Home / Punjabi News / ਟਰੰਪ ਹਮਾਇਤੀਆਂ ਵੱਲੋਂ ਅਮਰੀਕੀ ਸੰਸਦ ਭਵਨ ’ਤੇ ਹਮਲਾ, ਚਾਰ ਹਲਾਕ

ਟਰੰਪ ਹਮਾਇਤੀਆਂ ਵੱਲੋਂ ਅਮਰੀਕੀ ਸੰਸਦ ਭਵਨ ’ਤੇ ਹਮਲਾ, ਚਾਰ ਹਲਾਕ

ਟਰੰਪ ਹਮਾਇਤੀਆਂ ਵੱਲੋਂ ਅਮਰੀਕੀ ਸੰਸਦ ਭਵਨ ’ਤੇ ਹਮਲਾ, ਚਾਰ ਹਲਾਕ

ਵਾਸ਼ਿੰਗਟਨ, 7 ਜਨਵਰੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਦੇ ਯੂਐੱਸ ਕੈਪੀਟਲ (ਸੰਸਦ ਭਵਨ) ‘ਚ ਦਾਖਲ ਹੋ ਜਾਣ ਕਾਰਨ ਉਨ੍ਹਾਂ ਦੀ ਪੁਲੀਸ ਨਾਲ ਹਿੰਸਕ ਝੜਪ ਹੋ ਗਈ। ਇਸ ਝੜਪ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਵੀ ਹੋਏ ਹਨ। ਕਾਂਗਰਸ ਨੇ ਇਸ ਘਟਨਾ ਕਾਰਨ ਹੋਈ ਦੇਰੀ ਤੋਂ ਬਾਅਦ ਅੱਜ ਆਪਣੇ ਸਾਂਝੇ ਸੈਸ਼ਨ ‘ਚ ਬਾਇਡਨ ਤੇ ਹੈਰਿਸ ਦੀ ਚੋਣ ਦੀ ਰਸਮੀ ਤੌਰ ‘ਤੇ ਪੁਸ਼ਟੀ ਕਰ ਦਿੱਤੀ ਹੈ ਤੇ ਇਸ ਮਗਰੋਂ ਰਾਸ਼ਟਰਪਤੀ ਡੋਨਲਡ ਟਰੰਪ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਸੱਤਾ ਤਬਦੀਲ ਕਰਨ ਲਈ ਰਾਜ਼ੀ ਹੋ ਗਏ ਹਨ। ਪੈਨਸਿਲਵੇਨੀਆ ਤੇ ਐਰੀਜ਼ੋਨਾ ਸੂਬਿਆਂ ‘ਚ ਵੋਟਾਂ ‘ਤੇ ਰਿਪਬਲਿਕਨਾਂ ਦੇ ਇਤਰਾਜ਼ ਸੈਨੇਟ ਤੇ ਪ੍ਰਤੀਨਿਧ ਸਭਾ ਦੋਵਾਂ ਵੱਲੋਂ ਖਾਰਜ ਕੀਤੇ ਜਾਣ ਤੋਂ ਇਲੈਕਟੋਰਲ ਕਾਲਜ ਵੋਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਕਾਂਗਰਸ ਦੇ ਮੈਂਬਰ ਬੀਤੇ ਦਿਨ ‘ਇਲੈਕਟੋਰਲ ਕਾਲਜ ਵੋਟ’ ਦੀ ਗਿਣਤੀ ਕਰ ਰਹੇ ਸੀ। ਇਸੇ ਦੌਰਾਨ ਵੱਡੀ ਗਿਣਤੀ ‘ਚ ਟਰੰਪ ਦੇ ਹਮਾਇਤੀ ਸੁਰੱਖਿਆ ਪ੍ਰਬੰਧ ਤੋੜਦੇ ਹੋਏ ਸੰਸਦ ਭਵਨ ‘ਚ ਦਾਖਲ ਹੋ ਗਏ। ਪੁਲੀਸ ਨੂੰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ‘ਚ ਵੱਡੀ ਮੁਸ਼ੱਕਤ ਕਰਨੀ ਪਈ। ਉੱਪ ਰਾਸ਼ਟਰਪਤੀ ਮਾਈਕ ਪੈਂਸ ਤੇ ਹੋਰ ਸੰਸਦ ਮੈਂਬਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ। ਪੁਲੀਸ ਨੇ ਦੱਸਿਆ ਕਿ ਇਸ ਹੰਗਾਮੇ ਤੇ ਹਿੰਸਾ ਵਿਚਾਲੇ ਇੱਕ ਪੁਲੀਸ ਅਧਿਕਾਰੀ ਵੱਲੋਂ ਚਲਾਈ ਗਈ ਗੋਲੀ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ। ਪੁਲੀਸ ਨੇ 68 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ। ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਵੀ ਹੋਏ ਹਨ। ਹਾਲਾਤ ਵਿਗੜਦੇ ਦੇਖ ਕੇ ਮੇਅਰ ਨੇ ਇਲਾਕੇ ‘ਚ ਕਰਫਿਊ ਦਾ ਐਲਾਨ ਕਰ ਦਿੱਤਾ। ਟਰੰਪ ਹਮਾਇਤੀਆਂ ਵੱਲੋਂ ਕੀਤੀ ਗਈ ਹਿੰਸਾ ‘ਚ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਦੇ ਦਫ਼ਤਰ ਦੀ ਵੀ ਭੰਨਤੋੜ ਕੀਤੀ ਗਈ ਹੈ। ਪੈਲੋਸੀ ਨੇ ਦੱਸਿਆ ਕਿ ਭੀੜ ਨੇ 80 ਸਾਲਾ ਡੈਮੋਕਰੈਟਿਕ ਆਗੂ ਦੀ ਅਤਿ ਸੁਰੱਖਿਅਤ ਇਮਾਰਤ ‘ਚ ਸਥਿਤ ਦਫ਼ਤਰ ‘ਚ ਲੱਗਾ ਵੱਡਾ ਸ਼ੀਸ਼ਾ ਤੋੜ ਦਿੱਤਾ ਤੇ ਦਰਵਾਜ਼ੇ ‘ਤੇ ਲੱਗੀ ਨਾਂ ਦੀ ਪੱਟੀ ਪੁੱਟ ਸੁੱਟੀ। ਇਸੇ ਦੌਰਾਨ ਅਮਰੀਕਾ ਦੇ ਚਾਰ ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਜਾਰਜ ਡਬਲਿਊ ਬੁਸ਼, ਬਿਲ ਕਲਿੰਟਨ ਤੇ ਜਿਮੀ ਕਾਰਟਰ ਨੇ ਯੂਐੱਸ ਕੈਪੀਟਲ ‘ਚ ਹਿੰਸਾ ਭੜਕਾਉਣ ਲਈ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਤਿੱਖਾ ਹਮਲਾ ਕਰਦਿਆਂ ਟਰੰਪ ਦੇ ਹਮਾਇਤੀਆਂ ਦੀ ਕਾਰਵਾਈ ਦੀ ਆਲੋਚਨਾ ਕੀਤੀ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ 20 ਜਨਵਰੀ ਨੂੰ ਜੋਅ ਬਾਇਡਨ ਨੂੰ ਨਿਰਧਾਰਤ ਢੰਗ ਨਾਲ ਸੱਤਾ ਤਬਦੀਲ ਕਰ ਦਿੱਤੀ ਜਾਵੇਗੀ। ਅਮਰੀਕਾ ਦੇ ਅਗਲੇ ਰਾਸ਼ਟਰਪਤੀ ਲਈ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਜਿੱਤ ਨੂੰ ਰਸਮੀ ਤੌਰ ‘ਤੇ ਪ੍ਰਮਾਣਿਤ ਕੀਤੇ ਜਾਣ ਲਈ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਤੋਂ ਬਾਅਦ ਟਰੰਪ ਦਾ ਇਹ ਬਿਆਨ ਆਇਆ ਹੈ। ਟਰੰਪ ਨੇ ਕਿਹਾ, ‘ਹਾਲਾਂਕਿ ਮੈਂ ਚੋਣ ਨਤੀਜਿਆਂ ਨਾਲ ਪੂਰੀ ਤਰ੍ਹਾਂ ਅਸਹਿਮਤ ਹਾਂ। ਇਸ ਦੇ ਬਾਵਜੂਦ 20 ਜਨਵਰੀ ਨੂੰ ਨਿਰਧਾਰਤ ਢੰਗ ਨਾਲ ਸੱਤਾ ਤਬਦੀਲ ਹੋਵੇਗੀ।’ ਸੰਸਦ ‘ਚ ਬਾਇਡਨ (78) ਤੇ ਹੈਰਿਸ (59) ਦੀ ਜਿੱਤ ਦੀ ਪੁਸ਼ਟੀ ਤੋਂ ਬਾਅਦ ਟਰੰਪ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਰਾਸ਼ਟਰਪਤੀ ਵਜੋਂ ਸ਼ਾਨਦਾਰ ਪਹਿਲੇ ਕਾਰਜਕਾਲ ਦਾ ਅੰਤ ਹੋ ਗਿਆ ਹੈ। ਇਸੇ ਦੌਰਾਨ ਯੂਐੱਸ ਕੈਪੀਟਲ ‘ਚ ਹਿੰਸਾ ਤੋਂ ਬਾਅਦ ਰਾਸ਼ਟਰਪਤੀ ਦੇ ਕੌਮੀ ਸੁਰੱਖਿਆ ਉੱਪ ਸਲਾਹਕਾਰ ਮੈਟ ਪੌਂਟੀਗਰ, ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦੀ ਚੀਫ ਆਫ ਸਟਾਫ ਸਟੈਫਨੀ ਗ੍ਰੀਸ਼ਮ, ਵ੍ਹਾਈਟ ਹਾਊਸ ਦੀ ਪ੍ਰੈੱਸ ਉੱਪ ਸਕੱਤਰ ਸਾਰਾ ਮੈਥਿਊਜ਼ ਨੇ ਅਸਤੀਫਾ ਦੇ ਦਿੱਤਾ ਹੈ।
-ਏਪੀ

ਆਲਮੀ ਆਗੂਆਂ ਵੱਲੋਂ ਅਮਰੀਕਾ ‘ਚ ਹੋਈ ਹਿੰਸਾ ਦੀ ਨਿੰਦਾ

ਨਵੀਂ ਦਿੱਲੀ/ਵਾਸ਼ਿੰਗਟਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਿੰਸਕ ਝੜਪ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜਮਹੂਰੀ ਪ੍ਰਕਿਰਿਆ ਨੂੰ ਗ਼ੈਰ-ਕਾਨੂੰਨੀ ਪ੍ਰਦਰਸ਼ਨਾਂ ਨਾਲ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸੇ ਤਰ੍ਹਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਨਾਟੋ ਮੁਖੀ ਜੇਂਸ ਸਟੋਲਟੇਨਬਰਗ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵੀ ਇਸ ਹਿੰਸਾ ਦੀ ਆਲੋਚਨਾ ਕਰਦਿਆਂ ਅਮਰੀਕਾ ‘ਚ ਸੱਤਾ ਦੀ ਸ਼ਾਂਤੀਪੂਰਨ ਢੰਗ ਨਾਲ ਤਬਦੀਲੀ ਦੀ ਪ੍ਰਕਿਰਿਆ ਜਾਰੀ ਰੱਖਣ ਦਾ ਸੱਦਾ ਦਿੱਤਾ।
-ਪੀਟੀਆਈ

ਟਵਿੱਟਰ ਤੇ ਫੇਸਬੁੱਕ ਵੱਲੋਂ ਟਰੰਪ ਦੇ ਖਾਤੇ ਬੰਦ

ਵਾਸ਼ਿੰਗਟਨ: ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਤੇ ਫੇਸਬੁੱਕ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਾਤੇ ਬੰਦ ਕਰ ਦਿੱਤੇ ਹਨ। ਉਨ੍ਹਾਂ ਇਹ ਕਦਮ ਟਰੰਪ ਵੱਲੋਂ ਰਾਸ਼ਟਰਪਤੀ ਚੋਣਾਂ ‘ਚ ਧਾਂਦਲੀ ਦੇ ਦੋਸ਼ ਲਾਏ ਜਾਣੇ ਤੇ ਯੂਐੱਸ ਕੈਪੀਟਲ ‘ਚ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਕੀਤੀ ਗਈ ਹਿੰਸਾ ਤੋਂ ਬਾਅਦ ਚੁੱਕਿਆ ਹੈ। ਟਵਿੱਟਰ ਨੇ ਟਰੰਪ ਦਾ ਖਾਤਾ 12 ਘੰਟੇ ਲਈ ਬੰਦ ਕਰਨ ਦੇ ਨਾਲ ਹੀ ਉਨ੍ਹਾਂ ਦੇ ਤਿੰਨ ਟਵੀਟ ਵੀ ਬਲਾਕ ਕਰ ਦਿੱਤੇ ਹਨ ਜਦਕਿ ਫੇਸਬੁੱਕ ਨੇ ਟਰੰਪ ਦਾ ਖਾਤਾ 24 ਘੰਟੇ ਲਈ ਬੰਦ ਕੀਤਾ ਹੈ।
-ਏਪੀ


Source link

Check Also

ਪਾਕਿਸਤਾਨ ’ਚ ਬੈਠੇ ਅਤਿਵਾਦੀ ਨੇ ਕਰਵਾਈ ਵਿਸ਼ਵ ਹਿੰਦੂ ਪਰਿਸ਼ਦ ਨੇਤਾ ਬੱਗਾ ਦੀ ਹੱਤਿਆ, 2 ਮੁਲਜ਼ਮ ਗ੍ਰਿਫ਼ਤਾਰ

ਜਗਮੋਹਨ ਸਿੰਘ ਘਨੌਲੀ ਰੂਪਨਗਰ, 16 ਅਪਰੈਲ ਨੰਗਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦੀ ਹੱਤਿਆ …