Home / Punjabi News / ਅਮਰੀਕੀ ਸੰਸਦ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਵੇ: ਕੈਲੀਫੋਰਨੀਆ ਅਸੈਂਬਲੀ

ਅਮਰੀਕੀ ਸੰਸਦ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਵੇ: ਕੈਲੀਫੋਰਨੀਆ ਅਸੈਂਬਲੀ

ਵਾਸ਼ਿੰਗਟਨ, 12 ਅਪਰੈਲ

ਕੈਲੀਫੋਰਨੀਆ ਵਿਧਾਨ ਸਭਾ ਨੇ ਮਤਾ ਪਾਸ ਕਰਕੇ ਅਮਰੀਕੀ ਸੰਸਦ ਤੋਂ ਮੰਗ ਕੀਤੀ ਹੈ ਕਿ ਉਹ ਭਾਰਤ ‘ਚ ਹੋਏ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸ਼ਲਕੁਸ਼ੀ ਵਜੋਂ ਰਸਮੀ ਤੌਰ ‘ਤੇ ਮਾਨਤਾ ਦੇਵੇ। ਇਹ ਮਤਾ ਵਿਧਾਨ ਸਭਾ ਮੈਂਬਰ ਜਸਮੀਤ ਕੌਰ ਬੈਂਸ ਵੱਲੋਂ ਪੇਸ਼ ਕੀਤਾ ਗਿਆ ਜੋ ਸੋਮਵਾਰ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮਤੇ ਨੂੰ ਇਕਲੌਤੀ ਹਿੰਦੂ ਮੈਂਬਰ ਐਸ਼ ਕਾਲਰਾ ਨੇ ਵੀ ਹਮਾਇਤ ਦਿੱਤੀ। ਬੈਂਸ ਪਹਿਲੀ ਸਿੱਖ ਮੈਂਬਰ ਹੈ ਜੋ ਵਿਧਾਨ ਸਭਾ ਲਈ ਚੁਣੀ ਗਈ ਹੈ। ਮਤੇ ‘ਚ ਕਿਹਾ ਗਿਆ ਹੈ ਕਿ ਅਮਰੀਕਾ ‘ਚ ਸਿੱਖ ਭਾਈਚਾਰਾ ਦੰਗਿਆਂ ਦੇ ਸਰੀਰਕ ਅਤੇ ਮਾਨਸਿਕ ਸਦਮੇ ਤੋਂ ਨਹੀਂ ਉੱਭਰ ਸਕਿਆ ਹੈ ਅਤੇ ਅਮਰੀਕੀ ਕਾਂਗਰਸ ਸਿੱਖ ਦੰਗਿਆਂ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੰਦਿਆਂ ਇਸ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰੇ।

ਮਤੇ ‘ਚ ਕਿਹਾ ਗਿਆ ਹੈ ਕਿ ਦਿੱਲੀ ‘ਚ ਅਜੇ ਵੀ ‘ਵਿਧਵਾ ਕਾਲੋਨੀ’ ਹੈ ਜਿਥੇ ਨਸਲਕੁਸ਼ੀ ਦਾ ਦਰਦ ਆਪਣੇ ਪਿੰਡੇ ‘ਤੇ ਹੰਢਾਉਣ ਵਾਲੀਆਂ ਸਿੱਖ ਔਰਤਾਂ ਰਹਿੰਦੀਆਂ ਹਨ ਅਤੇ ਉਹ ਇਨਸਾਫ਼ ਦੀ ਉਡੀਕ ਕਰ ਰਹੀਆਂ ਹਨ। ਅਮਰੀਕੀ ਸਿੱਖ ਕੌਕਸ ਕਮੇਟੀ ਦੇ ਤਾਲਮੇਲ ਅਧਿਕਾਰੀ ਪ੍ਰਿਤਪਾਲ ਸਿੰਘ ਅਤੇ ਹੋਰ ਅਮਰੀਕੀ ਸਿੱਖ ਜਥੇਬੰਦੀਆਂ ਨੇ ਇਕ ਬਿਆਨ ਜਾਰੀ ਕਰਕੇ ਮਤਾ ਪਾਸ ਕਰਨ ਲਈ ਕੈਲੀਫੋਰਨੀਆ ਵਿਧਾਨ ਸਭਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ। -ਪੀਟੀਆਈ


Source link

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …