Home / Punjabi News / ਧਰਮਸ਼ਾਲਾ ’ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਗੇਟ ’ਤੇ ਲੱਗੇ ਖਾਲਿਸਤਾਨ ਦੇ ਝੰਡੇ

ਧਰਮਸ਼ਾਲਾ ’ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਗੇਟ ’ਤੇ ਲੱਗੇ ਖਾਲਿਸਤਾਨ ਦੇ ਝੰਡੇ

ਧਰਮਸ਼ਾਲਾ, 8 ਮਈ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ ‘ਤੇ ਖਾਲਿਸਤਾਨ ਦੇ ਝੰਡੇ ਅਤੇ ਦੀਵਾਰਾਂ ‘ਤੇ ਨਾਅਰੇ ਲਿਖੇ ਹੋਏ ਮਿਲੇ। ਇਹ ਝੰਡੇ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ ਨੰਬਰ ਇਕ ਦੇ ਬਾਹਰ ਲਾਏ ਗੲੇ ਸਨ। ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਇਹ ਝੰਡੇ ਹਟਾ ਦਿੱਤੇ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅਕਸਰ ਧਰਮਸ਼ਾਲਾ ‘ਚ ਹੁੰਦਾ ਹੈ। ਕਾਂਗੜਾ ਦੇ ਐੱਸਪੀ ਕੁਸ਼ਲ ਸ਼ਰਮਾ ਨੇ ਕਿਹਾ ਕਿ ਇਹ ਝੰਡੇ ਕੱਲ ਦੇਰ ਰਾਤ ਜਾਂ ਅੱਜ ਤੜਕੇ ਲਾਏ ਗੲੇ ਹੋਣਗੇ। ‘ਅਸੀਂ ਵਿਧਾਨ ਸਭਾ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਮਾਮਲਾ ਦਰਜ ਕੀਤਾ ਜਾਵੇਗਾ।’ ਘਟਨਾ ਦੀ ਨਿਖੇਧੀ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਫੜ ਲਿਆ ਜਾਵੇਗਾ। ਉਨ੍ਹਾਂ ਟਵੀਟ ਕਰਕੇ ਕਿਹਾ,”ਮੈਂ ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ਦੇ ਗੇਟ ‘ਤੇ ਰਾਤ ਦੇ ਹਨੇਰੇ ‘ਚ ਲਾਏ ਗਏ ਖਾਲਿਸਤਾਨੀ ਝੰਡਿਆਂ ਦੀ ਨਿਖੇਧੀ ਕਰਦਾ ਹਾਂ। ਇਥੇ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਹੁੰਦਾ ਹੈ ਅਤੇ ਉਸ ਸਮੇਂ ਇਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੁੰਦੇ ਹਨ। ਇਸ ਦਾ ਲਾਹਾ ਲੈਂਦਿਆਂ ਇਹ ਕਾਇਰਾਨਾ ਹਰਕਤ ਕੀਤੀ ਗਈ ਹੈ ਪਰ ਸਰਕਾਰ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਦੋਸ਼ੀ ਜਿਥੇ ਮਰਜ਼ੀ ਹੋਣ, ਉਨ੍ਹਾਂ ਨੂੰ ਛੇਤੀ ਫੜ ਲਿਆ ਜਾਵੇਗਾ। ਇਸ ਘਟਨਾ ਦੇ ਸਾਜ਼ਿਸਘਾੜਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।” ਸਥਾਨਕ ਵਿਧਾਇਕ ਵਿਸ਼ਾਲ ਨੇਹਰੀਆ ਨੇ ਇਸ ਘਟਨਾ ਨੂੰ ਘਿਣਾਉਣਾ ਅਤੇ ਰਾਤ ਦੇ ਹਨੇਰੇ ‘ਚ ਕੀਤੀ ਗਈ ਕਾਇਰਾਨਾ ਹਰਕਤ ਕਰਾਰ ਦਿੱਤਾ ਹੈ। ਵਿਧਾਇਕ ਨੇ ਕਿਹਾ,”ਅਸੀਂ ਹਿਮਾਚਲ ਪ੍ਰਦੇਸ਼ ਦੇ ਲੋਕ ਅਤੇ ਸਾਰੇ ਭਾਰਤੀ ਕਥਿਤ ਖਾਲਿਸਤਾਨ ਦੇ ਸਮਰਥਕਾਂ ਦੀ ਕਿਸੇ ਵੀ ਧਮਕੀ ਤੋਂ ਨਹੀਂ ਡਰਦੇ ਹਾਂ।” ਕਾਂਗਰਸ ਦੇ ਕੌਮੀ ਸਕੱਤਰ ਸੁਧੀਰ ਸ਼ਰਮਾ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਧਰਮਸ਼ਾਲਾ ਵਿਧਾਨ ਸਭਾ ਦੇ ਬਾਹਰ ਸੀਸੀਟੀਵੀ ਦਾ ਕੰਮ ਨਾ ਕਰਨਾ ਅਤੇ ਉਥੇ ਸੁਰੱਖਿਆ ਕਰਮੀਆਂ ਦਾ ਨਾ ਹੋਣਾ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ‘ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਹਿਮਾਚਲ ਦੇ ਲੋਕ ਅਜਿਹੀਆਂ ਤਾਕਤਾਂ ਨੂੰ ਸਿਰ ਨਹੀਂ ਉਠਾਉਣ ਦੇਣਗੇ। -ਪੀਟੀਆਈ

ਹਿਮਾਚਲ ‘ਚ ਹਾਈ ਅਲਰਟ, ਪੰਨੂ ਖ਼ਿਲਾਫ਼ ਕੇਸ ਦਰਜ

ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਕੰਧਾਂ ‘ਤੇ ਖਾਲਿਸਤਾਨ ਦੇ ਬੈਨਰ ਤੇ ਝੰਡੇ ਲੱਗਣ ਦੇ ਮਾਮਲੇ ‘ਚ ਪੁਲੀਸ ਨੇ ਅਮਰੀਕਾ ਅਧਾਰਿਤ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਯੂਏਪੀਏ ਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਹਿਮਾਚਲ ਤੇ ਨੇੜਲੇ ਸੂਬਿਆਂ ਵਿਚ ਖਾਲਿਸਤਾਨ ਪੱਖੀ ਗਤੀਵਿਧੀਆਂ ਵਧਣ ‘ਤੇ ਸੂਬਾ ਪੁਲੀਸ ਮੁਖੀ ਨੇ ਰਾਜ ਦੇ ਬਾਰਡਰ ‘ਸੀਲ’ ਕਰਨ ਦਾ ਹੁਕਮ ਦਿੱਤਾ ਹੈ। ਰਾਜ ਵਿਚ ਹਾਈ ਅਲਰਟ ਜਾਰੀ ਕਰਕੇ ਸਾਰੀਆਂ ਅੰਤਰ-ਰਾਜੀ ਹੱਦਾਂ ਦੀ ਕਰੜੀ ਨਿਗਰਾਨੀ ਕੀਤੀ ਜਾ ਰਹੀ ਹੈ। ਪੂਰੇ ਰਾਜ ਵਿਚ ਸੰਵੇਦਨਸ਼ੀਲ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। -ਪੀਟੀਆਈ

ਕੈਪਟਨ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਵੰਡਪਾਊ ਤਾਕਤਾਂ ਅਜਿਹੀਆਂ ਕਾਰਵਾਈਆਂ ਨਾਲ ਦੇਸ਼ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਿਗਾੜਨ ਦੀਆਂ ਕੋਸ਼ਿਸ਼ਾਂ ‘ਚ ਹਨ। ਉਨ੍ਹਾਂ ਟਵੀਟ ਕਰਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਾਜ਼ਿਸ਼ਘਾੜਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ਨੂੰ ਘੇਰਿਆ

ਨਵੀਂ ਦਿੱਲੀ: ਉੱਘੇ ਕਵੀ ਕੁਮਾਰ ਵਿਸ਼ਵਾਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਬਿਨਾਂ ਮੁੜ ਹਮਲਾ ਕੀਤਾ ਹੈ। ਕੁਮਾਰ ਵਿਸ਼ਵਾਸ ਨੇ ਟਵੀਟ ਕਰਕੇ ਕਿਹਾ,”ਮੈਂ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ। ਫਿਰ ਆਖ ਰਿਹਾ ਹਾਂ, ਦੇਸ਼ ਮੇਰੀ ਚਿਤਾਵਨੀ ਨੂੰ ਯਾਦ ਰੱਖੇ। ਮੈਂ ਪੰਜਾਬ ਦੀਆਂ ਚੋਣਾਂ ਸਮੇਂ ਵੀ ਕਿਹਾ ਸੀ ਪਰ ਹੁਣ ਉਸ ਦੀ ਨਜ਼ਰ ਹਿਮਾਚਲ ਪ੍ਰਦੇਸ਼ ‘ਤੇ ਹੈ।” ਕੁਮਾਰ ਵਿਸ਼ਵਾਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਅਜਿਹੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੇ ਉਸ ਨੂੰ ਕਿਹਾ ਸੀ ਕਿ ਇਕ ਦਿਨ ਉਹ ਪੰਜਾਬ ਦਾ ਸੀਐੱਮ ਜਾਂ ਇਕ ਆਜ਼ਾਦ ਮੁਲਕ (ਖਾਲਿਸਤਾਨ) ਦਾ ਪੀਐੱਮ ਬਣੇਗਾ। -ਏਜੰਸੀ

ਹਿਮਾਚਲ ਦੀ ਭਾਜਪਾ ਸਰਕਾਰ ਕੌਮੀ ਸੁਰੱਖਿਆ ਦੇ ਮਾਮਲੇ ‘ਚ ਨਾਕਾਮ: ‘ਆਪ’

ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਨੇ ਕੇਂਦਰ ਅਤੇ ਹਿਮਾਚਲ ‘ਚ ਭਾਜਪਾ ਦੀ ਸਰਕਾਰ ‘ਤੇ ਕੌਮੀ ਸੁਰੱਖਿਆ ਮਾਮਲੇ ‘ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ,”ਹਿਮਾਚਲ ਪ੍ਰਦੇਸ਼ ਵਿਧਾਨ ਸਭਾ ‘ਤੇ ਖਾਲਿਸਤਾਨੀ ਝੰਡੇ ਲੱਗਣ ਦੀ ਘਟਨਾ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ ਅਤੇ ਇਹ ਪੂਰੀ ਭਾਜਪਾ ਦੀ ਅਸਫ਼ਲਤਾ ਹੈ। ਭਾਜਪਾ ਅਤੇ ਉਨ੍ਹਾਂ ਦੀਆਂ ਸਰਕਾਰਾਂ ਇੱਕ ਗੁੰਡੇ (ਤੇਜਿੰਦਰਪਾਲ ਸਿੰਘ ਬੱਗਾ) ਨੂੰ ਬਚਾਉਣ ਵਿੱਚ ਰੁੱਝੀਆਂ ਹੋਈਆਂ ਹਨ ਤਾਂ ਉਹ ਹਿਮਾਚਲ ਪ੍ਰਦੇਸ਼ ਤੇ ਦੇਸ਼ ਦੀ ਰੱਖਿਆ ਕਿਵੇਂ ਕਰਨਗੇ?” ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਇਕ ਆਤਿਸ਼ੀ ਨੇ ਕਿਹਾ ਕਿ ਜੇਕਰ ਭਾਜਪਾ ਵਿਧਾਨ ਸਭਾ ਨੂੰ ਸੁਰੱਖਿਆ ਨਹੀਂ ਦੇ ਸਕਦੀ ਹੈ ਤਾਂ ਆਮ ਆਦਮੀ ਨੂੰ ਕੀ ਸੁਰੱਖਿਆ ਦੇਵੇਗੀ। ‘ਆਪ’ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਹਿਮਾਚਲ ਵਿਧਾਨ ਸਭਾ ਕੰਪਲੈਕਸ ਦੇ ਆਲੇ-ਦੁਆਲੇ ਖਾਲਿਸਤਾਨੀ ਝੰਡੇ ਲਗਾਉਣਾ ਦੇਸ਼ ਤੇ ਹਿਮਾਚਲ ਪ੍ਰਦੇਸ਼ ਲਈ ਸ਼ਰਮ ਵਾਲੀ ਗੱਲ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ, ”ਪੂਰੀ ਭਾਜਪਾ ਇੱਕ ਗੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਹੜੀ ਸਰਕਾਰ ਵਿਧਾਨ ਸਭਾ ਨੂੰ ਨਹੀਂ ਬਚਾਅ ਸਕਦੀ, ਉਹ ਲੋਕਾਂ ਨੂੰ ਕਿਵੇਂ ਬਚਾਏਗੀ। ਇਹ ਹਿਮਾਚਲ ਦੀ ਇੱਜ਼ਤ ਦਾ ਸਵਾਲ ਹੈ ਅਤੇ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।”


Source link

Check Also

ਗ੍ਰਿਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਈਡੀ ਤੋਂ 24 ਤੱਕ ਜੁਆਬ ਮੰਗਿਆ

ਨਵੀਂ ਦਿੱਲੀ, 15 ਅਪਰੈਲ ਸੁਪਰੀਮ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ …