ਐੱਨਪੀ.ਧਵਨ
ਪਠਾਨਕੋਟ, 18 ਜਨਵਰੀ
ਪਠਾਨਕੋਟ ਪੁਲੀਸ ਨੇ ਵਾਹਨਾਂ ਉੱਤੇ ਜਾਅਲੀ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗਰੋਹ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਰਾਹੁਲ ਪੁੱਤਰ ਰੋਸ਼ਨ ਲਾਲ ਵਾਸੀ ਵਿਸ਼ਨੂ ਨਗਰ ਲਮੀਨੀ, ਏਜੰਟ ਅਸ਼ਵਨੀ ਕੁਮਾਰ ਅਤੇ ਸੋਨੂ ਵਜੋਂ ਦੱਸੀ ਗਈ ਹੈ। ਇਨ੍ਹਾਂ ਨੇ ਸਾਲ 2024 ਵਿੱਚ 200 ਜਾਅਲੀ ਹਾਈ ਸਕਿਓਰਿਟੀ ਨੰਬਰ ਪਲੇਟਾਂ ਬਣਵਾ ਕੇ ਆਮ ਲੋਕਾਂ ਨੂੰ ਦਿੱਤੀਆਂ ਹਨ। ਇਨ੍ਹਾਂ ਖ਼ਿਲਾਫ ਥਾਣਾ ਡਵੀਜ਼ਨ ਨੰਬਰ 1, ਵਿੱਚ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਜਾਅਲੀ ਹਾਈ ਸਕਿਓਰਿਟੀ ਨੰਬਰ ਪਲੇਟਾਂ ਵਾਲੇ 10 ਮੋਟਰਸਾਈਕਲ, 2 ਆਟੋ ਰਿਕਸ਼ਾ ਅਤੇ 1 ਕਾਰ ਕਬਜ਼ੇ ਵਿੱਚ ਲੈ ਲਏ ਹਨ। ਇਹ ਸਾਰੀ ਕਾਰਵਾਈ ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ।
ਡੀਐੱਸਪੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਇਸ ਗੋਰਖਧੰਦੇ ਵਿੱਚ ਇਨ੍ਹਾਂ ਮੁਲਜ਼ਮਾਂ ਨੇ ਚੋਖੀ ਕਾਲੀ ਕਮਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਗੱਡੀਆਂ ਚੋਰੀ ਦੀਆਂ ਹੁੰਦੀਆਂ ਹਨ ਜਾਂ ਕਬਾੜ ਵਿੱਚੋਂ ਖਰੀਦੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਉੱਤੇ ਕਾਨੂੰਨਨ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਹੀਂ ਲੱਗ ਸਕਦੀਆਂ, ਅਜਿਹੇ ਖਪਤਕਾਰ ਇਸ ਗਰੋਹ ਦੇ ਧੱਕੇ ਚੜ੍ਹ ਜਾਂਦੇ ਹਨ। ਉਹ ਅਜਿਹੇ ਵਿਅਕਤੀਆਂ ਤੋਂ ਮੋਟੇ ਪੈਸੇ ਲੈ ਕੇ ਜਾਅਲੀ ਹਾਈ ਸਕਿਓਰਿਟੀ ਨੰਬਰ ਪਲੇਟਾਂ ਬਣਵਾ ਕੇ ਦਿੰਦੇ ਹਨ। ਇਨ੍ਹਾਂ ਮੁਲਜ਼ਮਾਂ ਦਾ ਸੰਪਰਕ ਕਿਸੇ ਬਾਹਰਲੇ ਸੂਬੇ ਦੇ ਹੋਰ ਵਿਅਕਤੀ ਨਾਲ ਹੈ, ਜਿਸ ਕੋਲ ਹਾਈ ਸਕਿਓਰਿਟੀ ਨੰਬਰ ਪਲੇਟ ਬਣਾਉਣ ਵਾਲੀ ਡਾਈ ਤੇ ਮਸ਼ੀਨਰੀ ਹੈ। ਇਸ ਤਰ੍ਹਾਂ ਇਹ ਧੰਦਾ ਪਿਛਲੇ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ। ਡੀਐੱਸਪੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਦੋ ਮੁਲਜ਼ਮਾਂ ਅਸ਼ਵਨੀ ਕੁਮਾਰ ਅਤੇ ਸੋਨੂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
Source link
Asian Tribune Your Multilingual Newspaper covering World and local news News