Home / Punjabi News / ਏਸ਼ੀਆ ਦੌਰੇ ਦੇ ਪਹਿਲੇ ਦਿਨ ਸਿੰਗਾਪੁਰ ਪੁੱਜੀ ਪੇਲੋਸੀ

ਏਸ਼ੀਆ ਦੌਰੇ ਦੇ ਪਹਿਲੇ ਦਿਨ ਸਿੰਗਾਪੁਰ ਪੁੱਜੀ ਪੇਲੋਸੀ

ਕੁਆਲਾਲੰਪੁਰ, 1 ਅਗਸਤ

ਅਮਰੀਕਾ ਦੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਆਪਣੇ ਏਸ਼ੀਆ ਦੌਰੇ ਦੀ ਸ਼ੁਰੂਆਤ ਕਰਦਿਆਂ ਅੱਜ ਤੜਕੇ ਸਿੰਗਾਪੁਰ ਪਹੁੰਚੀ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਲੋਸੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂੰਗ, ਰਾਸ਼ਟਰਪਤੀ ਹਲੀਮਾ ਯਾਕੂਬ ਅਤੇ ਹੋਰ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਕੀਤੀ।

ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਖਿੱਤੇ ਵਿੱਚ ਅਮਰੀਕਾ ਵੱਲੋਂ ਸਬੰਧ ਮਜ਼ਬੂਤ ਬਣਾਉਣ ਦੀ ਦੁਹਰਾਈ ਗਈ ਵਚਨਬੱਧਤਾ ਦਾ ਲੀ ਨੇ ਸਵਾਗਤ ਕੀਤਾ ਅਤੇ ਦੋਵਾਂ ਦੇਸ਼ਾਂ ਨੇ ਹਿੰਦ-ਪ੍ਰਸ਼ਾਂਤ ਆਰਥਿਕ ਢਾਂਚੇ ਵਰਗੀਆਂ ਪਹਿਲਕਦਮੀਆਂ ਬਾਰੇ ਵੀ ਚਰਚਾ ਕੀਤੀ। ਲੀ ਅਤੇ ਪੇਲੋਸੀ ਨੇ ਯੂਕਰੇਨ ਯੁੱਧ, ਤਾਇਵਾਨ ਵਿੱਚ ਬਣੇ ਤਣਾਅਪੂਰਨ ਮਾਹੌਲ, ਚੀਨ ਦੀ ਦਖ਼ਲਅੰਦਾਜ਼ੀ ਅਤੇ ਜਲਵਾਯੂ ਬਦਲਾਅ ਬਾਰੇ ਵੀ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਲੀ ਨੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਥਿਰ ਅਮਰੀਕਾ-ਚੀਨ ਸਬੰਧਾਂ ਦੇ ਮਹੱਤਵ ਨੂੰ ਉਭਾਰਿਆ। ਰਿਪੋਰਟਾਂ ਅਨੁਸਾਰ ਪੇਲੋਸੀ ਦੇ ਤਾਇਵਾਨ ਜਾਣ ਦੀ ਸੰਭਾਵਨਾ ਹੈ। ਪੇਲੋਸੀ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ ਸਿੰਗਾਪੁਰ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਜਾਪਾਨ ਦੌਰੇ ਦੌਰਾਨ ਵਪਾਰ, ਕਰੋਨਾ ਮਹਾਮਾਰੀ, ਜਲਵਾਯੂ ਪਰਿਵਰਤਨ, ਸੁਰੱਖਿਆ ਅਤੇ ‘ਜਮਹੂਰੀ ਸ਼ਾਸਨ’ ਉੱਤੇ ਚਰਚਾ ਕਰੇਗੀ। ਹਾਲਾਂਕਿ ਪੇਲੋਸੀ ਨੇ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਤਾਇਵਾਨ ਦਾ ਦੌਰਾ ਵੀ ਕਰੇਗੀ, ਜਿਸ ‘ਤੇ ਪੇਈਚਿੰਗ ਆਪਣਾ ਅਧਿਕਾਰ ਹੋਣ ਦਾ ਦਾਅਵਾ ਕਰਦਾ ਹੈ। ਸਿੰਗਾਪੁਰ ਦੇ ਇੱਕ ਸੰਸਦ ਮੈਂਬਰ ਨੇ ਦੱਸਿਆ ਕਿ ਪੇਲੋਸੀ ਮੰਗਲਵਾਰ ਨੂੰ ਮਲੇਸ਼ੀਆ ਦਾ ਦੌਰਾ ਕਰੇਗੀ। ਹਾਲਾਂਕਿ ਪੇਲੋਸੀ ਦੇ ਬੁੱਧਵਾਰ ਦੌਰੇ ਬਾਰੇ ਅਜੇ ਤੱਕ ਕੁੱਝ ਵੀ ਸਪੱਸ਼ਟ ਨਹੀਂ ਹੈ। -ਏਪੀ


Source link

Check Also

ਪ੍ਰਿੰਟਿੰਗ ਪ੍ਰੈਸ ਦੇ ਮਾਲਕ ਵੱਲੋਂ ਖੁਦਕੁਸ਼ੀ

ਪੱਤਰ ਪ੍ਰੇਰਕ ਲਹਿਰਾਗਾਗਾ, 23 ਜੂਨ ਇਥੋਂ ਦੇ ਇਕ ਪ੍ਰਿਟਿੰਗ ਪ੍ਰੈਸ ਦੇ ਮਾਲਕ ਲਲਿਤ ਗੋਇਲ (35) …