Home / Punjabi News / Farmers Detained: ਪੁਲੀਸ ਨੇ ਡੱਲੇਵਾਲ ਤੇ ਪੰਧੇਰ ਸਣੇ 200 ਤੋਂ ਵੱਧ ਕਿਸਾਨ ਹਿਰਾਸਤ ’ਚ ਲਏ

Farmers Detained: ਪੁਲੀਸ ਨੇ ਡੱਲੇਵਾਲ ਤੇ ਪੰਧੇਰ ਸਣੇ 200 ਤੋਂ ਵੱਧ ਕਿਸਾਨ ਹਿਰਾਸਤ ’ਚ ਲਏ

ਸੰਗਰੂਰ ਦੀ ਲੱਡਾ ਕੋਠੀ ਤੋਂ ਪੁਲੀਸ ਦਾ ਵੱਡਾ ਕਾਫ਼ਲਾ ਖਨੌਰੀ ਵੱਲ ਰਵਾਨਾ

ਸਰਬਜੀਤ ਸਿੰਘ ਭੰਗੂ/ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਪਟਿਆਲਾ/ਚੰਡੀਗੜ੍ਹ, 19 ਮਾਰਚ

Farmers Detained ਪੁਲੀਸ ਨੇ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਵਾਪਸ ਸ਼ੰਭੂ ਤੇ ਖਨੌਰੀ ਮੋਰਚਿਆਂ ਉਤੇ ਪਰਤਦੇ ਸਮੇਂ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ਼, ਸਰਵਣ ਸਿੰਘ ਪੰਧੇਰ ਅਤੇ ਅਭਿਮਨਿਊ ਕੋਹਾੜ ਸਣੇ 200 ਤੋਂ ਵੱਧ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੰਧੇਰ ਨੂੰ ਜ਼ੀਰਕਪੁਰ ਬੈਰੀਅਰ ਤੋਂ ਹਿਰਾਸਤ ਵਿਚ ਲਿਆ ਜਦੋਂਕਿ ਡੱਲੇਵਾਲ, ਕਾਕਾ ਸਿੰਘ ਕੋਟੜਾ ਤੇ ਅਭਿਮੰਨਿਊ ਕੋਹਾੜ ਨੂੰ ਮੁਹਾਲੀ ਵਿਚ ਬੈਸਟੈੱਕ ਮਾਲ ਤੋਂ ਪੁਲੀਸ ਨੇ ਹਿਰਾਸਤ ਵਿਚ ਲਿਆ ਗਿਆ ਹੈ।

ਬਹਾਦਰਗੜ੍ਹ ਦਾ ਕਮਾਂਡੋ ਟਰੇਨਿੰਗ ਸੈਂਟਰ ਦੇ ਬਾਹਰ ਤਾਇਨਾਤ ਪੁਲੀਸ ਦੀ ਨਫ਼ਰੀ, ਜਿੱਥੇ ਹਿਰਾਸਤ ’ਚ ਲਏ ਕਿਸਾਨ ਆਗੂਆਂ ਨੂੰ ਰੱਖਿਆ ਗਿਆ ਹੈ। ਫੋਟੋ: ਰਾਜੇਸ਼ ਸੱਚਰ

ਡੱਲੇਵਾਲ ਨੂੰ ਛੱਡ ਕੇ ਕਿਸਾਨ ਆਗੂਆਂ ਨੂੰ ਪਟਿਆਲਾ ਨੇੜੇ ਕਸਬਾ ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ ਸੈਂਟਰ ਲਿਜਾਇਆ ਗਿਆ ਹੈ, ਜਿਸ ਨੂੰ ਆਰਜ਼ੀ ਡਿਟੈਨਸ਼ਨ ਕੇਂਦਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੁਲੀਸ ਨੇ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰਾਂ ‘ਤੇ ਬੁਲਡੋਜ਼ਰ ਕਾਰਵਾਈ ਕਰਦਿਆਂ ਦੋਵਾਂ ਥਾਵਾਂ ’ਤੇ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਢਾਹ ਦਿੱਤੀਆਂ ਹਨ। ਇਸ ਦੌਰਾਨ ਉਥੇ ਮੌਜੂਦਾ ਕਿਸਾਨਾਂ ਨਾਲ ਝੜਪ ਦੌਰਾਨ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਕਿਸਾਨਾਂ ਖਿਲਾਫ਼ ਪੁਲੀਸ ਦੀ ਇਸ ਕਾਰਵਾਈ ਦਰਮਿਆਨ ਪਟਿਆਲਾ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸ਼ੰਭੂ ਤੇ ਖਨੌਰੀ, ਦੋਵਾਂ ਬਾਰਡਰਾਂ ’ਤੇ 500 ਦੇ ਕਰੀਬ ਕਿਸਾਨ ਸਨ ਜਦਕਿ ਪੁਲੀਸ ਦੀ ਨਫਰੀ 5000 ਦੇ ਕਰੀਬ ਹੈ। ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ  ਸੈਂਟਰ ਵਿੱਚ ਕੁਝ ਹੋਰ ਕਿਸਾਨਾਂ ਨੂੰ ਵੀ ਲਿਆਂਦਾ ਗਿਆ ਹੈ।

ਸੂਤਰਾਂ ਮੁਤਾਬਕ ਪੁਲੀਸ ਨੇ ਇਸ ਕਾਰਵਾਈ ਨੂੰ ਮੁਹਾਲੀ ਜ਼ਿਲ੍ਹੇ ਵਿਚ ਉਦੋਂ ਅੰਜਾਮ ਦਿੱਤਾ ਜਦੋਂ ਕਿਸਾਨ ਆਗੂ ਮੀਟਿੰਗ ਤੋਂ ਬਾਅਦ ਪਟਿਆਲਾ ਪਰਤ ਰਹੇ ਸਨ। ਇਸ ਸਬੰਧੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਵੀਡੀਓ ਵਿਚ ਕਿਸਾਨ ਕਾਰਕੁਨਾਂ ਦੀ ਪੁਲੀਸ ਨਾਲ ਧੱਕਾਮੁੱਕੀ ਵੀ ਹੋ ਰਹੀ ਹੈ।

ਪੁਲੀਸ ਕਿਸਾਨ ਆਗੂ ਨੂੰ ਹਿਰਾਸਤ ਵਿਚ ਲੈ ਕੇ ਜਾਂਦੀ ਹੋਈ। ਵੀਡੀਓ ਗਰੈਬ ਏੇਐੱਨਆਈ

ਬਿੱਟੂ, ਵੜਿੰਗ ਤੇ ਚੰਨੀ ਵੱਲੋਂ ਪੁਲੀਸ ਕਾਰਵਾਈ ਦੀ ਨਿਖੇਧੀ

ਕੇਂਦਰੀ ਮੰਤਰੀ ਰਵਨੀਤ ਬਿੱਟੂ, ਲੁਧਿਆਣਾ ਤੋਂ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਸਾਨਾਂ ਖਿਲਾਫ਼ ਪੁਲੀਸ ਕਾਰਵਾਈ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਦਬਾਅ ਅੱਗੇ ਝੁਕਦਿਆਂ ਇਹ ਕਾਰਵਾਈ ਕੀਤੀ ਹੈ। ਉਧਰ ਸ਼ੰਭੂ ਬਾਰਡਰ ਉੱਤੇ ਵੀ ਪੁਲੀਸ ਹਰਕਤ ਵਿਚ ਆ ਗਈ ਹੈ। ਪੁਲੀਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਬਣਾਈ ਗਈ ਮੁੱਖ ਸਟੇਜ ਵੀ ਤੋੜੀ ਦਿੱਤੀ ਹੈ। ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਬਿਠਾਇਆ ਜਾ ਰਿਹਾ ਹੈ।

ਸਾਡੀ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਦੀ ਹਮਾਇਤ ਕੀਤੀ, ਪਰ ਹਾਈਵੇਅ ਬੰਦ ਰਹਿਣ ਕਰਕੇ ਸੂਬੇ ਨੂੰ ਵੱਡਾ ਨੁਕਸਾਨ ਝੱਲਣਾ ਪਿਆ: ਸੌਂਦ

ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਜੋ ਸਨਅਤ ਮੰਤਰੀ ਵੀ ਹਨ, ਨੇ ਕਿਹਾ ਕਿ ਹਾਈਵੇਅ ਬੰਦ ਰਹਿਣ ਨਾਲ ਸੂਬੇ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਸੀ। ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਦੀ ਹਮਾਇਤ ਕੀਤੀ ਹੈ, ਪਰ ਸੂਬੇ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਕਾਰੋਬਾਰ ਤੇ ਰੁਜ਼ਗਾਰ ਲਈ ਹਾਈਵੇ ਬਹੁਤ ਅਹਿਮ ਹਨ।’’

ਇਹ ਵੀ ਪੜ੍ਹੋ:

Punjab News: ਸ਼ੰਭੂ ਸਰਹੱਦ ਨੇੜੇ Internet ਮੁਅੱਤਲ, ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ’ਚ ਭਾਰੀ ਪੁਲੀਸ ਫੋਰਸ ਤਾਇਨਾਤ

Farmer Protest: ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਤੀਜੇ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ

ਹਿਰਾਸਤ ’ਚ ਲਏ ਗਏ ਕਿਸਾਨ ਆਗੂਆਂ ’ਚ ਡੱਲੇਵਾਲ਼ ਤੇ ਪੰਧੇਰ ਤੋਂ ਇਲਾਵਾ ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਰਾਏ ਅਤੇਂ ਓਂਕਾਰ ਸਿੰਘ ਸਮੇਤ ਕੁਝ ਹੋਰਨਾਂ ਦੇ ਨਾਮ ਵੀ ਸ਼ਾਮਲ ਹਨ। ਸਮਝਿਆ ਜਾਂਦਾ ਹੈ ਕਿ ਹਿਰਾਸਤ ਵਿਚ ਲਏ ਗਏ ਆਗੂਆਂ ਨੂੰ ਪਟਿਆਲਾ ਲਿਆਂਦਾ ਜਾ ਰਿਹਾ ਹੈ।

ਗ਼ੌਰਤਲਬ ਹੈ ਕਿ ਅੱਜ ਸਵੇਰੇ ਕਿਸਾਨ ਆਗੂਆਂ ਦੇ ਗੱਲਬਾਤ ਲਈ ਚੰਡੀਗੜ੍ਹ ਰਵਾਨਾ ਹੋਣ ਤੋਂ ਬਾਅਦ ਹੀ ਪੰਜਾਬ ਪੁਲੀਸ ਨੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਵਿਚ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਸੀ। ਬਨੂੜ ਨੇੜੇ ਨਾਕਾ ਲਾ ਕੇ ਪਟਿਆਲਾ ਵੱਲ ਜਾਣ ਵਾਲੇ ਲੋਕਾਂ ਨੂੰ ਰੋਕ ਦੇ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਸ਼ੰਭੂ ਬਾਰਡਰ ਨੇੜੇ ਇੰਟਰਨੈੱਟ ਸੇਵਾਵਾਂ ਬੰਦ ਕੀਤੇ ਜਾਣ ਦੀਆਂ ਰਿਪੋਰਟਾਂ ਵੀ ਆਈਆਂ।

ਦੂਜੇ ਪਾਸੇ ਕਿਸਾਨ ਆਗੂਆਂ ਵੱਲੋਂ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪੁਲੀਸ ਵੱਲੋਂ ਬਾਰਡਰਾਂ ’ਤੇ ਕਾਇਮ ਕਿਸਾਨ ਮੋਰਚਿਆਂ ਉਤੇ ਹਮਲਾ ਕੀਤਾ ਜਾ ਸਕਦਾ ਹੈ, ਪਰ ਦੂਜੇ ਪਾਸੇ ਪੁਲੀਸ ਸੂਤਰਾਂ ਵੱਲੋਂ ਅਜਿਹੀ ਕਿਸੇ ਸੰਭਾਵਨਾ ਨੂੰ ਨਕਾਰਿਆ ਜਾ ਰਿਹਾ ਹੈ।

ਸੰਗਰੂਰ ਦੀ ਲੱਡਾ ਕੋਠੀ ਤੋਂ ਪੁਲੀਸ ਦਾ ਵੱਡਾ ਕਾਫ਼ਲਾ ਖਨੌਰੀ ਵੱਲ ਰਵਾਨਾ

ਗੁਰਦੀਪ ਸਿੰਘ ਲਾਲੀ

ਸੰਗਰੂਰ: ਸੰਗਰੂਰ ਨੇੜਲੇ ਪੁਲੀਸ ਟਰੇਨਿੰਗ ਸੈਂਟਰ ਲੱਡਾ ਕੋਠੀ ਵਿਖੇ ਬੁੱਧਵਾਰ ਸਵੇਰੇ ਕਈ ਜ਼ਿਲ੍ਹਿਆਂ ਦੀ ਇਕੱਠੀ ਹੋਈ ਪੁਲੀਸ ਫੋਰਸ ਦਾ ਵੱਡਾ ਕਾਫ਼ਲਾ ਸ਼ਾਮ ਵੇਲੇ ਲੱਡਾ ਕੋਠੀ ਤੋਂ ਖਨੌਰੀ ਬਾਰਡਰ ਵੱਲ ਰਵਾਨਾ ਹੋ ਗਿਆ ਹੈ। ਇਸ ਕਾਰਨ ਪੁਲੀਸ ਵੱਲੋਂ ਕਿਸੇ ਵੱਡੇ ਐਕਸ਼ਨ ਨੂੰ ਅੰਜਾਮ ਦੇਣ ਦੀ ਤਿਆਰੀ ਦੀਆਂ ਮਿਲ ਰਹੀਆਂ ਕਨਸੋਆਂ ਸੱਚ ਹੁੰਦੀਆਂ ਜਾਪ ਰਹੀਆਂ ਹਨ।

ਇਸ ਦੇ ਮੱਦੇਨਜ਼ਰ ਕਿਸਾਨ ਆਗੂਆਂ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਪੁਲੀਸ ਦੀ ਤਾਕਤ ਨਾਲ ਖਦੇੜੇ ਜਾਣ ਦਾ ਖ਼ਦਸ਼ਾ ਜਤਾਇਆ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਸੋਸ਼ਲ ਮੀਡੀਆ ਵੀਡੀਓ ਜਾਰੀ ਕਰ ਕੇ ਮਾਲਵੇ ਦੇ ਕਿਸਾਨਾਂ ਨੂੰ ਸਵੇਰੇ ਹੀ ਸੱਦਾ ਦਿੱਤਾ ਸੀ ਕਿ ਉਹ ਖਨੌਰੀ ਮੋਰਚੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ ਕਿਉਂਕਿ ਉਹ ਜਿੱਤੀ ਬਾਜ਼ੀ ਹਾਰਨਾ ਨਹੀਂ ਚਾਹੁੰਦੇ।

ਡੱਲੇਵਾਲ, ਪੰਧੇਰ ਤੇ ਹੋਰ ਆਗੂਆਂ ਨੂੰ ਹਿਰਾਸਤ ’ਚ ਲੈਣ ਵਿਰੁੱਧ ਸੰਯੁਕਤ ਮੋਰਚੇ ਨੇ ਮੀਟਿੰਗ ਸੱਦੀ: ਰੁਲਦੂ ਸਿੰਘ

ਜੋਗਿੰਦਰ ਸਿੰਘ ਮਾਨ

ਕਿਸਾਨ ਆਗੂ ਰੁਲਦੂ ਸਿੰਘ

ਮਾਨਸਾ: ਪੰਜਾਬ ਪੁਲੀਸ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਪ੍ਰਮੁੱਖ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਚੰਡੀਗੜ੍ਹ ਦੀ ਮੀਟਿੰਗ ਤੋਂ ਪਰਤਦਿਆਂ ਹਿਰਾਸਤ ਵਿੱਚ ਲੈ ਲਏ ਜਾਣ ਦੀ ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਇਸ ਮਾਮਲੇ ਨਾਲ ਨਜਿੱਠਣ ਲਈ ਯੂਨੀਅਨ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਕਿਤੇ ਗੁਪਤ ਥਾਂ ’ਤੇ ਮੀਟਿੰਗ ਸੱਦ ਲਈ ਹੈ।

ਇਸ ਪੱਤਰਕਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਗੁਪਤ ਸੂਚਨਾ ਤੋਂ ਪਤਾ ਲੱਗਿਆ ਹੈ ਕਿ ਪੁਲੀਸ ਨੇ ਚੰਡੀਗੜ੍ਹ ਤੋਂ ਪਰਤਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਬਣ ਸਿੰਘ ਪੰਧੇਰ ਸਮੇਤ ਕੇਂਦਰੀ ਵਜ਼ੀਰਾਂ ਨਾਲ ਗੱਲਬਾਤ ਕਰਨ ਗਏ ਵੱਖ-ਵੱਖ ਜਥੇਬੰਦੀਆਂ ਦੇ ਸਾਰੇ 28 ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੀ ਅਜਿਹੀ ਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਸਖ਼ਤ ਅੰਦੋਲਨ ਆਰੰਭ ਕਰਨ ਲਈ ਵਿਸ਼ੇਸ ਮੀਟਿੰਗ ਕੀਤੀ ਜਾ ਰਹੀ ਹੈ।

 


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …