ ਚੁੱਪ ਕਰਾਂਉਣ ਨੂੰ ਕਿਹਾ, ” ਜੇ ਮੈਂ ਤੁਹਾਨੂੰ ਘਰ ਦੀਆਂ ਚਾਬੀਆਂ ਸੰਭਾਂਲ ਦੇਵਾਂ। ਤੁਸੀ ਤਾਂ ਪੇਕਿਆਂ ਨੁੰ ਲੁੱਟਾ ਦੇਵੋਗੀਆਂ। ਮੈਨੂੰ ਤੀਰਥ ਯਾਤਰਾ ਤੇ ਤੋਰ ਦੇਵੋਗੀਆਂ। ”
ਸੁੱਖੀ ਦੀ ਅੱਖ ਪਟੱਕ ਦੇਣੇ ਖੁੱਲ ਗਈ ਸੀ। ਅਲਾਰਮ ਕਲੌਕ ਵੱਜ ਗਿਆ ਸੀ। ਉਹ ਵਿਆਹ ਵੇਲੇ ਦਾ ਸੁਪਨਾਂ ਦੇਖ਼ ਰਹੀ ਸੀ। ਉਸ ਨੇ ਸੁਖ ਦਾ ਸਾਹ ਲਿਆ। ਵਿਆਹ ਵੇਲੇ ਹੀ ਮਸਾਂ ਉਸ ਹਾਲਤ ਵਿਚੋਂ ਲੰਘੀ ਸੀ। ਸਵੇਰੇ ਉਠ ਕੇ, ਮਸਾਂ ਚਾਹ ਹੀ ਪੀ ਹੁੰਦੀ ਸੀ। ਸੁੱਖੀ ਨੇ ਸਟੋਪ ਉਤੇ ਚਾਹ ਰੱਖ ਦਿੱਤੀ। ਆਪ ਕੰਘੀ ਤੇ ਬਰਸ਼ ਕਰਨ ਲੱਗ ਗਈ। ਉਸ ਦੀ ਸੱਸ ਸੋਫ਼ੇ ਉਤੇ ਬੈਠੀ, ਟੀਵੀ ਉਤੇ ਕੀਰਤਨ ਸੁਣ ਰਹੀ ਸੀ। ਉਸ ਨੇ ਕਿਹਾ, ” ਸੁੱਖ ਚਾਹ ਰਿਜ-ਰਿਜ ਕੇ ਕਮਲੀ ਹੋ ਗਈ ਹੈ। ਤੇਰਾ ਸ਼ੀਸ਼ਾ ਸੁਰਮਾਂ ਨਹੀਂ ਮੁੱਕਿਆ। ” ” ਮੰਮੀ ਵਾਲ ਹੀ ਮਸਾਂ ਵਾਹੇ ਹਨ। ਬੱਸ ਹੁਣੇ ਆ ਗਈ। ” ” ਮੇਰੇ ਤਾਂ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ। ਇਹੋ ਜਿਹੇ ਕੰਮ ਨੂੰ ਮੈਂ ਬਿੰਦ ਲਗਾਉਂਦੀ ਸੀ। ਤੂੰ ਪਾਣੀ ਵਿੱਚ ਮਧਾਣੀ ਪਾਈ ਰੱਖਦੀ ਹੈ। ” ” ਮੰਮੀ ਜੀ ਮਧਾਣੀ ਪਾਉਣ ਦਾ ਸਮਾਂ ਕਿਥੇ ਹੈ? 10 ਮਿੰਟ ਵੀ ਮੈਨੂੰ ਉਠੀ ਨੂੰ ਨਹੀਂ ਹੋਏ। ਪੰਜ ਵਜੇ ਤੋਂ ਦੁਪਿਹਰ ਦੇ ਇੱਕ ਵਜੇ ਤੱਕ ਨੌਕਰੀ ਕਰਨੀ ਹੈ। ਇੱਕ ਘੰਟਾ ਆ ਕੇ ਫਿਰ ਤੁਹਾਡਾ ਲੰਚ ਬੱਣਾਂਉਣ ਉਤੇ ਲਗਾਉਣਾਂ ਹੈ। ਪੰਜ ਘੰਟੇ ਦੀ ਫਿਰ ਜੌਬ ਕਰਨ ਜਾਂਣਾ ਹੈ। ” ” ਨੌਕਰੀ ਕਰਕੇ ਕੇ, ਕਿਹੜਾ ਮੈਨੂੰ ਡਾਲਰ ਫੜਾਉਣੇ ਹਨ? ਪੇਕਿਆਂ ਨੂੰ ਹੀ ਭੇਜਣੇ ਹਨ। ਮੈਨੂੰ ਤੇਰੇ ਡਾਲਰ ਕਮਾਂਇਆਂ ਦਾ ਕੀ ਭਾਅ ਹੈ? ” ਸੁੱਖੀ ਨੇ ਚੁੱਪ ਰਹਿੱਣਾਂ ਹੀ ਠੀਕ ਸਮਝਿਆ।
ਗੈਰੀ ਦਾ ਡੈਡੀ ਭਾਗ ਸੁੱਤਾ ਪਿਆ ਸੀ। ਰੌਲਾ ਸੁਣ ਕੇ, ਉਠ ਆ ਗਿਆ ਸੀ। ਉਸ ਨੇ ਕਿਹਾ, ” ਤੁਸੀ ਸਵੇਰੇ-ਸਵੇਰੇ, ਘਰ ਨੂੰ ਮੱਛੀ ਬਜ਼ਾਰ ਬੱਣਾਂਇਆ ਹੈ। ਕਿਹੜੀਆਂ ਗੱਲਾਂ ਦਾ ਰੌਲਾ ਪਾਇਆ ਹੈ। ” ” ਬਹੂ ਨੇ ਘਰ ਸਿਰ ਉਤੇ ਚੱਕਿਆ ਹੋਇਆ ਹੈ। ਇੱਕ ਗੱਲ ਮੂੰਹ ਵਿੱਚੋਂ ਨਿੱਕਲਣ ਨਹੀਂ ਦਿੰਦੀ। ਚਾਰ ਸੁਣੋਂਉਂਦੀ ਹੈ। ਤੋਬਾ-ਤੋਬਾ, ਰਾਮ ਦੀ ਦੁਹਾਈ। ਪਾਠ ਹੋ ਰਿਹਾ ਹੈ। ਇਸ ਦਾ ਵੀ ਕੋਈ ਡਰ, ਭੈ ਨਹੀ ਹੈ। ” ” ਉਹ ਤਾਂ ਬੱਚੀ ਹੈ। ਪਾਠ ਦਾ ਅਸਰ ਤੇਰੇ ਉਤੇ ਹੋਣਾਂ ਚਾਹੀਦਾ ਹੈ। ਕੀ ਤੇਰਾ ਤਾਂ ਪਾਠ ਸੁਣਨ ਵੱਲ ਹੀ ਧਿਆਨ ਹੈ ਨਾਂ? ਉਸ ਨੂੰ 20 ਕੰਮ ਹਨ। ਭੱਜ-ਨੱਠ ਕਰਕੇ, ਪੂਰਾ ਘਰ ਸਾਂਭੀ ਫਿਰਦੀ ਹੈ। ” ” ਤੇਰਾ ਮੱਤਲਬ ਹੈ। ਮੇਰਾ ਪਾਠ ਸੁਣਨ ਵਿੱਚ ਧਿਅਨ ਨਹੀਂ ਲੱਗਦਾ। ਉਸ ਨਾਲ ਮੈਂ ਲੜਦੀ ਹਾਂ। ” ” ਹਾਂ ਠੀਕ ਹੈ। ਜੇ ਤੈਨੂੰ ਐਡੀ ਛੇਤੀ ਸਮਝ ਲੱਗ ਗਈ ਹੈ। ਹੁਣ ਤੇਰੀ ਉਮਰ ਹੋ ਗਈ ਹੈ। ਇਕੋ ਪਾਸੇ ਰੱਬ ਵੱਲ ਸੁਰਤੀ ਜੋੜ ਕੇ ਰੱਖ। ਕੰਮ ਤਾਂ ਅਕਸਰ ਨੂੰ ਸੁੱਖੀ ਨੇ ਹੀ ਕਰਨੇ ਹਨ। ਜੇ ਤੂੰ ਕੋਈ ਕੰਮ ਨਹੀਂ ਕਰਨਾ। ਤੂੰ ਉਸ ਦੇ ਕੰਮਾਂ ਤੋਂ ਕੀ ਲੈਣਾਂ ਹੈ? ”
ਸੀਬੋ ਨੇ ਕਿਹਾ, ” ਮੈਂ ਤਾਂ ਸਵੇਰੇ ਉਠ ਕੇ, ਲੰਚ ਬੱਣਾਂਉਂਦੀ ਸੀ। ਇਹ ਇਕੋ ਟਾਇਮ ਡੀਨਰ, ਲੰਚ ਦਾ ਰਾਤ ਨੂੰ ਹੀ ਫਾਹਾ ਵੱਡ ਦਿੰਦੀ ਹੈ। ” ” ਕਿਉਂ ਝੂਠ ਬੋਲਦੀ ਹੈ। ਮੈਂ ਟਾਊਨ ਤੋਂ ਆਊਟ ਰਹਿੰਦਾ ਸੀ। ਵੀਕਇੰਡ ਨੂੰ ਆਉਂਦਾ ਸੀ। ਗੈਰੀ ਬੇਬੀ-ਸਿਟਰ ਕੋਲ ਰਹਿੰਦਾ ਸੀ। ਤੂੰ ਇਕੱਲੀ ਨੇ ਧੱਲੇ ਦੀਆਂ ਲਾਈਆਂ ਹਨ। ” ” ਚੁੱਪ-ਚੁੱਪ, ਬਕਵਾਸ ਨਹੀਂ ਕਰਨੀ। ਕੋਈ ਸੁਣ ਲਵੇਗਾ। ਸੁੱਖੀ ਤਾਂ ਪਹਿਲਾਂ ਹੀ ਮਾਨ ਨਹੀਂ ਹੈ। ” ” ਗੈਰੀ ਦੀ ਮਾਂ ਇਸੇ ਤਰਾ ਸਬ ਦੇ ਪਰਦੇ ਢੱਕੇ ਰਹਿੱਣ ਦੇਣੇ ਚਾਹੀਦੇ ਹਨ। ਸਾਰੀ ਦਿਹਾੜੀ ਸੋਫ਼ੇ ਉਤੇ ਬੈਠੀ ਉੱਲੂ ਵਾਂਗ ਝਾਂਕੀ ਜਾਂਦੀ ਹੈ। ਕੁੱਤੇ ਵਾਂਗ ਭੌਕੀਂ ਜਾਂਦੀ ਹੈ। ਕੋਈ ਤੇਰੀ ਪ੍ਰਵਾਹ ਨਹੀਂ ਕਰਦਾ। ਜਿੰਨਾਂ ਧਿਆਨ ਤੂੰ ਘਰ, ਆਉਣ-ਜਾਂਣ ਵਾਲਿਆ ਵਿੱਚ ਦਿੰਦੀ ਹੈ। ਕਿਸੇ ਕੰਮ ਵਿੱਚ ਲੱਗਾ। ਤੇਰਾ ਜੀਅ ਲੱਗ ਜਾਵੇ। ”
ਬੱਚਿਆਂ ਤੇ ਗੈਰੀ ਦਾ ਲੰਚ ਰਾਤ ਨੂੰ ਹੀ ਪੈਕ ਕਰਕੇ ਰੱਖ ਦਿੱਤਾ ਸੀ। ਜਿਆਦਾ ਤਰ ਚੌਲ, ਚਿਕਨ, ਬਰਿਡ ਦੇ ਸੰਨਵਿਚ, ਟੋਸਟ, ਫ਼ਲ, ਸੈਲਿਡ ਹੀ ਖਾਂਣ ਨੂੰ ਹੁੰਦੇ ਸਨ। ਇੰਨੀ ਤੇਜ ਜਿੰਦਗੀ ਵਿੱਚ, ਹਰ ਕੋਈ ਝੱਟ-ਪੱਟ ਬੱਣਨ ਵਾਲਾ ਫੂਡ ਹੀ ਪਸੰਦ ਕਰਦਾ ਹੈ। ਸੱਸ-ਸੌਹੁਰੇ ਦੀ ਰੋਟੀ ਦੁਪਿਹਰੇ ਆ ਕੇ ਬੱਣਾਂ ਦਿੰਦੀ ਸੀ। ਹੁਣ ਤਾਂ ਤਿੰਨ ਬੱਚਿਆਂ ਦੀ ਮਾਂ ਬੱਣ ਗਈ ਸੀ। ਇੱਕ ਮੁੰਡਾ ਉਸ ਦਾ ਆਪਣਾਂ ਸੀ। ਗੈਰੀ ਨੇ, ਗੋਰੀ ਨਾਲ ਦੋ ਬੱਚੇ ਬੱਣਾਏ ਸਨ। ਗੋਰੀ, ਗੈਰੀ ਦੇ ਦੋਸਤ ਕੋਲ ਚੱਲੀ ਗਈ ਸੀ। ਵੱਡੀ ਕੁੜੀ ਕਿਮ ਸੀ। ਜੋ ਸੁੱਖੀ ਤੋਂ 15 ਸਾਲ ਛੋਟੀ ਸੀ। ਉਸ ਤੋਂ ਛੋਟਾ 13 ਸਾਲਾਂ ਦਾ ਮੁੰਡਾ ਬੋਬ ਸੀ। ਗੈਰੀ ਦੇ ਮੰਮੀ-ਡੈਡੀ ਤੇ ਗੈਰੀ ਦੇ ਸਾਰੇ ਕੰਮ ਸੁੱਖੀ ਨੂੰ ਕਰਨੇ ਪੈਂਦੇ ਸਨ। ਫੱਟਾ-ਫੱਟ ਉਸ ਨੇ ਬਿਡ ਉਤੇ ਰਜਾਈ ਸਿਧੀ ਕਰ ਦਿੱਤੀ ਸੀ। ਗੈਰੀ ਪੂਰੀ ਰਾਤ ਟੈਕਸੀ ਚਲਾਉਂਦਾ ਸੀ। ਦਿਨ ਨੂੰ ਸੌਂਦਾ ਸੀ। ਸੁੱਖੀ ਨੂੰ ਨੌਕਰੀ ਵੀ ਕਰਨੀ ਪੈਂਦੀ ਸੀ। ਹੋਰ ਪੈਸੇ ਬੱਚਾਉਣ ਨੂੰ ਉਹ ਦੋ ਜੌਬਾਂ ਕਰਦੀ ਸੀ।

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …