ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 27 ਨਵੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਕੇਸ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਅਮਰਗੜ੍ਹ ਹਲਕੇ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਅੱਜ ਚਾਰ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਦੁਬਾਰਾ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਈਡੀ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ‘ਆਪ’ ਵਿਧਾਇਕ ਗੱਜਣਮਾਜਰਾ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾਣੀ ਹੈ। ਅਦਾਲਤ ਨੇ ਗੱਜਣਮਾਜਰਾ ਨੂੰ ਮੁੜ 30 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਧਾਇਕ ਗੱਜਣਮਾਜਰਾ ਨੂੰ ਈਡੀ ਦੀ ਟੀਮ ਨੇ ਬੈਂਕ ਧੋਖਾਧੜੀ ਨਾਲ ਸਬੰਧਤ ਮਾਮਲੇ ਵਿੱਚ ਬੀਤੀ 6 ਨਵੰਬਰ ਨੂੰ ਮਾਲੇਰਕੋਟਲਾ ਵਿੱਚ ਇਕ ਜਨਤਕ ਮੀਟਿੰਗ ਦੌਰਾਨ ਹਿਰਾਸਤ ਵਿੱਚ ਲਿਆ ਸੀ। ਪਿਛਲੇ ਸਾਲ ਮਈ ਮਹੀਨੇ ਵਿੱਚ ਸੀਬੀਆਈ ਵੱਲੋਂ 40 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੇ ਸਿਲਸਿਲੇ ਵਿੱਚ ਛਾਪੇ ਮਾਰੇ ਗਏ ਸਨ। ਸਤੰਬਰ 2022 ਵਿੱਚ ਈਡੀ ਨੇ ਮਨੀ ਲਾਂਡਰਿੰਗ ਕੇਸ ਦੀ ਮੁੱਢਲੀ ਜਾਂਚ ਵਜੋਂ ਵਿਧਾਇਕ ਗੱਜਣਮਾਜਰਾ ਦੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਉਦੋਂ ਈਡੀ ਦੀ ਟੀਮ ਨੇ ਛਾਪੇ ਮਾਰਨ ਤੋਂ ਬਾਅਦ 32 ਲੱਖ ਰੁਪਏ ਨਗਦੀ, ਕੁਝ ਮੋਬਾਈਲ ਫੋਨ ਅਤੇ ਹਾਰਡ ਡਰਾਈਵ ਵੀ ਜ਼ਬਤ ਕੀਤੀ ਸੀ। ਉੱਧਰ ‘ਆਪ’ ਵਿਧਾਇਕ ਨੂੰ ਜਦੋਂ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਮੁਹਾਲੀ ਪੁਲੀਸ ਨੇ ਕਿਸੇ ਵੀ ਮੀਡੀਆ ਕਰਮੀ ਨੂੰ ਅਦਾਲਤ ਕੰਪਲੈਕਸ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ, ਜਿਸ ਦਾ ਪੱਤਰਕਾਰ ਭਾਈਚਾਰੇ ਨੇ ਕਾਫ਼ੀ ਬੁਰਾ ਮਨਾਇਆ।
The post ਗੱਜਣਮਾਜਰਾ ਨੂੰ ਮੁੜ 30 ਤੱਕ ਪੁਲੀਸ ਰਿਮਾਂਡ ’ਤੇ ਭੇਜਿਆ appeared first on punjabitribuneonline.com.
Source link
Asian Tribune Your Multilingual Newspaper covering World and local news News