Home / Punjabi News / ਵਿਸ਼ਵ ਸਿਹਤ ਸੰਸਥਾ ਵੱਲੋਂ ਕੈਂਸਰ ਦਾ ਪਤਾ ਲਾਉਣ ਲਈ ਸਿਹਤ ਪ੍ਰਣਾਲੀ ਮਜ਼ਬੂਤ ਕਰਨ ਦਾ ਸੱਦਾ

ਵਿਸ਼ਵ ਸਿਹਤ ਸੰਸਥਾ ਵੱਲੋਂ ਕੈਂਸਰ ਦਾ ਪਤਾ ਲਾਉਣ ਲਈ ਸਿਹਤ ਪ੍ਰਣਾਲੀ ਮਜ਼ਬੂਤ ਕਰਨ ਦਾ ਸੱਦਾ

ਨਵੀਂ ਦਿੱਲੀ, 4 ਫਰਵਰੀ

ਵਿਸ਼ਵ ਕੈਂਸਰ ਦਿਵਸ ਮੌਕੇ ਅੱਜ ਵਿਸ਼ਵ ਸਿਹਤ ਸੰਸਥਾ ਨੇ ਕੈਂਸਰ ਦੀ ਰੋਕਥਾਮ ਤੇ ਇਸ ਬਿਮਾਰੀ ਦਾ ਸਮਾਂ ਰਹਿੰਦੇ ਪਤਾ ਲਾਉਣ ਲਈ ਸਿਹਤ ਪ੍ਰਣਾਲੀਆਂ ਮਜ਼ਬੂਤ ਕਰਨ ਵਾਸਤੇ ਸਮੁੱਚੇ ਦੱਖਣ-ਪੂਰਬੀ ਏਸ਼ੀਆ ਖਿੱਤੇ ਵਿੱਚ ਕੋਸ਼ਿਸ਼ਾਂ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਵਿਸ਼ਵ ਸਿਹਤ ਸੰਸਥਾ ਨੇ ਰੈਫਰਲ ਸੇਵਾ ਮੁਹੱਈਆ ਕਰਾਉਣ, ਦੇਖਭਾਲ ਦਾ ਵਿਸਥਾਰ ਕਰਨ ਅਤੇ ਗੁਣਵੱਤਾਪੂਰਨ ਕੈਂਸਰ ਸੇਵਾ ਤੱਕ ਪਹੁੰਚ ਦੇ ਪਾੜੇ ਨੂੰ ਪੂਰਨ ‘ਤੇ ਵੀ ਜ਼ੋਰ ਦਿੱਤਾ। ਵਿਸ਼ਵ ਸਿਹਤ ਸੰਸਥਾ ਦੀ ਦੱਖਣ-ਪੂਰਬੀ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਕੈਂਸਰ ਆਲਮੀ ਪੱਧਰ ‘ਤੇ ਦੂਜੀ ਬਿਮਾਰੀ ਹੈ ਜਿਸ ਨਾਲ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ ਅਤੇ ਇਕ ਅਨੁਮਾਨ ਮੁਤਾਬਕ ਸਾਲ 2020 ਵਿੱਚ ਕਰੀਬ 99 ਲੱਖ ਲੋਕਾਂ ਨੇ ਕੈਂਸਰ ਨਾਲ ਜਾਨ ਗੁਆਈ ਸੀ। ਉਨ੍ਹਾਂ ਦੱਸਿਆ ਕਿ ਸਾਲ 2010 ਤੋਂ 2019 ਵਿਚਾਲੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ 26 ਫੀਸਦ ਦਾ ਵਾਧਾ ਹੋਇਆ ਜਦਕਿ ਇਸ ਬਿਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਿੱਚ 21 ਫੀਸਦ ਵਾਧਾ ਦਰਜ ਕੀਤਾ ਗਿਆ। ਡਾ. ਪੂਨਮ ਨੇ ਕਿਹਾ ਕਿ ਇਕ ਅਨੁਮਾਨ ਮੁਤਾਬਕ ਦੁਨੀਆਂ ਭਰ ‘ਚ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ‘ਚੋਂ ਇਕ ਤਿਹਾਈ ਮੌਤਾਂ ਦਾ ਕਾਰਨ ਤੰਬਾਕੂ ਦਾ ਇਸਤੇਮਾਲ, ਜ਼ਿਆਦਾ ਵਜ਼ਨ, ਸ਼ਰਾਬ ਦਾ ਇਸਤੇਮਾਲ, ਫਲ ਤੇ ਸਬਜ਼ੀਆਂ ਦੀ ਘੱਟ ਵਰਤੋਂ ਤੇ ਸ਼ਰੀਰਕ ਗਤੀਵਿਧੀਆਂ ਦੀ ਘਾਟ ਹੈ। ਉਨ੍ਹਾਂ ਕਿਹਾ, ”ਵਿਸ਼ਵ ਕੈਂਸਰ ਦਿਵਸ ਮੌਕੇ ਵਿਸ਼ਵ ਸਿਹਤ ਸੰਸਥਾ ਸਾਰੇ ਦੇਸ਼ਾਂ ਨੂੰ ਕੈਂਸਰ ਦੀ ਰੋਕਥਾਮ, ਇਸ ਦਾ ਪਤਾ ਲਾਉਣ, ਇਲਾਜ ਤੇ ਗੁਣਵੱਤਾ ਕੈਂਸਰ ਸੇਵਾ ਸਾਰਿਆਂ ਲਈ ਉਪਲਬਧ ਕਰਵਾਉਣ ਵਿੱਚ ਸਹਿਯੋਗ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ। -ਪੀਟੀਆਈ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …