Tarn Taran News : ਤਰਨਤਾਰਨ ਵਿੱਚ ਇੱਕ 24 ਸਾਲਾ ਨੌਜਵਾਨ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਨੇ ਉਸ ਜਵੈਲਰੀ ਦੁਕਾਨ ਦੇ ਮਾਲਕਾਂ ‘ਤੇ ਮਾਨਸਿਕ ਤੌਰ ‘ਤੇ ਤੰਗ-ਪਰੇਸ਼ਾਨ ਕਰਨ ਦੇ ਗੰਭੀਰ ਆਰੋਪ ਲਗਾਏ ਹਨ, ਜਿੱਥੇ ਉਹ ਕੰਮ ਕਰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ ਪਰ ਦੁਕਾਨ ਮਾਲਕ ਉਸ ਨੂੰ ਰੋਕ ਰਹੇ ਸਨ।
ਪਰਿਵਾਰ ਦਾ ਆਰੋਪ ਹੈ ਕਿ ਉਸ ‘ਤੇ ਚੋਰੀ ਦਾ ਇਲਜ਼ਾਮ ਲਗਾ ਕੇ ਮਾਨਸਿਕ ਦਬਾਅ ਬਣਾਇਆ ਗਿਆ। ਇੱਥੋਂ ਤੱਕ ਕਿ ਉਸ ਤੋਂ 15 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਵੀ ਬਣਾਈ, ਜਿਸ ਵਿੱਚ ਉਸ ਨੇ ਆਪਣੀ ਪਰੇਸ਼ਾਨੀ ਅਤੇ ਇਹ ਕਦਮ ਚੁੱਕਣ ਦੀ ਵਜ੍ਹਾ ਦੱਸੀ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਪੱਟੀ ਦੇ ਵਾਰਡ ਨੰਬਰ 13 ਦੇ ਰਹਿਣ ਵਾਲੇ 24 ਸਾਲਾ ਅਜੈਪਾਲ ਸਿੰਘ ਵਜੋਂ ਹੋਈ ਹੈ।
12 ਸਾਲਾਂ ਤੋਂ ਜਵੈਲਰੀ ਦੀ ਦੁਕਾਨ ‘ਤੇ ਕਰ ਰਿਹਾ ਸੀ ਕੰਮ
ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਅਜੈਪਾਲ ਪਿਛਲੇ 12 ਸਾਲਾਂ ਤੋਂ ਸਤਨਾਮ ਜਵੈਲਰਜ਼ ਐਂਡ ਸੰਜ਼ ਵਿੱਚ ਕੰਮ ਕਰ ਰਿਹਾ ਸੀ। ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਹੁਣ ਉਹ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ।
ਪਰਿਵਾਰ ਨੇ ਲਗਾਏ ਮਾਨਸਿਕ ਤੌਰ ‘ਤੇ ਤੰਗ ਕਰਨ ਦੇ ਦੋਸ਼
ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਅਜੈਪਾਲ ਨੇ ਨੌਕਰੀ ਛੱਡਣ ਦੀ ਇੱਛਾ ਜਤਾਈ ਤਾਂ ਦੁਕਾਨ ਮਾਲਕਾਂ ਨੇ ਉਸ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਉਸ ‘ਤੇ ਚੋਰੀ ਦਾ ਆਰੋਪ ਲਗਾਇਆ ਗਿਆ ਅਤੇ ਲਗਾਤਾਰ ਮਾਨਸਿਕ ਤੌਰ ‘ਤੇ ਤੰਗ-ਪਰੇਸ਼ਾਨ ਕੀਤਾ ਗਿਆ। ਪਰਿਵਾਰ ਨੇ ਇਸ ਸਬੰਧੀ ਦੁਕਾਨ ਮਾਲਕਾਂ ਨਾਲ ਗੱਲਬਾਤ ਵੀ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ।
ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ
ਪਰਿਵਾਰ ਅਨੁਸਾਰ ਮਾਨਸਿਕ ਤਣਾਅ ਤੋਂ ਪ੍ਰੇਸ਼ਾਨ ਅਜੈਪਾਲ ਨੇ ਸ਼ਨੀਵਾਰ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤੀ। ਵੀਡੀਓ ਵਿੱਚ ਉਸ ਨੇ ਆਪਣੀ ਪਰੇਸ਼ਾਨੀ ਅਤੇ ਖੁਦਕੁਸ਼ੀ ਕਰਨ ਦਾ ਕਾਰਨ ਦੱਸਿਆ। ਇਸ ਤੋਂ ਬਾਅਦ ਉਸ ਨੇ ਸਲਫਾਸ ਨਿਗਲ ਲਈ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸੰਧੂ ਹਸਪਤਾਲ ਲੈ ਕੇ ਗਏ, ਜਿੱਥੇ ਇਲਾਜ ਦੌਰਾਨ ਦੇਰ ਰਾਤ ਕਰੀਬ 1 ਵਜੇ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਪੁਲਿਸ ‘ਤੇ ਵੀ ਲਗਾਏ ਦੋਸ਼
ਮ੍ਰਿਤਕ ਦੇ ਪਰਿਵਾਰ ਦਾ ਆਰੋਪ ਹੈ ਕਿ ਘਟਨਾ ਦੀ ਸੂਚਨਾ ਦੇਣ ਦੇ ਬਾਵਜੂਦ ਕਈ ਘੰਟਿਆਂ ਤੱਕ ਕੋਈ ਪੁਲਿਸ ਅਧਿਕਾਰੀ ਹਸਪਤਾਲ ਨਹੀਂ ਪਹੁੰਚਿਆ। ਉਨ੍ਹਾਂ ਨੇ ਐਸਐਸਪੀ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
Source link
Asian Tribune Your Multilingual Newspaper covering World and local news News