Home / World / ਸੂਬੇ ਦੀ ਨੁਹਾਰ ਬਦਲਣ ਲਈ ਹਾਈਕਮਾਨ ਨੇ ਦਿੱਤੀ ਕੈਪਟਨ ਨੂੰ ਖੁੱਲ੍ਹੀ ਛੋਟ

ਸੂਬੇ ਦੀ ਨੁਹਾਰ ਬਦਲਣ ਲਈ ਹਾਈਕਮਾਨ ਨੇ ਦਿੱਤੀ ਕੈਪਟਨ ਨੂੰ ਖੁੱਲ੍ਹੀ ਛੋਟ

ਸੂਬੇ ਦੀ ਨੁਹਾਰ ਬਦਲਣ ਲਈ ਹਾਈਕਮਾਨ ਨੇ ਦਿੱਤੀ ਕੈਪਟਨ ਨੂੰ ਖੁੱਲ੍ਹੀ ਛੋਟ

2ਜਲੰਧਰ —10 ਸਾਲਾਂ ਬਾਅਦ ਸੂਬੇ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਪਾਰਟੀ ਕੁਝ ਹੀ ਮਹੀਨਿਆਂ ‘ਚ ਆਪਣਾ ਅਕਸ ਗੁਆਉਣ ਲੱਗੀ ਹੈ ਜੋ ਪਾਰਟੀ ਹਾਈਕਮਾਨ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਸੂਬੇ ‘ਚ ਸਰਕਾਰ ਦੇ ਅਕਸ ‘ਚ ਨਿਖਾਰ ਲਿਆਉਣ ਤੇ ਸੂਬੇ ਦੀ ਨੁਹਾਰ ਬਦਲਣ ਲਈ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਹੁਣ ਕੈਪਟਨ ਸੂਬਾ ਸਰਕਾਰ ਦੀਆਂ ਨੀਤੀਆਂ ‘ਚ ਬਦਲਾਅ ਲਿਆਉਣਗੇ। ਇਸ ਲਈ ਹੁਣ ਕੈਪਟਨ ਨੇ ਆਪਣੀ ਖਾਸ ਲਾਬੀ ਨਾਲ ਵਿਚਾਰ-ਵਟਾਂਦਰਾ ਵੀ ਸ਼ੁਰੂ ਕਰ ਦਿੱਤਾ ਹੈ।
ਕਾਂਗਰਸ ਦੇ ਥਿੰਕ ਟੈਂਕ ਹੁਣ ਸਰਕਾਰ ਨੂੰ 4 ਪ੍ਰਮੁੱਖ ਬਿੰਦੂਆਂ ‘ਤੇ ਫੋਕਸ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ। ਸੂਬੇ ‘ਚ ਕਾਂਗਰਸ ਨੂੰ 10 ਸਾਲ ਬਾਅਦ ਸੱਤਾ ‘ਚ ਲਿਆਉਣ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ। 2002 ਤੋਂ 2007 ਤੱਕ ਆਪਣੇ ਕਾਰਜਕਾਲ ‘ਚ ਕੈਪਟਨ ਨੇ ਸੂਬੇ ‘ਚ ਵਿੱਤੀ ਤੇ ਖੇਤੀਬਾੜੀ ਹਾਲਾਤ ਨੂੰ ਸੁਧਾਰਨ ਲਈ ਖਾਸ ਉਪਰਾਲੇ ਕੀਤੇ ਸਨ। ਇਨ੍ਹਾਂ ਕੋਸ਼ਿਸ਼ਾਂ ‘ਚ ਕੈਪਟਨ ਨੂੰ ਕਾਮਯਾਬੀ ਵੀ ਮਿਲੀ ਸੀ ਪਰ ਆਪਣੇ ਕਾਰਜਕਾਲ ਦੇ ਅੰਤ ਤੱਕ ਆਉਂਦੇ-ਆਉਂਦੇ ਉਹ ਪਾਰਟੀ ਦੇ ਅੰਦਰੂਨੀ ਕਲੇਸ਼ ‘ਚ ਫਸ ਕੇ ਰਹਿ ਗਏ। ਅੰਦਰੂਨੀ ਲੜਾਈ ਦਾ ਲਾਹਾ ਅਕਾਲੀ ਦਲ ਨੇ ਚੁੱਕਿਆ ਹੈ। ਇਸਦਾ ਸਿੱਧਾ ਲਾਭ 2007 ਦੀਆਂ ਚੋਣਾਂ ‘ਚ ਅਕਾਲੀਆਂ ਨੂੰ ਮਿਲਿਆ। ਸੱਤਾ ‘ਚ ਆਉਣ ਤੋਂ ਬਾਅਦ ਅਕਾਲੀਆਂ ਤੋਂ ਲੋਕਾਂ ਨੂੰ ਕਾਫੀ ਆਸਾਂ ਸਨ ਪਰ ਜਦੋਂ ਉਨ੍ਹਾਂ ਆਪਣੇ ਕਾਰਜਕਾਲ ‘ਚ ਕੰਮ ਕਰਨਾ ਆਰੰਭ ਕੀਤਾ ਤਾਂ ਉਹ ਲੋਕ ਵਿਰੋਧੀ ਨੀਤੀਆਂ ‘ਤੇ ਉਤਰ ਆਏ। ਉਨ੍ਹਾਂ ਕੈਪਟਨ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਸਾਰੇ ਪ੍ਰਾਜੈਕਟਾਂ ਨੂੰ ਰੋਕ ਦਿੱਤਾ। ਅਕਾਲੀ ਹਾਈਕਮਾਨ ਨੇ ਸਿਰਫ ਆਪਣਾ ਢਿੱਡ ਭਰਨ ਵੱਲ ਧਿਆਨ ਦਿੱਤਾ ਤੇ ਲੋਕਾਂ ਦੇ ਹਿੱਤ ਦਾਅ ‘ਤੇ ਲਾ ਦਿੱਤੇ ਜਿਸ ‘ਚ ਸੂਬੇ ਦੀ ਟਰਾਂਸਪੋਰਟ ਸਹੂਲਤ, ਕਿਸਾਨਾਂ ਦੀ ਅਣਦੇਖੀ ਆਦਿ ਸ਼ਾਮਲ ਹਨ।
ਸੂਬੇ ਦੀਆਂ ਇਨ੍ਹਾਂ ਸਹੂਲਤਾਂ ਨੂੰ ਅਕਾਲੀਆਂ ਨੇ ਆਪਣੀ ਪਰਸਨਲ ਪ੍ਰਾਪਰਟੀ ਸਮਝ ਲਿਆ ਤੇ ਆਪਣਾ ਹੀ ਬਿਜ਼ਨਸ ਸ਼ੁਰੂ ਕਰ ਲਿਆ।  ਅਕਾਲੀ ਦਲ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਕਾਰਨ 2017 ‘ਚ ਅਕਾਲੀ ਦਲ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ। ਭਾਵੇਂ ਸੱਤਾ ‘ਚ ਆਉਣ ਤੋਂ ਚਾਰ ਮਹੀਨਿਆਂ ‘ਚ ਹੀ ਕੈਪਟਨ ਸਰਕਾਰ ਆਪਣਾ ਵਜੂਦ ਗੁਆਉਣ ਲੱਗੀ ਹੈ ਜਿਸ ਨਾਲ ਪਾਰਟੀ ਹਾਈਕਮਾਨ ਬੇਹੱਦ ਚਿੰਤਤ ਨਜ਼ਰ ਆ ਰਹੀ ਹੈ। ਹੁਣ ਆਪਣਾ ਅਕਸ ਨਿਖਾਰਨ ਲਈ ਕੈਪਟਨ ਸਰਕਾਰ 4 ਬਿੰਦੂਆਂ ‘ਤੇ ਕੰਮ ਕਰਨ ਜਾ ਰਹੀ ਹੈ।
ਸਰਕਾਰ ਜਨਤਾ ਦੀਆਂ ਜ਼ਰੂਰਤਾਂ ਤਹਿਤ ਕਰੇਗੀ ਕੰਮ-ਕੈ. ਅਮਰਿੰਦਰ ਸਿੰਘ
ਕੈ. ਅਮਰਿੰਦਰ ਸਿੰਘ ਕਹਿੰਦੇ ਹਨ ਕਿ ਸਰਕਾਰ ਆਪਣਾ ਕੰਮ ਬੇਹੱਦ ਗੰਭੀਰਤਾ ਨਾਲ ਕਰ ਰਹੀ ਹੈ। ਸਰਕਾਰ ਦੇ ਕੰਮ ਹੇਠਲੇ ਪੱਧਰ ‘ਤੇ ਜਨਤਾ ਤਕ ਨਹੀਂ ਪਹੁੰਚ ਰਹੇ, ਜਿਸ ਨਾਲ ਕੁਝ ਨਿਰਾਸ਼ਾ ਜ਼ਰੂਰ ਨਜ਼ਰ ਆਉਂਦੀ ਹੈ ਪਰ ਪਿਛਲੀ ਸਰਕਾਰ ਨੇ ਜਿਸ ਤਰ੍ਹਾਂ ਸੂਬੇ ਦੇ ਮੁਢਲੇ ਢਾਂਚੇ ਨੂੰ ਤਬਾਹ ਕੀਤਾ ਹੈ, ਉਸ ਨੂੰ ਦੁਬਾਰਾ ਪਟੜੀ ‘ਤੇ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਜਲਦੀ ਹੀ ਸੂਬੇ ਦੀ ਜਨਤਾ ਦੀਆਂ ਜ਼ਰੂਰਤਾਂ ਤਹਿਤ ਸਰਕਾਰ ਹਰ ਕੰਮ ਕਰੇਗੀ।
1 ਖੇਤੀਬਾੜੀ ਸੈਕਟਰ
ਇਕ ਸਮਾਂ ਸੀ ਜਦੋਂ ਪੰਜਾਬ ਖੇਤੀਬਾੜੀ ‘ਚ ਦੇਸ਼ ਦਾ ਨੰਬਰ ਇਕ ਸੂਬਾ ਕਹਾਉਂਦਾ ਸੀ ਪਰ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ‘ਚ ਖੇਤੀਬਾੜੀ ਦਾ ਪੱਧਰ ਬੇਹੱਦ ਹੇਠਾਂ ਜਾ ਚੁੱਕਾ ਹੈ। ਕਿਸਾਨ ਕਰਜ਼ਦਾਰ ਹੋ ਗਏ ਹਨ ਤੇ ਲਗਾਤਾਰ ਖੁਦਕੁਸ਼ੀਆਂ ਵੱਲ ਵਧ ਰਹੇ ਹਨ। ਸੂਬੇ ‘ਚ ਖੇਤੀਬਾੜੀ ਬੇਰੋਜ਼ਗਾਰਾਂ ਲਈ ਲਾਭਦਾਇਕ ਹੈ। 2005-06 ‘ਚ ਜੋ ਜੀ. ਡੀ. ਪੀ. ਕਰੀਬ 10 ਫੀਸਦੀ ਸੀ ਉਹ ਘਟ ਕੇ 2015-16 ‘ਚ ਸਿਰਫ 5.96 ਫੀਸਦੀ ਰਹਿ ਗਈ ਹੈ। ਜੋ ਕਿ ਦੇਸ਼ ਦੀ ਘੱਟੋ-ਘੱਟ ਜੀ. ਡੀ. ਪੀ. ਨਾਲੋਂ ਵੀ ਘੱਟ ਹੈ
2 ਹੈਲਥ ਸੈਕਟਰ
ਪਿਛਲੇ 10 ਸਾਲਾਂ ‘ਚ ਹੈਲਥ ਸੈਕਟਰ ਦਾ ਮੁਢਲਾ ਢਾਂਚਾ ਵੀ ਤਬਾਹ ਹੋ ਚੁੱਕਾ ਹੈ। ਹੈਲਥ ਸੈਕਟਰ ਨੂੰ ਆਧੁਨਿਕ ਬਣਾਉਣ ਲਈ ਕੋਸ਼ਿਸ਼ਾਂ ਤੱਕ ਨਹੀਂ ਕੀਤੀਆਂ ਗਈਆਂ। ਅੱਜ ਵੀ ਵੱਡੀ ਬੀਮਾਰੀ ਦੇ ਇਲਾਜ ਲਈ ਦੂਜੇ ਸੂਬਿਆਂ ਵੱਲ ਰੁਖ ਕਰਨਾ ਪੈਂਦਾ ਹੈ। 10 ਸਾਲਾਂ ‘ਚ ਸਰਕਾਰ ਸਿਰਫ ਏਮਜ਼ ਪ੍ਰਾਜੈਕਟ ਬਠਿੰਡਾ ‘ਚ ਲਿਆਉਣ ‘ਚ ਹੀ ਸਫਲ ਰਹੀ ਹੈ। ਉਸ ‘ਤੇ ਵੀ ਅਜੇ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਕੈਪਟਨ ਸਰਕਾਰ ਹੁਣ ਹੈਲਥ ਸੈਕਟਰ ‘ਤੇ ਜ਼ਿਆਦਾ ਫੋਕਸ ਕਰੇਗੀ ਤੇ ਬੰਦ ਹੋ ਚੁੱਕੀਆਂ ਹੈਲਥ ਸੇਵਾਵਾਂ ਨੂੰ ਦੁਬਾਰਾ ਪਟੜੀ ‘ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ।
3. ਐਜੂਕੇਸ਼ਨ ਸੈਕਟਰ
ਸਿੱਖਿਆ ਸੈਕਟਰ ਵੱਲ ਵੀ ਪਿਛਲੀ ਸਰਕਾਰ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਿਸਦੀ ਤਾਜ਼ਾ ਮਿਸਾਲ ਮੌਜੂਦਾ ਅਕੈਡਮਿਕ ਸਾਲ ਦੇ 10ਵੀਂ ਤੇ 12ਵੀਂ ਦੇ ਨਤੀਜੇ ਹਨ। ਐਜੂਕੇਸ਼ਨ ਸੈਕਟਰ ਦਾ ਮਿਆਰ ਕਾਇਮ ਕਰਨ ਲਈ ਖਾਸ ਉਪਰਾਲਿਆਂ ਦੀ ਲੋੜ ਹੈ।
4. ਨਸ਼ਾ
ਪਿਛਲੀ ਸਰਕਾਰ ਦੇ ਤਾਬੂਤ ‘ਚ ਕਿੱਲ ਠੋਕਣ ਦਾ ਕੰਮ ਨਸ਼ਿਆਂ ਦੇ ਮੁੱਦੇ ਨੇ ਕੀਤਾ ਸੀ। ਨਸ਼ੇ ਨੂੰ ਲੈ ਕੇ ਕੌਮਾਂਤਰੀ ਪੱਧਰ ‘ਤੇ  ਪੰਜਾਬ ਦਾ ਨਾਂ ਬਦਨਾਮ ਹੋ ਗਿਆ ਸੀ। ਕੈਪਟਨ ਸਰਕਾਰ ਨੇ ਆਪਣੇ ਸ਼ੁਰੂਆਤੀ ਸਮੇਂ ‘ਚ ਨਸ਼ਿਆਂ ‘ਤੇ ਕੁਝ ਵਧੀਆ ਕੰਮ ਕੀਤਾ ਪਰ ਹੁਣ ਫਿਰ ਇਸ ਬਾਰੇ ਸੁਆਲ ਖੜ੍ਹੇ ਹੋਣ ਲੱਗੇ ਹਨ। ਕੈਪਟਨ ਸਰਕਾਰ ਹੁਣ ਨਸ਼ੇ ਨੂੰ ਪੂਰੀ ਤਰ੍ਹਾਂ ਜੜ੍ਹ ਤੋਂ ਖਤਮ ਕਰਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵੱਲ ਆਪਣੇ ਕਦਮ ਵਧਾ ਰਹੀ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …