Home / Punjabi News / ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ 

ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ 

ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ 

ਸਿਆਸਤਦਾਨ ਇੱਕ ਵਾਰ ਫੇਰ ਅਸਲ ਮੁੱਦਿਆਂ ਤੋਂ ਅੱਖਾਂ ਮੀਟ ਕੇ , ਵੋਟਰਾਂ ਨੂੰ ਸਾਹ ਸਤ ਹੀਣ ਮੁੱਦਿਆਂ ਦੀਆਂ ਚੋਰ ਭਲਾਈਆਂ ਦੇਣ ਦੇ ਯਤਨਾਂ ਵਿੱਚ
ਸ੍ਰੀ ਮੁਕਤਸਰ ਸਾਹਿਬ 14 ਦਸੰਬਰ (ਕੁਲਦੀਪ ਸਿੰਘ ਘੁਮਾਣ) ਕਿਸਾਨੀ ਸੰਘਰਸ਼ ਅਤੇ ਮੋਰਚੇ ਦੀ ਜਿੱਤ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਕਿਸਾਨ ਆਗੂ ਇਹ ਗੱਲ ਸਮਝ ਗੲੇ ਸਨ ਕਿ ਸੰਘਰਸ਼ ਵਿੱਢੇ ਬਿਨਾਂ ਕਾਨੂੰਨ ਰੱਦ ਨਹੀਂ ਹੋ ਸਕਦੇ। ਇਕੱਠੇ ਹੋਏ ਬਿਨਾਂ ਜਿੱਤ ਨਹੀਂ ਨਸੀਬ ਹੋ ਸਕਦੀ ਅਤੇ ਦੋਹਰੇ ਕਿਰਦਾਰਾਂ ਵਾਲੇ ਸਿਆਸਤਦਾਨਾ ਨੇ ਉਨ੍ਹਾਂ ਦਾ ਸਾਥ ਨਹੀਂ ਦੇਣਾ।
ਅੱਜ ਤੱਕ ਸਿਆਸਤਦਾਨ ਉਨ੍ਹਾਂ ਨੂੰ ਸਿਰਫ ਵਰਤਦਾ ਰਿਹਾ ਹੈ ਅਤੇ ਇਹ ਗੱਲ ਉਹ ਆਮ ਲੋਕਾਂ ਨੂੰ ਸਮਝਾਉਂਣ ਵਿੱਚ ਵੀ ਪੂਰੀ ਤਰਾਂ ਸਫਲ ਹੋਏ ਹਨ । ਉਹ ਸਮਝ ਗੲੇ ਸਨ ਕਿ ਲੋਕ ਮੁੱਦੇ ਸਿਆਸਤਦਾਨਾਂ ਅੱਗੇ ਲਿਲ੍ਹਕੜ੍ਹੀਆਂ ਕੱਢਿਆਂ ਹੱਲ ਨਹੀਂ ਹੁੰਦੇ, ਸਗੋਂ ਲੋਕ ਸੰਘਰਸ਼ਾਂ ਨੇ ਪੰਜਾਬ ਦੀ ਹੋਣੀ ਬਦਲਣੀ ਹੈ । ਸਿਆਸਤਾਂ ਨੇ ਅੱਜ ਤੱਕ ਸੰਘਰਸ਼ਾਂ ਦੇ ਰਾਹਾਂ ਵਿੱਚ ਸਿਰਫ ਕੰਡੇ  ਬੀਜੇ ਹਨ, ਲੋਕ ਸ਼ਕਤੀ ਨੂੰ ਖੇਰੂੰ ਖੇਰੂੰ ਕੀਤਾ ਹੈ‌। ਹਰ ਵਰਗ ਦੇ ਲੋਕਾਂ ਨੂੰ ਆਪਣੇ ਹੱਕ ਲੈਣ ਲੲੀ ਸਿਆਸੀ ਲੋਕਾਂ ਦੇ ਅੱਗੇ ਲਿਲ੍ਹਕੜ੍ਹੀਆਂ ਹੀ ਕੱਢਣੀਆਂ ਪਈਆਂ  ਹਨ। ਉਹ ਸਮਝਦੇ ਸੀ ਕਿ ਕਿਸਾਨੀ ਸੰਘਰਸ਼ ਵਿੱਚ ਵੀ ਸਿਆਸੀ ਲੋਕਾਂ ਦੀ ਪਹੁੰਚ , ਸੰਘਰਸ਼ ਨੂੰ ਤਾਰਪੀਡੋ ਕਰ ਦੇਵੇਗੀ।
ਸਿਆਸਤਦਾਨ ਭੈਅਭੀਤ ਅਤੇ ਖੌਫ਼ਜਦਾ ਹਨ । ਕਿਉਂਕਿ ਉਨ੍ਹਾਂ ਨੇ ਹੁਣ ਤੱਕ ਲੋਕਾਂ ਵਿੱਚ ਵੰਡੀਆਂ ਪਾ ਕੇ,ਲੋਕਾਂ ਨੂੰ ਖੇਰੂੰ ਖੇਰੂੰ ਕਰਕੇ ਵੋਟਾਂ ਹਥਿਆਈਆਂ ਹਨ ਅਤੇ ਰਾਜਭਾਗ ਸੰਭਾਲਿਆ ਹੈ । ਲੋਕ ਮੁੱਦਿਆਂ ਨੂੰ ਪੰਜ ਸਾਲਾਂ ਬਾਅਦ ਹੀ ਚੇਤੇ ਕੀਤਾ ਹੈ। ਅਜੇ ਤੱਕ ਤਾਂ ਲੋਕਾਂ ਨੂੰ ਸਿਰਫ  ਮਜ਼ਹਬਾਂ,ਜਾਤਾਂ,ਨਸਲਾਂ,ਗੋਤਾਂ ਅਤੇ ਊਚ ਨੀਚ  ਦੇ ਭਰਮਾਂ ਵਿੱਚ ਉਲਝਾ ਕੇ ,ਆਪਣੀ ਸਲਤਨਤ ਕਾਇਮ ਰੱਖੀ ਸੀ ।
ਕਿਸਾਨ ਆਗੂ ਸਮਝਣ ਲੱਗ ਪਏ  ਸਨ ਕਿ ਸਿਆਸਤਦਾਨਾਂ ਨੇ ਹਰ ਵਰਗ ਦੇ ਹਰ ਹੱਕ ਦਾ ਸਿਆਸੀਕਰਨ ਕਰ ਦਿੱਤਾ ਹੈ । ਲੋਕ ਮਨਾਂ ਵਿੱਚ ਇਹ ਭਰਮ ਕੰਠ ਕਰਵਾ ਦਿੱਤਾ ਗਿਆ ਹੈ ਕਿ ਜਿੰਦਗੀ  ਜਿਓਣ ਲੲੀ ਕਿਸੇ ਨਾ ਕਿਸੇ ਸਿਆਸੀ ਲੀਡਰ ਦੀ ਛਤਰੀ ‘ਤੇ ਬੈਠਣ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਮੁਸ਼ਕਲ ਹੈ। ਕੁਦਰਤੀ ਆਫਤਾਂ ਸਮੇਂ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਤੋਂ ਲੈ ਕੇ ਕੋਰਟ ਕਚਹਿਰੀਆਂ ਤੱਕ ਹਰ ਨਿੱਕੇ ਮੋਟੇ ਕੰਮ ਨੂੰ ਸਿਆਸੀ ਐਨਟੀਨੇ ਨਾਲ ਜੋੜ ਕੇ , ਲੋਕਾਂ ਨੂੰ ਲੋਕ ਹੱਕਾਂ ਤੋਂ ਵਿਰਵਿਆਂ ਕਰ ਦਿੱਤਾ ਹੈ ਅਤੇ ਲੋਕ ਮੁੱਦਿਆਂ ‘ਤੇ ਪਿਤਾ ਪੁਰਖੀ ਅਧਿਕਾਰ ਜਮਾਅ ਲਿਆ ਹੈ ।
ਸਿਆਸੀ ਲੋਕਾਂ ਦਾ ਸੱਤਾ ਦਾ ਜ਼ੁਕਾਮ ਬੜੀ ਮੁਸ਼ਕਲ ਨਾਲ ਸਵਾ ਸਾਲ ਦੇ ਕਿਸਾਨੀ ਸੰਘਰਸ਼ ਦੌਰਾਨ ਠੀਕ ਹੋਇਆ ਹੀ ਸੀ , ਕਿ ਹੁਣ ਫੇਰ ਵਿਗੜਨ ਲੱਗਾ ਹੈ‌। ਉਹ ਸਰਕਾਰੀ ਸੰਸਥਾਵਾਂ ਵਿੱਚ , ਲੋਕ ਹੱਕਾਂ ‘ਤੇ ਧਾੜਵੀ ਬਣ ਬੈਠੇ ਹਨ। ਉਹ ਭੁੱਲ ਗੲੇ ਹਨ ਹਨ ਕਿ ਉਹ ਹਾਕਮ ਨਹੀਂ , ਜਨਤਾ ਦੇ ਸੇਵਕ ਹਨ। ਉਹ ਕਿਸੇ ਦੇ ਹੱਕੀ ਕੰਮ ਲੲੀ ਵੀ ,ਉਸਨੂੰ ਸਾਹਮਣੇ ਬਿਠਾ ਕੇ  ਦੱਸਣਾ ਚਾਹੁੰਦੇ ਨੇ ਕਿ ਤੇ ਤੇਰੇ ਮੁਕੱਦਰਾਂ ਦੀ ਡੋਰ ਮੇਰੇ ਹੱਥ ਵਿੱਚ ਹੈ। ਉਹਨਾਂ ਨੂੰ ਕੌਣ ਦੱਸੇ ਕਿ ਵੋਟਾਂ ਕਿਸੇ ਨੂੰ ਅਹਿਸਾਨ ਜਤਾ ਕੇ ਨਹੀਂ ਕਿਸੇ ਦਾ ਦਿਲ ਜਿੱਤ ਕੇ ਮਿਲਦੀਆਂ ਨੇ । ਜੋ ਬੀਜੋਗੇ ਵੱਢਣਾ ਵੀ ਤੁਹਾਨੂੰ ਹੀ ਪੈਣਾ ਹੈ।
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫ਼ਲਸਫੇ, ” ਇਨਹੀਂ ਕੀ ਕ੍ਰਿਪਾ ਸੇ ਸਜੇ ਹਮ ਹੈਂ,ਨਹੀਂ ਮੋ ਸੋ ਗਰੀਬ ਕਰੋਰ ਪਰੈ “ ਤੋਂ ਅਜੇ ਤੱਕ, ਉਨ੍ਹਾਂ ਨੇ ਕੁਝ ਵੀ ਨਹੀਂ ਸਿੱਖਿਆ ।
ਤੁਸੀਂ ਲੋਕ ਨਾਇਕ ਤਾਂ ਹੀ ਬਣ ਸਕਦੇ ਓ , ਜੇ ਅਵਾਮ ਦੇ ਦਰਦ ਨੂੰ ਆਪਣਾ ਦਰਦ ਸਮਝੋਗੇ। ਏਥੇ ਤਾਂ ਵੱਡੇ ਵੱਡੇ ਹੈਂਕੜਬਾਜਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਧੱਕੇ ਨਾਲ ਚਲਾਇਆ ਜਾਣ ਵਾਲਾ ਰਾਜ , ਧੁਰ ਅੰਦਰੋਂ ਵਿਸਫੋਟਕ ਹੁੰਦਾ ਹੈ। ਪੰਜਾਬ ਦੇ ਜਾਇਆਂ ਨੇ ਕਦੇ ਕਿਸੇ ਦੀ ਟੈਂ ਨਹੀਂ ਮੰਨੀ। ਹਾਲੇ ਕੱਲ ਦੀ ਗੱਲ ਹੈ , ਤੁਸੀਂ ਪਿੰਡਾਂ ਵਿੱਚ ਜਾਣ ਨੂੰ ਤਰਸਦੇ ਸੀ। ਅਜੇ ਤਾਂ ਮੌਜੂਦਾ ਦੌਰ ਵਿੱਚ ਹਾਕਮਾਂ ਦੇ ਪੋਸਟਰ , ਲੋਕਾਂ ਨੇ ਉੁਨ੍ਹਾਂ ਹੱਥਾਂ ਨਾਲ ਹੀ ਲੁਹਾਏ ਨੇ ਜਿੰਨ੍ਹਾਂ ਹੱਥਾਂ ਨਾਲ ਲਾਏ ਸੀ।
ਦਹਾਕਿਆਂ ਦੀ ਰਾਜਨੀਤੀ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਸਿਆਸੀ ਲੋਕਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭ ਰਿਹਾ। ਪਹਿਲਾਂ ਪੰਜਾਬ ਦੀ ਰਾਜਨੀਤੀ ਵਿੱਚ ਕੇਵਲ ਦੋ ਹੀ ਸਿਆਸੀ ਧਿਰਾਂ ਹੁੰਦੀਆਂ ਸੀ ਅਤੇ ਉਨ੍ਹਾਂ ਨੂੰ ਵੀ ਪਤਾ ਹੁੰਦਾ ਸੀ ਅਤੇ ਲੋਕਾਂ ਨੂੰ ਵੀ ਪਤਾ ਹੁੰਦਾ ਸੀ ਕਿ ਐਤਕੀਂ ਕਿਸ ਦੀ ਵਾਰੀ ਹੈ। ਇਸ ਵਾਰ ਕੋਈ ਵੀ ਨਜੂਮੀ , ਕਿਸੇ ਵੀ ਸਿਆਸੀ ਪਾਰਟੀ ਦਾ ਹੱਥ ਵੇਖਣ ਦਾ ਹੀਆ ਨਹੀਂ ਕਰ ਰਿਹਾ । ਇਹ ਪਹਿਲੀ ਵਾਰ ਦੀਆਂ ਚੋਣਾਂ ਹਨ ਕਿ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਦਿੱਸਦੀਆਂ ਹਨ। ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੇ ਝੰਡੇ ਅਤੇ ਫਲੈਕਸ ਲੁਹਾਉਂਣ ਵਾਲੀਆਂ ਟੀਮਾਂ ਤਾਂ ਨਜ਼ਰੀਂ ਪੈਂਦੀਆਂ ਨੇ , ਪਰ ਲਾਉਂਣ ਵਾਲੀਆਂ ਟੀਮਾਂ ਪਤਾ ਨਹੀਂ ਕਿਹੜੀ ਕੂਟੇ ਤੁਰ ਗੲੀਆਂ ਹਨ।
ਸ਼ਾਤਿਰ ਹਾਕਮ ਫੇਰ ਵੋਟਰ ਨੂੰ , ਲੋਕ ਮੁੱਦਿਆਂ ਦਾ ਛੁਣਛੁਣਾ ਫੜਾ ਕੇ ਵਰਚਾਉਂਣ ਦੇ ਯਤਨ ਕਰ ਰਿਹਾ ਹੈ। ਚੰਡੀਗੜ੍ਹ,ਪਾਣੀਆਂ ਦੇ ਮੁੱਦੇ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਇੱਕ ਵਾਰ ਫੇਰ ਦੁਹਾਈ ਪਾਈ ਜਾ ਰਹੀ ਹੈ। ਲੈਂਡ ਸੀਲਿੰਗ ਐਕਟ ਅਤੇ ਹੋਰ ਅਨੇਕਾਂ ਯਤਨਾਂ ਰਾਹੀਂ ਹਰੇ ਰੰਗ ਦੀਆਂ ਐਨਕਾਂ ਲਾ ਕੇ ਵੋਟਰਾਂ ਨੂੰ ਕਥਿਤ ਸੁੱਕਾ ਘਾਹ ਪਰੋਸਿਆ ਜਾ ਰਿਹਾ ਹੈ। ਜਦੋਂ ਕਿ ਉਹ ਇਹ ਸਮਝਣ ਵਿੱਚ ਅਸਮਰੱਥ ਹਨ ਕਿ ਹੁਣ ਤਾਂ ਲੋਕ ਮੁੱਦੇ ਰੋਜ਼ੀ ਰੋਟੀ,ਰੁਜ਼ਗਾਰ,ਨਸ਼ੇ,ਬੇਰੁਜ਼ਗਾਰੀ,ਵਿਦੇਸ਼ੀਂ ਭੱਜਣ ਲੲੀ ਕਾਹਲੀ ਜੁਆਨੀ ਨੂੰ ਰੋਕਣ ਦਾ  , ਪੰਜਾਬ ਸਿਰ ਕਰੋੜਾਂ ਰੁਪੲੇ ਚੜ੍ਹੇ ਕਰਜ਼ੇ ਦੇ  , ਹਰ ਕਿਸਮ ਦੇ ਮਾਫੀਏ ਨੂੰ ਖਤਮ ਕਰਨ ਦਾ ਬਣ ਗੲੇ ਹਨ । ਉਹ ਭੁੱਲ ਗੲੇ ਹਨ ਕਿ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਇਹ ਵੀ ਦਰਜ ਸੀ ਕਿ ਅਕਾਸ਼ਵਾਣੀ ਰੇਡੀਓ ਸਟੇਸ਼ਨ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਗੁਰਬਾਣੀ ਸਰਵਨ ਕਰਵਾਈ ਜਾਵੇ । ਜੀਹਦੇ ਲੲੀ ਹੁਣ ਵੀ ਅਵਾਜ਼ ਉੱਠ ਰਹੀ ਹੈ ਕਿ ਇਹ ਅਧਿਕਾਰ ਬਾਕੀ ਦੇ ਚੈਨਲਾਂ ਨੂੰ ਕਿਉਂ ਨਹੀਂ……? ਉਹ ਅਜੇ ਵੀ ਸਮਝਣ ਦਾ ਯਤਨ ਨਹੀਂ ਕਰ ਰਹੇ ਕਿ ਲੋਕ ਮੁੱਦਿਆਂ ਅਤੇ ਅਧਿਕਾਰਾਂ ਵਿੱਚੋਂ ਅਨੰਦਪੁਰ ਸਾਹਿਬ ਦੇ ਮਤੇ ਦਾ ਜਨਮ ਹੋਇਆ ਸੀ। ਉਹ ਭੁੱਲ ਗੲੇ ਹਨ ਕਿ ਲੋਕ ਹੁਣ ਮੁਫਤ ਸਹੂਲਤਾਂ ਲੈਣ ਦੀ ਦੌੜ ਵਿੱਚੋਂ ਬਾਹਰ ਨਿਕਲ ਕੇ , ਆਪਣੇ ਹੱਕ ਲੈਣ ਦੇ ਰਾਹੇ ਪੈ ਗੲੇ ਹਨ। ਉਹ ਅਜੇ ਵੀ ਕਿਸਾਨਾਂ ਦੇ ਅਨਪੜ੍ਹ ਹੋਣ ਦਾ ਭਰਮ ਪਾਲ ਰਹੇ ਹਨ ਜਦੋਂ ਕਿ ਕਿਸਾਨ ਤਾਂ ਸਵਾ ਸਾਲ ਦੇ ਸੰਘਰਸ਼ ਦੌਰਾਨ ਹੀ ਪੀ ਐਚ ਡੀ ਕਰ ਆਏ ਹਨ।
ਉਹ ਸਮੇਂ ਦਾ ਹੋਕਾ ਸੁਨਣ ਦਾ ਯਤਨ ਨਹੀਂ ਕਰ ਰਹੇ ਕਿ ਇਮਾਨਦਾਰੀ ਨਾਲ ਲੋਕ ਮੁੱਦੇ ਚੁੱਕਣ ਤੇ ਹੱਲ ਕਰਵਾਉਂਣ , ਭ੍ਰਿਸ਼ਟਾਚਾਰ ‘ਤੇ ਨਕੇਲ ਕੱਸਣ , ਰੁਜ਼ਗਾਰ ਪੈਦਾ ਕਰਨ ਅਤੇ ਮੁਹੱਈਆ ਕਰਵਾਉਂਣ ਅਤੇ ਪੰਜਾਬ ਨੂੰ ਮੁੜ ਆਪਣੇ ਪੈਰਾਂ ‘ਤੇ ਖੜੇ ਕਰਨ ਦਾ ਅਹਿਦ ਲਏ ਬਿਨਾਂ , ਸੱਤਾ ਦੀ ਕੁਰਸੀ ਨਸੀਬ ਨਹੀਂ ਹੋਣੀ । ਉਹ ਭੁੱਲ ਗੲੇ ਹਨ ਕਿ ਸਿੰਘੂ , ਟਿੱਕਰੀ ਅਤੇ ਗਾਜੀਪੁਰ ਬਾਰਡਰਾਂ ‘ਤੇ ਲੱਗੀਆਂ ਕਲਾਸਾਂ ਵਿੱਚ ਹਿੰਦੀ,ਅੰਗਰੇਜ਼ੀ,ਫਰੈਂਚ ਜਾਂ ਜਰਮਨ ਨਹੀਂ ਸੀ ਪੜ੍ਹਾਈ ਜਾਂਦੀ ਸਗੋਂ ਸਾਦ ਮੁਰਾਦੀ ਜ਼ਿੰਦਗੀ ਜਿਉਂਣ, ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦੀ ਕਵਾਇਦ ਕਰਵਾਈ ਜਾਂਦੀ ਸੀ। ਕਿਰਤ ਕਰਨਾ,ਨਾਮ ਜਪਣਾ ਅਤੇ ਵੰਡ ਕੇ ਛਕਣਾ ਸਿਖਾਇਆ ਜਾਂਦਾ ਸੀ। ਕੱਛੂ ਦੀ ਦੌੜ ਦੇ ਸਿਰੜ ਦੀ ਗੱਲ ਕੀਤੀ ਜਾਂਦੀ ਸੀ। ਪੰਜਾਬ ਨੂੰ ਇੱਕ ਨੰਬਰ ਦੇ ਸੂਬੇ ਤੋਂ ਫਾਡੀ ਸਫਾਂ ਵਿੱਚ ਖੜੇ ਕਰਨ ਲੲੀ ਕੀਹਦੀ  ਜ਼ਿੰਮੇਵਾਰੀ ਬਣਦੀ ਸੀ। ਪਾਕਿਸਤਾਨ ਨੇ ਹਿੰਦੋਸਤਾਨ ‘ਤੇ ਧਾੜਵੀ ਚੜ੍ਹ ਕੇ ਆਉਂਣ ਵਾਲੇ ਕਿਹੜੇ ਕਿਹੜੇ ਸ਼ਾਸਕਾਂ ਦੇ ਨਾਂ ‘ਤੇ ਕਿਉਂ  ਮਿਜ਼ਾਈਲਾਂ ਦੇ ਨਾਂ ਰੱਖੇ ਅਤੇ ਭਾਰਤ ਨੇ ਜਮਰੌਦ ਦੇ ਕਿਲੇ ‘ਤੇ ਕੰਧ ਬਣ ਕੇ ਉਨ੍ਹਾਂ ਨੂੰ ਰੋਕਣ ਵਾਲਿਆਂ ਦੇ ਨਾਂ ‘ਤੇ ਕਿਉਂ ਨਹੀਂ ਆਪਣੀਆਂ ਮਿਜ਼ਾਈਲਾਂ ਦੇ ਨਾਂ ਰੱਖੇ…? ਇਹ ਵੀ ਪੜ੍ਹਾਇਆ ਜਾਂਦਾ ਸੀ।
ਕਿਸਾਨ ਮੋਰਚੇ ‘ਚੋਂ ਪੜ੍ਹਾਈਆਂ ਕਰ ਕੇ ਆਏ ਕਿਸਾਨ ਅਤੇ ਮਜਦੂਰ ਸੋਚਣ ਅਤੇ ਸਵਾਲ ਪੁੱਛਣ ਲੱਗ ਪਏ ਹਨ ਕਿ ਤੁਹਾਡੇ ਧੀਆਂ ਪੁੱਤਰ ਪੰਜਾਬ ਦੇ ਮਾਲਕ ਅਤੇ ਸਾਡੇ ਪ੍ਰਵਾਸੀ ਬਨਣ ਲੲੀ ਮਜਬੂਰ ਕਿਉਂ ਹੋ ਗੲੇ ਅਤੇ ਇਹਦੇ ਲੲੀ ਜ਼ਿੰਮੇਵਾਰ ਕੌਣ ਸਨ……?
ਜਿਸ ਦਿਨ ਕਿਸਾਨਾਂ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਅਤੇ ਹੱਲ ਤੁਸੀਂ ਲੱਭ ਕੇ ਇਮਾਨਦਾਰੀ ਨਾਲ ਯਤਨ ਅਰੰਭ ਕਰਨ ਦੀ ਸੱਚੇ ਦਿਲੋਂ ਸਹੁੰ ਖਾ ਲਵੋਗੇ ਤਾਂ ਫੇਰ ਤੁਹਾਡੇ ਹੱਥਾਂ ਦੀਆਂ ਰੇਖਾਵਾਂ ਤੋਂ ਲੋਕਾਂ ਦੇ ਖਿੜੇ ਹੋਏ ਚਿਹਰੇ ਨਜ਼ਰ ਆਉਣਗੇ।

The post ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ  first appeared on Punjabi News Online.


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …