Home / Punjabi News / ਈਸ਼ ਨਿੰਦਾ ਸਬੰਧੀ ਸਮੱਗਰੀ ਨਾ ਹਟਾਉਣ ਕਾਰਨ ਪਾਕਿਸਤਾਨ ਨੇ ਵਿਕੀਪੀਡੀਆ ਬਲਾਕ ਕੀਤਾ

ਈਸ਼ ਨਿੰਦਾ ਸਬੰਧੀ ਸਮੱਗਰੀ ਨਾ ਹਟਾਉਣ ਕਾਰਨ ਪਾਕਿਸਤਾਨ ਨੇ ਵਿਕੀਪੀਡੀਆ ਬਲਾਕ ਕੀਤਾ

ਇਸਲਾਮਾਬਾਦ, 4 ਫਰਵਰੀ

ਪਾਕਿਸਤਾਨ ਨੇ ਈਸ਼ ਨਿੰਦਾ ਨਾਲ ਸਬੰਧਤ ਸਮੱਗਰੀ ਨੂੰ ਹਟਾਉਣ ਤੋਂ ਇਨਕਾਰ ਕਰਨ ‘ਤੇ ਆਨਲਾਈਨ ਐਨਸਾਈਕਲੋਪੀਡੀਆ ‘ਵਿਕੀਪੀਡੀਆ’ ਨੂੰ ਬਲਾਕ ਕਰ ਦਿੱਤਾ ਹੈ। ਦੇਸ਼ ਦੀ ਟੈਲੀਕਾਮ ਅਥਾਰਿਟੀ ਨੇ ਅੱਜ ਇਹ ਜਾਣਕਾਰੀ ਦਿੱਤੀ। ਵਿਕੀਪੀਡੀਆ ਨੂੰ ਕਾਲੀ ਸੂਚੀ ਵਿੱਚ ਪਾਉਣ ਦੀ ਕਾਰਵਾਈ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਪਾਕਿਸਤਾਨ ਟੈਲੀਕਾਮ ਅਥਾਰਿਟੀ (ਪੀਟੀਏ) ਨੇ ਕੁਝ ਦਿਨ ਪਹਿਲਾਂ ਹੀ ਵਿਕੀਪੀਡੀਆ ਦੀ ਸੇਵਾ ਨੂੰ 48 ਘੰਟੇ ਲਈ ਧੀਮਾ ਕਰ ਦਿੱਤਾ ਸੀ ਅਤੇ ਇਤਰਾਜ਼ਯੋਗ ਸਮੱਗਰੀ ਨਾ ਹਟਾਉਣ ‘ਤੇ ਇਸ ਨੂੰ ਬਲਾਕ ਕਰਨ ਦੀ ਧਮਕੀ ਦਿੱਤੀ ਸੀ। ਵਿਕੀਪੀਡੀਆ ਇਕ ਮੁਫਤ ਆਨਲਾਈਨ ਵਿਸ਼ਵਕੋਸ਼ ਹੈ ਜਿਸ ਨੂੰ ਦੁਨੀਆ ਭਰ ਦੇ ਲੋਕਾਂ ਵੱਲੋਂ ਬਣਾਇਆ ਤੇ ਸੰਪਾਦਿਤ ਕੀਤਾ ਗਿਆ ਹੈ। ਇਸ ਦਾ ਸੰਚਾਲਨ ਵਿਕੀਮੀਡੀਆ ਫਾਊਂਡੇਸ਼ਨ ਕਰਦੀ ਹੈ।

ਪੀਟੀਏ ਦੇ ਤਰਜਮਾਨ ਮਲਾਹਤ ਓਬੈਦ ਨੇ ਕਿਹਾ ਕਿ ਇਹ ਪਾਬੰਦੀ ਮੁੱਖ ਤੌਰ ‘ਤੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਲਗਾਈ ਗਈ। ਤਰਜਮਾਨ ਨੇ ਕਿਹਾ, ”ਜੇਕਰ ਵਿਕੀਪੀਡੀਆ ਉਸ ਸਮੱਗਰੀ ਨੂੰ ਹਟਾ ਲੈਂਦਾ ਹੈ ਜਿਨ੍ਹਾਂ ਦੀ ਪਛਾਣ ਰੈਗੂਲੇਟਰੀ ਅਥਾਰਿਟੀ ਨੇ ਧਾਰਮਿਕ ਤੌਰ ‘ਤੇ ਸੰਵੇਦਨਸ਼ੀਲ ਸਮੱਗਰੀ ਵਜੋਂ ਕੀਤੀ ਹੈ ਤਾਂ ਇਸ ਫੈਸਲੇ ‘ਤੇ ਮੁੜ ਗੌਰ ਕੀਤੀ ਜਾ ਸਕਦੀ ਹੈ।” ਪੀਟੀਏ ਦੇ ਤਰਜਮਾਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਵਿਕੀਪੀਡੀਆ ਨੂੰ ਨੋਟਿਸ ਜਾਰੀ ਕਰ ਕੇ ਉਕਤ ਸਮੱਗਰੀ ਨੂੰ ਬਲਾਕ ਕਰਨ/ਹਟਾਉਣ ਦਾ ਹੁਕਮ ਦਿੱਤਾ ਗਿਆ ਸੀ। ਉਸ ਨੂੰ ਪੇਸ਼ੀ ਦਾ ਮੌਕਾ ਵੀ ਮੁਹੱਈਆ ਕੀਤਾ ਗਿਆ। ਹਾਲਾਂਕਿ, ਮੰਚ ਨੇ ਨਾ ਤਾਂ ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਆਦੇਸ਼ ਦੀ ਪਾਲਣਾ ਕੀਤੀ ਤੇ ਨਾ ਹੀ ਅਥਾਰਿਟੀ ਸਾਹਮਣੇ ਪੇਸ਼ ਹੋਇਆ। -ਪੀਟੀਆਈ


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …