Home / World / ਚਰਨਜੀਤ ਚੰਨੀ ਨੇ ਮੈਗਾ ਨੌਕਰੀ ਮੇਲਿਆਂ ਦੀ ਕੀਤੀ ਰਸਮੀ ਸ਼ੁਰੂਆਤ

ਚਰਨਜੀਤ ਚੰਨੀ ਨੇ ਮੈਗਾ ਨੌਕਰੀ ਮੇਲਿਆਂ ਦੀ ਕੀਤੀ ਰਸਮੀ ਸ਼ੁਰੂਆਤ

ਚਰਨਜੀਤ ਚੰਨੀ ਨੇ ਮੈਗਾ ਨੌਕਰੀ ਮੇਲਿਆਂ ਦੀ ਕੀਤੀ ਰਸਮੀ ਸ਼ੁਰੂਆਤ

1ਐਸ.ਏ.ਐਸ. ਨਗਰ  – ਪੰਜਾਬ ਸਰਕਾਰ ਵੱਲੋਂ ਰਾਜ ਵਿਚ ਆਪਣੇ ਚੋਣ ਮਨੋਰਥ ਪੱਤਰ ਮੁਤਾਬਿਕ ਲੋਕਾਂ ਨਾਲ ਹਰ ਘਰ ‘ਚ ਨੌਕਰੀ ਦੇਣ ਦੇ ਕੀਤੇ ਵਾਅਦੇ ਮੁਤਾਬਿਕ ਰਾਜ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮੁਹੱਈਆ ਕਰਾਉਣ  ਦੀ ਪਹਿਲ ਕਦਮੀ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ੍ਰ: ਚਰਨਜੀਤ ਸਿੰਘ ਚੰਨੀ ਨੇ ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਤੋਂ ਰਾਜ ਵਿਚ ਮੈਗਾ ਨੌਕਰੀ ਮੇਲਿਆਂ ਦੀ ਰਸਮੀ ਸ਼ੁਰੂਆਤ ਕਰਨ ਉਪਰੰਤ ਮੈਗਾ ਨੌਕਰੀ ਮੇਲੇ ਦੇ ਉਦਘਾਟਨੀ ਸਮਾਰੌਹ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਪੰਜਾਬ ਵਿਚ ਪੰਜਾਬ ਸਰਕਾਰ ਦੇ ਉੱਦਮ ਸਦਕਾ ਪਹਿਲੀ ਵਾਰ ਹੋਇਆ ਹੈ ਕਿ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮੇਲੇ ਲਗਾ ਕੇ ਰੁਜਗਾਰ ਦੇ ਸੁਨਹਿਰੀ ਮੌਕੇ ਪੈਦਾ ਕੀਤੇ ਜਾਣਗੇ।  ਉਨ੍ਹਾਂ ਕਿਹਾ ਕਿ ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਕੈਂਪਸ ਵਿਖੇ  ਲਗਾਏ ਜਾਣ ਵਾਲੇ ਨੌਕਰੀ ਮੇਲੇ ਵਿਚ 5000 ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮਿਲ ਸਕੇਗੀ ।
ਤਕਨੀਕੀ ਸਿੱਖਿਆ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਤਕਨੀਕੀ ਸਿੱਖਿਆ ਨੂੰ ਬਡ਼ਾਵਾ ਅਤੇ ਕਿੱਤਾ ਮੁਖੀ ਬਣਾਉਣ ਲਈ ਰਾਜ ਵਿਚ ਰਿਸਰਚ ਸੈਂਟਰ ਖੋਲਿਆ ਜਾਵੇਗਾ ਅਤੇ ਤਕਨੀਕੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਵਾਂ ਸਿਲੇਬਸ ਤਿਆਰ ਕੀਤਾ ਜਾਵੇਗਾ। ਜਿਸ ਨੂੰ ਤਿਆਰ ਕਰਨ ਲਈ ਤਕਨੀਕੀ ਸਿੱਖਿਆ ਵਿਭਾਗ, ਤਕਨੀਕੀ ਅਦਾਰੇ, ਉਦਯੋਗਪਤੀ ਅਤੇ ਮਾਹਿਰਾਂ ਦੀ ਰਾਏ ਲਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਉਦਯੋਗਪਤੀਆਂ ਦੀ ਲੋਡ਼ ਮੁਤਾਬਿਕ ਉਨ੍ਹਾਂ ਨੁੰ ਕਿੱਤਾ ਮੁਖੀ ਸਿਖਲਾਈ ਦਿੱਤੀ ਜਾ ਸਕੇ ਅਤੇ ਵਿਦਿਆਰਥੀ ਤਕਨੀਕੀ ਸਿੱਖਿਆ ਹਾਸਿਲ ਕਰਨ ਉਪਰੰਤ ਰੁਜ਼ਗਾਰ ਹਾਸਿਲ ਕਰ ਸਕਣ। ਉਨ੍ਹਾਂ ਹੋਰ ਕਿਹਾ ਕਿ ਸਮੇਂ ਮੁਤਾਬਿਕ ਤਬਦੀਲੀਆਂ ਅਨੁਸਾਰ ਸਿਲੇਬਸ ਦੀ ਹਰ ਤਿੰਨ  ਸਾਲ ਬਾਅਦ ਨਜ਼ਰਸਾਨੀ ਵੀ ਕੀਤੀ ਜਾਵੇਗੀ।   ਉਨ੍ਹਾਂ ਹੋਰ ਕਿਹਾ ਕਿ ਰਾਜ ਵਿਚ ਨੌਕਰੀ ਮੇਲਿਆਂ ਤੋਂ ਬਾਅਦ ਰੁਜ਼ਗਾਰ ਮੇਲੇ ਵੀ ਲਗਾਏ ਜਾਣਗੇ ਜਿਸ ਵਿਚ ਬੇਰੁਜ਼ਗਾਰਾਂ ਨੂੰ ਸਵੈ-ਰੁਜ਼ਗਾਰ ਧੰਦੇ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਘੱਟ ਵਿਆਜ ਤੇ ਕਰਜੇ ਵੀ ਦਿੱਤੇ ਜਾਣਗੇ ਜਿਸ ਲਈ ਸਰਕਾਰ ਵੱਲੋਂ ਇੱਕ ਨੀਤੀ ਤਿਆਰ ਕੀਤੀ ਜਾ ਰਹੀ ਹੈ।
ਤਕਨੀਕੀ ਸਿੱਖਿਆ ਮੰਤਰੀ ਨੇ ਹੋਰ ਕਿਹਾ ਕਿ 31 ਅਗਸਤ ਤੱਕ ਰਾਜ ਵਿਚ 21 ਨੌਕਰੀ ਮੇਲੇ ਵੱਖ ਵੱਖ ਥਾਵਾਂ ਤੇ ਲਗਾਏ ਜਾਣਗੇ ਅਤੇ ਇਨ੍ਹਾਂ ਨੌਕਰੀ ਮੇਲਿਆਂ ਵਿਚ ਦੇਸ਼ ਭਰ ‘ਚੋ ਨਾਮਵਰ 900 ਕੰਪਨੀਆਂ ਸਿਰਕਤ ਕਰਨਗੀਆਂ ਅਤੇ 50 ਹਜ਼ਾਰ ਦੇ ਕਰੀਬ ਵੱਖ-ਵੱਖ ਕੋਰਸਾਂ ਦੀ ਪਡ਼੍ਹਾਈ ਕਰ ਚੁੱਕੇ ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਦੇ ਵੈਬ ਪੋਰਟਲ www.ggnpunjab.com ਤੇ 4 ਲੱਖ ਨੌਜਵਾਨ ਨੌਕਰੀ ਲਈ ਰਜਿਸਟ੍ਰੇਸ਼ਨ  ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਨੌਕਰੀ ਮੇਲਿਆਂ ਕਾਰਨ ਉਦਯੋਗਪਤੀਆਂ ਦਾ ਵਿਸ਼ਵਾਸ ਵਧਿਆ ਹੈ। ਇਨ੍ਹਾਂ ਮੇਲਿਆਂ ਵਿਚ ਸਰਕਾਰ ਉਦਯੋਗਪਤੀ, ਵਿੱਦਿਅਕ ਅਦਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਇੱਕ ਟੀਮ ਦੇ ਤੌਰ ਤੇ ਕੰਮ ਕਰਨਗੇ। ਉਨ੍ਹਾਂ ਇਸ ਮੌਕੇ ਬੋਲਦਿਆਂ ਪਿਛਲੀ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੂੰ ਤਕਨੀਕੀ ਸਿੱਖਿਆ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਰਾਜ ਵਿਚ ਬੇਰੁਜ਼ਗਾਰੀ ਵੱਡੇ ਪੱਧਰ ਤੇ ਵਧੀ ਹੈ ਅਤੇ ਨੌਜਵਾਨ ਡਿਗਰੀਆਂ ਹਾਸਲ ਕਰਕੇ ਵੀ ਰੁਜ਼ਗਾਰ ਤੋਂ ਵਾਂਝੇ ਹਨ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਮੌਜੂਦਾ ਸਰਕਾਰ ਦਾ ਮੁੱਖ ਏਜੰਡਾ ਰਾਜ ਵਿਚ ਬੇਰੁਜ਼ਗਾਰੀ ਨੂੰ ਨੱਥ ਪਾਉਣਾ ਹੈ ਅਤੇ ਘਰ-ਘਰ ਰੁਜ਼ਗਾਰ ਮੁਹੱਈਆ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਤਕਨੀਕੀ ਸਿੱਖਿਆ ਨੂੰ ਮਿਆਰੀ ਬਣਾਉਣ ਦੇ ਨਾਲ-ਨਾਲ ਸਮੇਂ ਦਾ ਹਾਣੀ ਵੀ ਬਣਾਇਆ ਜਾਵੇਗਾ ਤਾਂ ਜੋ ਰਾਜ ਵਿਚ ਵੱਖ-ਤੋਂ-ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਉਨ੍ਹਾਂ ਕਿਹਾ ਕਿ ਰਾਜ ਵਿਚ ਆਈ.ਟੀ.ਆਈਜ਼, ਬਹੁਤਕਨੀਕੀ ਸੰਸਥਾਵਾਂ ਵਿਚ ਆਧੁਨਿਕ ਸਾਜੋ ਸਮਾਨ ਅਤੇ ਬੇਹਤਰ ਬੁਨਿਆਦੀ ਢਾਂਚੇ ਲਈ 100 ਕਰੋਡ਼ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਕਨੀਕੀ ਸੰਸਥਾਵਾਂ ਦੇ ਕਮਰਿਆਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਅਤੇ ਬਾਇਓਮੈਟਰਿਕ ਹਾਜਰੀ ਲਗਾਈ ਜਾਇਆ ਕਰੇਗੀ। ਉਨ੍ਹਾਂ ਹੋਰ ਕਿਹਾ ਕਿ ਤਕਨੀਕੀ ਸੰਸਥਾਵਾਂ ਵਿਚ ਕੰਮ ਕਰਦੇ ਅਧਿਆਪਕਾਂ ਲਈ ਟ੍ਰੇਨਿੰਗ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣਗੇ ਤਾਂ ਜੋ ਉਹ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਤਕਨੀਕੀ ਸਿੱਖਿਆ ਪ੍ਰਦਾਨ ਕਰ ਸਕਣ।
ਇਸ ਮੌਕੇ ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਯੂਨੀਵਰਸਿਟੀ ਵਿਖੇ ਨੌਕਰੀ ਮੇਲਾ ਲਗਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨੌਕਰੀ ਮੇਲੇ ਪੰਜਾਬ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋਣਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਮਿਸ਼ਨ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਵਿਦਿਆਰਥੀਆਂ ਨੂੰ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਵਾ ਰਹੀ ਹੈ ਅਤੇ ਹੁਣ ਤੱਕ 100 ਤੋਂ ਵੱਧ ਕੰਪਨੀਆਂ ਨੌਕਰੀਆਂ ਦੇਣ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ  ਦੀ ਚੋਣ ਕਰਨ ਲਈ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵਿਦੇਸੀ ਤਰਜ਼ ਤੇ ਤਕਨੀਕੀ ਮਿਆਰੀ ਸਿੱਖਿਆ ਦੇਣ ਦੀ ਲੋਡ਼ ਹੈ।  ਸਮਾਗਮ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਪੰਜਾਬ ਸ੍ਰੀ ਪਰਵੀਨ ਕੁਮਾਰ ਥਿੰਦ, ਉਦਯੋਗਪਤੀ ਵੀ.ਕੇ. ਖੁਰਾਨਾ, ਸ੍ਰੀ ਸੰਜੇ ਸ਼ਰਮਾ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਆਰ.ਐਸ.ਬਾਵਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਕੱਤਰ ਤਕਨੀਕੀ ਸਿੱਖਿਆ ਪੰਜਾਬ ਭਾਵਨਾ ਗਰਗ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਐਸ.ਡੀ.ਐਮ ਖਰਡ਼ ਅਮਨਿੰਦਰ ਕੌਰ ਬਰਾਡ਼, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲਿਕਾ ਅਰੌਡ਼ਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …