Home / Punjabi News / ਜਾਪਾਨੀ ਵਫਦ ਕੈਪਟਨ ਨੂੰ ਮਿਲਿਆ, ਪੂੰਜੀ ਨਿਵੇਸ਼ ‘ਚ ਦਿਖਾਈ ਦਿਲਚਸਪੀ

ਜਾਪਾਨੀ ਵਫਦ ਕੈਪਟਨ ਨੂੰ ਮਿਲਿਆ, ਪੂੰਜੀ ਨਿਵੇਸ਼ ‘ਚ ਦਿਖਾਈ ਦਿਲਚਸਪੀ

ਜਾਪਾਨੀ ਵਫਦ ਕੈਪਟਨ ਨੂੰ ਮਿਲਿਆ, ਪੂੰਜੀ ਨਿਵੇਸ਼ ‘ਚ ਦਿਖਾਈ ਦਿਲਚਸਪੀ

ਜਲੰਧਰ/ਚੰਡੀਗੜ੍ਹ — ਜਾਪਾਨ ਦੀ ਪ੍ਰਮੁੱਖ ਚਿਕਿਤਸਾ ਉਪਕਰਨ ਨਿਰਮਾਤਾ ਕੰਪਨੀ ਦੇ ਵਫਦ ਨੇ ਬੁੱਧਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸੂਬੇ ‘ਚ ਚਿਕਿਤਸਾ ਉਪਕਰਨ ਬਣਾਉਣ ਦੇ ਖੇਤਰ ਵਿਚ ਪੂੰਜੀ ਨਿਵੇਸ਼ ਕਰਨ ‘ਚ ਦਿਲਚਸਪੀ ਪ੍ਰਗਟਾਈ। ਜਾਪਾਨੀ ਨਿਰਮਾਤਾ ਕੰਪਨੀ ਨਿਮੈਤੋ ਯੂਰਿੰਡੋ ਦੇ ਵਫਦ ਨੂੰ ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਜਾਪਾਨੀ ਕੰਪਨੀ ਦੁਨੀਆ ‘ਚ ਸਰਜੀਕਲ ਟੇਬਲਜ਼ ਐਂਡ ਕੰਟਰਾਸਟ ਏਜੰਟ ਇੰਜੈਕਟਰਜ਼ ਬਣਾਉਣ ਦੇ ਖੇਤਰ ‘ਚ ਅਗਾਂਹਵਧੂ ਹੈ। ਇਸ ਕੰਪਨੀ ਨੂੰ ਮੈਡੀਕਲ ਇਮੇਜ ਸਕੈਨਿੰਗ ਦੇ ਖੇਤਰ ‘ਚ ਸਰਵਉੱਚਤਾ ਹਾਸਲ ਹੈ।
ਨਿਮੈਤੋ ਦਾ ਜਾਪਾਨ ‘ਚ 90 ਫੀਸਦੀ ਪੂੰਜੀ ਨਿਵੇਸ਼ ਹੈ। ਪੰਜਾਬ ‘ਚ ਇਹ ਕੰਪਨੀ ਸਾਂਝੇ ਤੌਰ ‘ਤੇ ਕੰਟਰਾਸਟ ਇੰਜੈਕਟਰ ਬਣਾਏਗੀ, ਜੋ ਸੈਰੇਬ੍ਰੇਲ ਐਂਜੀਓਗ੍ਰਾਫੀ ‘ਚ ਕੰਮ ਆਉਣਗੇ। ਜਾਪਾਨੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਿੰਗੋ ਸ਼ਿਚੀਨੋਹੇ ਨੇ ਮੁੱਖ ਮੰਤਰੀ ਨੂੰ ਕੰਪਨੀ ਵੱਲੋਂ ਪ੍ਰਸਤਾਵਿਤ ਪੂੰਜੀ ਨਿਵੇਸ਼ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਿਮੈਤੋ ਨੇ ਪੜਾਅਵਾਰ ਢੰਗ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਪੂੰਜੀ ਨਿਵੇਸ਼ ਦੀ ਯੋਜਨਾ ਬਣਾਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸਿੰਗਲ ਵਿੰਡੋ ਇਨਵੈਸਟ ਪੰਜਾਬ ਅਧੀਨ ਕੰਪਨੀ ਦੇ ਪ੍ਰਾਜੈਕਟਾਂ ਨੂੰ ਫਾਸਟ ਟ੍ਰੈਕ ਦੇ ਆਧਾਰ ‘ਤੇ ਪ੍ਰਵਾਨਗੀ ਦਿੱਤੀ ਜਾਏਗੀ। ਕਾਂਗਰਸ ਸਰਕਾਰ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਰਾਹ ‘ਤੇ ਲਿਜਾਣ ਲਈ ਦ੍ਰਿੜ੍ਹ ਸੰਕਲਪ ਹੈ। ਸਰਕਾਰ ਪੂੰਜੀ ਨਿਵੇਸ਼ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਵੇਗੀ। ਉਦਯੋਗਾਂ ਨੂੰ ਰਿਆਇਤਾਂ ਦੇਣ ਅਤੇ ਸੂਬੇ ‘ਚ ਉਦਯੋਗਿਕ ਵਿਕਾਸ ਲਈ ਲੋੜੀਂਦੇ ਜ਼ਰੂਰੀ ਸੋਮੇ ਮੌਜੂਦ ਹਨ। ਪੰਜਾਬ ‘ਚ ਸ਼ਾਂਤਮਈ ਮਾਹੌਲ ਹੈ ਅਤੇ ਕਿਰਤੀ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਨਿਮੈਤੋ ਨੂੰ ਕਿਹਾ ਕਿ ਉਹ ਹੋਰਨਾਂ ਜਾਪਾਨੀ ਕੰਪਨੀਆਂ ਨੂੰ ਵੀ ਪੰਜਾਬ ‘ਚ ਪੂੰਜੀ ਨਿਵੇਸ਼ ਲਈ ਅੱਗੇ ਲੈ ਕੇ ਆਏ।
ਕਿੰਗੋ ਸ਼ਿਚੀਨੋਵੇ ਅਤੇ ਉਨ੍ਹਾਂ ਦੇ ਵਫਦ ਨੇ ਵਨ ਸਟਾਪ ਵਿੰਡੋ ਦੀ ਸਹੂਲਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਦਿੱਤੇ ਗਏ ਉਤਸ਼ਾਹ ਤੋਂ ਪ੍ਰਭਾਵਿਤ ਹੋਏ ਹਨ। ਬੈਠਕ ‘ਚ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ, ਇਨਵੈਸਟਮੈਂਟ ਪ੍ਰਮੋਸ਼ਨ ਦੀ ਏ. ਸੀ. ਐੱਸ. ਵਿੰਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ, ਇਨਵੈਸਟ ਪੰਜਾਬ ਦੇ ਸਲਾਹਕਾਰ ਮੇਜਰ ਬਲਵਿੰਦਰ ਸਿੰਘ ਕੋਹਲੀ, ਅਜੇ ਸ਼ਰਮਾ, ਅਭਿਸ਼ੇਕ ਨਾਰੰਗ ਅਤੇ ਹੋਰ ਵੀ ਮੌਜੂਦ ਸਨ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …