Home / World / ਸੱਭਿਆਚਾਰ ਦੀ ਪੁਨਰ ਸੁਰਜੀਤੀ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ: ਨਵਜੋਤ ਸਿੰਘ ਸਿੱਧੂ

ਸੱਭਿਆਚਾਰ ਦੀ ਪੁਨਰ ਸੁਰਜੀਤੀ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ: ਨਵਜੋਤ ਸਿੰਘ ਸਿੱਧੂ

ਸੱਭਿਆਚਾਰ ਦੀ ਪੁਨਰ ਸੁਰਜੀਤੀ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ: ਨਵਜੋਤ ਸਿੰਘ ਸਿੱਧੂ

3ਚੰਡੀਗੜ੍ਹ – ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਮੀਰ ਵਿਰਸਾ ਤੇ ਸੱਭਿਆਚਾਰ ਹੈ ਜਿਸ ਦੀਆਂ ਡੂੰਘੀਆਂ ਜੜ੍ਹਾਂ ਹਨ। ਅਜੋਕੇ ਬਦਲਦੇ ਦੌਰ ਵਿੱਚ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਸੱਭਿਆਚਾਰ ਦੀ ਪੁਨਰ ਸੁਰਜੀਤੀ ਦੀ ਲੋੜ ਹੈ ਅਤੇ ਇਸ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ।
ਸ. ਸਿੱਧੂ ਨੇ ਇਹ ਗੱਲ ਅੱਜ ਸੈਕਟਰ 16 ਸਥਿਤ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਖੇ ਸਾਹਿਤਕਾਰਾਂ, ਕਲਾਕਾਰਾ, ਬੁੱਧੀਜੀਵੀਆਂ ਤੇ ਦਾਨਿਸ਼ਵਾਰਾਂ ਨਾਲ ਮੀਟਿੰਗ ਕਰਦਿਆਂ ਕਹੀ। ਉਹ ਅੱਜ ਇਹ ਮੀਟਿੰਗ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਸਮੇਤ ਵਿਸ਼ੇਸ਼ ਸੱਦੇ ‘ਤੇ ਬੁਲਾਏ ਸਾਹਿਤਕਾਰਾਂ ਨਾਲ ਕਲਾ ਪ੍ਰੀਸ਼ਦ ਦੇ ਢਾਂਚੇ ਵਿੱਚ ਵਿਸਥਾਰ ਨੂੰ ਲੈ ਕੇ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਲੋਪ ਹੋ ਰਹੀਆਂ ਕਲਾਵਾਂ ਨੂੰ ਬਚਾਉਣ, ਸਾਹਿਤ, ਸੱਭਿਆਤਾਰ, ਪੰਜਾਬੀ ਬੋਲੀ ਤੇ ਵਿਰਸੇ ਦੀ ਪ੍ਰਫੁੱਲਤਾ ਲਈ ਕਲਾ ਪ੍ਰੀਸ਼ਦ ਦੇ ਬੈਨਰ ਹੇਠ 12 ਵਿੰਗ ਬਣਾਏ ਜਾਣਗੇ ਜੋ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹੋਣਗੇ। ਹਰ ਵਿੰਗ ਵਿੱਚ 8 ਤੋਂ 10 ਵਿਅਕਤੀ ਸ਼ਾਮਲ ਹੋਣਗੇ ਅਤੇ ਹਰ ਵਿੰਗ ਦਾ ਇਕ ਕਨਵੀਨਰ ਹੋਵੇਗਾ।
ਸ. ਸਿੱਧੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਖਸ਼ੀਅਤਾਂ ਆਪੋ-ਆਪਣੇ ਖੇਤਰ ਵਿੱਚ ਸਿਖਰਲਾ ਸਥਾਨ ਹਾਸਲ ਹਨ ਇਸ ਲਈ ਉਹ ਤਾਂ ਇਹ ਸਿਰਫ ਸਾਰਿਆਂ ਦੀ ਅਗਵਾਈ ਚਾਹੁੰਦੇ ਹਨ ਅਤੇ ਲੋਕ ਲਹਿਰ ਖੜ੍ਹੀ ਕਰਨ ਲਈ ਸੱਭਿਆਚਾਰਕ ਸੱਥ ਬਣਾਉਣੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਖਸ਼ੀਅਤ ਨੂੰ ਕੋਈ ਸਲਾਹ ਦੇਣ ਦੀ ਲੋੜ ਨਹੀਂ ਅਤੇ ਹਰ ਵਿਅਕਤੀ ਆਪਣੇ ਵਿੱਚ ਇਕ ਅਥਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੁੰਦੇ ਹਨ ਜਿਸ ਨੂੰ ਪੂਰਾ ਕਰਨਾ ਸਾਡੇ ਅੱਗੇ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਣਮੱਤੇ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਦੀ ਮੁਹਿੰਮ ਨੂੰ ਇਕ ਵੱਡੇ ਅੰਦੋਲਨ ਦਿੱਤੇ ਜਾਣ ਦੀ ਲੋੜ ਹੈ ਤਾਂ ਜੋ ਇਸ ਵਿੱਚ ਨਵੀਂ ਰੂਹ ਫੂਕੀ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਹਰ ਮਹੀਨੇ ਹਰ ਵਿੰਗ ਨਾਲ ਮੀਟਿੰਗ ਕਰਨਗੇ। ਉਨ੍ਹਾਂ ਸਭ ਦਾਨਿਸ਼ਵਾਰ ਹਾਜ਼ਰੀਨਾਂ ਨੂੰ ਸੂਬੇ ਵਿੱਚ ਇਕ ਸੱਭਿਆਚਾਰ ਪੁਨਰ ਜਾਗ੍ਰਿਤੀ ਲਿਆਉਣ ਲਈ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ।
ਇਸ ਤੋਂ ਪਹਿਲਾਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਪ੍ਰਸਿੱਧ ਸ਼ਾਇਰ ਡਾ.ਸੁਰਜੀਤ ਪਾਤਰ ਨੇ ਸਾਰੇ ਵਿੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਧਾਰਾ- (ਸੂਖਮ ਤੇ ਸਥੂਲ), ਵਿਦਿਅਕ ਅਦਾਰਿਆਂ ਨਾਲ ਸਾਂਝ, ਡਿਜ਼ੀਟਲ ਡਾਕਖਾਨਾ, ਪਿੰਡ ਪਰਾਣ, ਸਾਡੀ ਜਿੰਦ ਜਾਨ ਪੰਜਾਬੀ, ਅਲੋਪ ਹੋ ਰਹੀਆਂ ਵਸਤਾਂ, ਜੋਬਨ ਰੁੱਤੇ ਜੀਨਾ, ਰੰਗ ਮੰਚ ਲਹਿਰ ਆਦਿ ਨਾਲ ਪੰਜਾਬ ਦੇ ਪਿੰਡਾ-ਪਿੰਡ ਤੇ ਸ਼ਹਿਰ ਨੂੰ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਲਾ ਮੇਲੇ ਲਗਾਏ ਜਾਣਗੇ ਜਿਨ੍ਹਾਂ ਵਿੱਚ ਕਵਿਤਾ, ਸਾਹਿਤਕ ਤੇ ਲੇਖ ਲਿਖਣ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਲਲਿਤ ਕਲਾਵਾਂ ਨੂੰ ਵੀ ਸਾਂਭਣ ਲਈ ਉਪਰਾਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੰਟਰਨੈਟ ਦੇ ਯੁੱਗ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵਾਂ ਗੁਰਪੁਰਬ ਆ ਰਿਹਾ ਹੈ ਅਤੇ ਇਸ ਮੌਕੇ ‘ਏਸ਼ੀਅਨ ਕਾਵਿ ਸੰਮੇਲਨ’ ਕਰਵਾਇਆ ਜਾਵੇਗਾ।
ਇਸ ਉਪਰੰਤ ਸਾਹਿਤਕਾਰਾਂ/ਬੁੱਧੀਜੀਵੀਆਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਸੁਝਾਅ ਦਿੱਤੇ ਜਿਨ੍ਹਾਂ ਵਿੱਚੋਂ ਨਾਟ ਸ਼ਾਲਾ ਅੰਮ੍ਰਿਤਸਰ ਤੋਂ ਜਤਿੰਦਰ ਬਰਾੜ ਨੇ ਸੁਝਾਅ ਦਿੰਦਿਆਂ ਕਿਹਾ ਕਿ ਹੇਠਲੇ ਪੱਧਰ ‘ਤੇ 10-12 ਪਿੰਡਾਂ ਪਿੱਛੇ ਰੰਗ ਮੰਚ ਸੰਸਥਾ ਹੋਣੀ ਚਾਹੀਦੀ ਹੈ ਜੋ ਨਿਰੰਤਰ ਆਪਣਾ ਕੰਮ ਕਰੇ। ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬੇਰੋਜ਼ਗਾਰੀ ਅਤੇ ਨੌਜਵਾਨਾਂ ਵਿੱਚ ਨਿਰਾਸ਼ਤਾ ਦਾ ਆਲਮ ਦੂਰ ਕਰਨ ਲਈ ਸੱਭਿਆਚਾਰ ਬਹੁਤ ਵਧੀਆ ਸਾਧਨ ਬਣ ਸਕਦਾ ਹੈ। ਡਾ.ਤੇਜਵੰਤ ਸਿੰਘ ਗਿੱਲ ਨੇ ਸਾਂਝੇ ਪੰਜਾਬ (ਚੜ੍ਹਦਾ ਤੇ ਲਹਿੰਦਾ) ਦੇ ਵਿਰਸੇ ਤੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਕੰਮ ਕਰਨ ਦੀ ਗੱਲ ਕੀਤੀ। ਡਾ.ਗੁਰਮੀਤ ਸਿੰਘ ਨੇ ਸੂਬਾ ਪੱਧਰ ਦਾ ਇਕ ਮਿਊਜ਼ੀਅਮ ਬਣਾਉਣ ਦੀ ਮੰਗ ਕੀਤੀ ਜਿੱਥੇ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਹਰ ਵਸਤੋਂ ਰੱਖੀ ਜਾਵੇ।
ਨਿੰਦਰ ਘੁਗਿਆਣਵੀ ਨੇ ਕੈਬਨਿਟ ਮੰਤਰੀ ਸ. ਸਿੱਧੂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਸਦਕਾ ਵੱਖ-ਵੱਖ ਕੰਮ ਕਰਨ ਵਾਲੇ ਕਲਾਕਾਰ, ਸਾਹਿਤਕਾਰ, ਬੁੱਧੀਜੀਵੀ ਇਕ ਮੰਚ ‘ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ਤੋਂ ਬਾਅਦ ਪੰਜਾਬ ਦੂਜਾ ਸੂਬਾ ਹੈ ਜਿਸ ਨੇ ਸੱਭਿਆਚਾਰ ਨੀਤੀ ਬਣਾਈ ਹੈ ਜਿਸ ਦਾ ਸਿਹਰਾ ਮੰਤਰੀ ਨੂੰ ਜਾਂਦਾ ਹੈ। ਹਰਵਿੰਦਰ ਸਿੰਘ ਖਾਲਸਾ ਨੇ ਪੁਰਾਤਨ ਅਲੋਪ ਹੋ ਰਹੀਆਂ ਵਸਤਾਂ ਨੂੰ ਲੈ ਕੇ ਇਕ ਮਿਊਜ਼ੀਅਮ ਬਣਾਉਣ ਦੀ ਗੱਲ ਕਰਦਿਆਂ ਇਹ ਵੀ ਪੇਸ਼ਕਸ਼ ਰੱਖੀ ਕਿ ਉਹ ਖੁਦ ਇਨ੍ਹਾਂ ਵਸਤਾਂ ਦੇ ਸੰਗ੍ਰਹਿ ਵਿੱਚ ਮੱਦਦ ਕਰਨਗੇ। ਡਾ.ਸੁਖਦੇਵ ਸਿੰਘ ਸਿਰਸਾ ਨੇ ਅਲੋਪ ਹੋ ਰਹੀਆਂ ਕਲਾਵਾਂ ਅਤੇ ਪੰਜਾਬੀ ਦੀਆਂ ਉਪ ਭਾਸ਼ਾਵਾਂ ਨੂੰ ਸੰਭਾਲਣ ਲਈ ਇਸ ਦਾ ਦਸਤਾਵੇਜ਼ੀਕਰਨ ਦੀ ਗੱਲ ਕੀਤੀ।
ਡਾ.ਨਿਰਮਲ ਜੌੜਾ ਨੇ ਪਿੰਡਾਂ ਵਿੱਚ ਬੈਠੇ ਅਜਿਹੇ ਨੌਜਵਾਨਾਂ ਲਈ ਮੰਚ ਮੁਹੱਈਆ ਕਰਨ ਦੀ ਗੱਲ ਕੀਤੀ ਜਿਨ੍ਹਾਂ ਨੂੰ ਸਿੱਖਿਆ ਹਾਸਲ ਕਰਨ ਅਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਵਿਰਾਸਤੀ ਯੁਵਕ ਮੇਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਲਾ ਪ੍ਰੀਸ਼ਦ ਵੱਲੋਂ ਵਿਰਾਸਤੀ ਕਲਾਵਾਂ ਦਾ ਅੰਤਰ ‘ਵਰਸਿਟੀ ਪੱਧਰ ਦਾ ਮੁਕਾਬਲਾ ਕਰਵਾਇਆ ਜਾਣਾ ਚਾਹੀਦਾ ਹੈ। ਸਵਰਨਜੀਤ ਸਵੀ ਨੇ ਚਿੱਤਰਕਾਰੀ ਕਲਾ ਨੂੰ ਉਤਸ਼ਾਹਤ ਕਰਨ ਦੀ ਗੱਲ ਕੀਤੀ। ਡਾ.ਨਾਹਰ ਸਿੰਘ ਨੇ ਕਲਾਵਾਂ ਨੂੰ ਸਾਂਭਣ ਲਈ ਮਿਊਜ਼ੀਅਮ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਤੇ ਵਿਰਸਾ ਧਰਮ ਨਿਰਪੱਖ ਹੈ ਅਤੇ ਲਹਿੰਦਾ ਪੰਜਾਬ ਵੀ ਇਸ ਦਾ ਅਟੁੱਟ ਹਿੱਸਾ ਰਿਹਾ ਹੈ ਜਿਸ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ।
ਮੀਟਿੰਗ ਦੀ ਕਾਰਵਾਈ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਸ. ਲਖਵਿੰਦਰ ਸਿੰਘ ਜੌਹਲ ਨੇ ਚਲਾਈ। ਸ. ਜੌਹਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਮਿਲਣ ਵਾਲੇ ਸੁਝਾਵਾਂ ਤੋਂ ਇਲਾਵਾ ਲਿਖਤੀ ਸੁਝਾਅ ਵੀ ਦਿੱਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਕਲਾ ਪ੍ਰੀਸ਼ਦ ਦੀਆਂ ਨੀਤੀਆਂ ਅਤੇ ਢਾਂਚੇ ਦੇ ਵਿਸਥਾਰ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਸੱਭਿਆਚਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ. ਜਸਪਾਲ ਸਿੰਘ, ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਡਾ.ਸਰਬਜੀਤ ਕੌਰ ਸੋਹਲ, ਡਾ.ਦੀਪਕ ਮਨਮੋਹਨ ਸਿੰਘ, ਸਰਬਜੀਤ ਕੌਰ ਮਾਂਗਟ, ਕੇਵਲ ਧਾਲੀਵਾਲ, ਡਾ.ਕਰਮਜੀਤ ਸਿੰਘ ਸਰਾਂ, ਦੀਵਾਨ ਮੰਨਾ, ਪ੍ਰੋ. ਮਨਜੀਤ ਇੰਦਰਾ, ਸੁਸ਼ੀਲ ਦੁਸਾਂਝ, ਪ੍ਰੀਤਮ ਰੁਪਾਲ, ਡਾ.ਯੋਗਰਾਜ, ਦਰਸ਼ਨ ਸਿੰਘ ਆਸ਼ਟ, ਸੁੱਖੀ ਬਰਾੜ, ਸਿਰੀ ਰਾਮ ਅਰਸ਼, ਪ੍ਰੋ. ਦਰਿਆ ਆਦਿ ਹਾਜ਼ਰ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …