ਲੁਧਿਆਣਾ ਦੇ ਸੈਕਟਰ-32 ਇਲਾਕੇ ਵਿੱਚ ਦਿਨ-ਦਿਹਾੜੇ ਗੋਲੀਬਾਰੀ ਅਤੇ ਅਗਵਾ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਨਿੱਜੀ ਰੰਜਿਸ਼ ਨੂੰ ਲੈ ਕੇ ਕਰੀਬ 10 ਤੋਂ 12 ਹਮਲਾਵਰਾਂ ਨੇ ਤਿੰਨ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਅਤੇ 23 ਸਾਲਾ ਸ਼ੁਭਮ ਨਾਮਕ ਨੌਜਵਾਨ ਨੂੰ ਜ਼ਬਰਦਸਤੀ ਇਨੋਵਾ ਕਾਰ ਵਿੱਚ ਬਿਠਾ ਕੇ ਅਗਵਾ ਕਰ ਲਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਪੁਲਿਸ ਨੇ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੁਲਚਾ ਖਾਣ ਪਹੁੰਚੇ ਨੌਜਵਾਨਾਂ ‘ਤੇ ਕੀਤਾ ਹਮਲਾ
ਜਾਣਕਾਰੀ ਮੁਤਾਬਕ ਸ਼ੁਭਮ ਆਪਣੇ ਦੋ ਦੋਸਤਾਂ ਨਾਲ ਸੈਕਟਰ-32 ਵਿੱਚ ਕੁਲਚਾ ਖਾਣ ਲਈ ਗਿਆ ਹੋਇਆ ਸੀ। ਇਸੇ ਦੌਰਾਨ 10 ਤੋਂ 12 ਨੌਜਵਾਨਾਂ ਦਾ ਇੱਕ ਗਰੁੱਪ ਉੱਥੇ ਪਹੁੰਚਿਆ ਅਤੇ ਤਿੰਨਾਂ ਨੂੰ ਘੇਰ ਲਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਦਹਿਸ਼ਤ ਫੈਲਾਉਣ ਲਈ ਹਵਾ ਵਿੱਚ ਦੋ ਗੋਲੀਆਂ ਵੀ ਚਲਾਈਆਂ। ਹਮਲੇ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦਕਿ ਸ਼ੁਭਮ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਉਸ ਨੂੰ ਜ਼ਬਰਦਸਤੀ ਆਪਣੀ ਇਨੋਵਾ ਕਾਰ ਵਿੱਚ ਬਿਠਾ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
CCTV ‘ਚ ਕੈਦ ਹੋਈ ਵਾਰਦਾਤ
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫੁਟੇਜ ਵਿੱਚ ਹਮਲਾਵਰ ਨੌਜਵਾਨਾਂ ਦਾ ਪਿੱਛਾ ਕਰਦੇ ਅਤੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸਾਫ਼ ਸੁਣਾਈ ਦੇ ਰਹੀਆਂ ਹਨ, ਜਿਸ ਨਾਲ ਘਟਨਾ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਪੁਲਿਸ ਨੇ ਕੀਤੀ ਨਾਕਾਬੰਦੀ, ਜਾਂਚ ਜਾਰੀਸੂਚਨਾ ਮਿਲਣ ‘ਤੇ ਡਿਵੀਜ਼ਨ ਨੰਬਰ-7 ਦੀ ਪੁਲਿਸ ਅਤੇ ਸਪੈਸ਼ਲ ਬ੍ਰਾਂਚ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮੌਕੇ ਤੋਂ ਦੋ ਵਰਤੇ ਹੋਏ ਕਾਰਤੂਸਾਂ ਦੇ ਖੋਲ ਵੀ ਬਰਾਮਦ ਕੀਤੇ ਹਨ। ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਮਲਹੋਤਰਾ ਨੇ ਸ਼ੁਭਮ ਦੇ ਅਗਵਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਸ਼ਹਿਰ ਭਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਵੱਖ-ਵੱਖ ਪੁਲਿਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਪੁਰਾਣੀ ਰੰਜਿਸ਼ ਦੇ ਐਂਗਲ ਤੋਂ ਜਾਂਚ
ਪੁਲਿਸ ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਵੀ ਸ਼ੁਭਮ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਕਰਕੇ ਜਾਂਚ ਟੀਮ ਦੋਵਾਂ ਧਿਰਾਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਦੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਨੇੜਲੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਅਗਵਾ ਕੀਤੇ ਗਏ ਨੌਜਵਾਨ ਨੂੰ ਜਲਦ ਸੁਰੱਖਿਅਤ ਬਰਾਮਦ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਜਾਰੀ ਹੈ। ਹਾਲਾਂਕਿ, ਦਿਨ-ਦਿਹਾੜੇ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਸ਼ਹਿਰ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
Source link
Asian Tribune Your Multilingual Newspaper covering World and local news News