ਜਗਮੋਹਨ ਸਿੰਘ
ਰੂਪਨਗਰ, 23 ਜਨਵਰੀ
ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਦੀ ਵਸਨੀਕ ਤੇ ਚੰਡੀਗੜ੍ਹ ਵਿਚ ਪੜ੍ਹਾਈ ਕਰ ਰਹੀ ਲੜਕੀ ਨਿਸ਼ਾ ਸੋਨੀ ਦੀ ਹੱਤਿਆ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਪੁਲੀਸ ਕਾਂਸਟੇਬਲ ਯੁਵਰਾਜ ਸਿੰਘ ਨੇ ਅੱਜ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਥਾਣਾ ਸਿੰਘ ਭਗਵੰਤਪੁਰਾ ਪੁਲੀਸ ਨੇ ਮੁਲਜ਼ਮ ਦਾ ਪੰਜ ਦਿਨਾ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਰਾਜਪਾਲ ਸਿੰਘ ਗਿੱਲ ਤੇ ਐੱਸਐੱਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਨਿਸ਼ਾ ਸੋਨੀ ਚੰਡੀਗੜ੍ਹ ਦੇ ਫਰੈਂਕਫਿਨ ਇੰਸਟੀਚਿਉੂਟ ਵਿਚ ਏਅਰ ਹੋਸਟੈੱਸ ਦੀ ਪੜ੍ਹਾਈ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਭੈਣ ਰੀਤੂ ਸੋਨੀ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਭੈਣ ਨਿਸ਼ਾ ਸੋਨੀ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਨਪੁਰੇ ਦਾ ਵਸਨੀਕ ਤੇ ਮੁਹਾਲੀ ਦੇ ਸਪੈਸ਼ਲ ਸੈੱਲ ਵਿੱਚ ਤਾਇਨਾਤ ਪੁਲੀਸ ਕਾਂਸਟੇਬਲ ਯੁਵਰਾਜ ਸਿੰਘ(33) 20 ਜਨਵਰੀ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਿਆ। ਮਗਰੋਂ ਉਸ ਨੇ ਨਿਸ਼ਾ ਨੂੰ ਪਥਰੇੜੀ ਜੱਟਾਂ ਪਿੰਡ ਨੇੜੇ ਧੱਕਾ ਦੇ ਕੇ ਨਹਿਰ ਵਿੱਚ ਸੁੱਟ ਦਿੱਤਾ ਅਤੇ ਉਸ ਦੀ ਮੌਤ ਹੋ ਗਈ ਹੈ। ਨਿਸ਼ਾ ਦੀ ਲਾਸ਼ ਪਟਿਆਲਾ ਨੇੜਿਉਂ ਭਾਖੜਾ ਨਹਿਰ ਵਿੱਚੋਂ ਮਿਲੀ ਹੈ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨੇ ਉਸ ਦੀ ਭੈਣ ਨੂੰ ਫੋਨ ਰਾਹੀਂ ਨਾ ਮਿਲਣ ਦੀ ਸੂਰਤ ਵਿੱਚ ਵੀਡੀਓ ਵਾਇਰਲ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਰਿੱਤੂ ਸੋਨੀ ਨੇ ਦੱਸਿਆ ਕਿ ਉਸ ਦੀ ਭੈਣ ਉਸ ਦੇ ਨਾਲ ਹੀ ਖਰੜ ਨੇੜੇ ਸੰਨੀ ਐਨਕਲੇਵ ਸੈਕਟਰ 123 ਵਿੱਚ ਰਹਿ ਰਹੀ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਜੱਜ ਸੀਮਾ ਅਗਨੀਹੋਤਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕੋਰਟ ’ਚੋਂ ਪੰਜ ਦਿਨਾ ਪੁਲੀਸ ਰਿਮਾਂਡ ਮਿਲਣ ਮਗਰੋਂ ਮੁਲਜ਼ਮ ਕੋਲੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਬਲੈਕਮੇਲਿੰਗ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਮੁਲਜ਼ਮ ਯੁਵਰਾਜ ਸਿੰਘ ਨੇ ਪੰਜ ਛੇ ਮਹੀਨੇ ਪਹਿਲਾਂ ਖ਼ੁਦ ਨੂੰ ਕੁਆਰਾ ਦੱਸ ਕੇ ਸ਼ਿਕਾਇਤਕਰਤਾ ਦੀ ਭੈਣ ਨਾਲ ਦੋਸਤੀ ਕੀਤੀ ਸੀ, ਜਿਸ ਬਾਰੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਉਸ ਦੀ ਪਤਨੀ ਇਸ ਸਮੇਂ ਆਸਟਰੇਲੀਆ ਗਈ ਹੋਈ ਹੈ।
Source link
Asian Tribune Your Multilingual Newspaper covering World and local news News