ਸੁਲਤਾਨਪੁਰ ਲੋਧੀ-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲਦਿਲੀ ਕਾਰਨ ਪੂਰੀ ਦੁਨੀਆਂ ਅੰਦਰ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ.ਪੀ. ਸਿੰਘ ਉਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਖੋਲ੍ਹੇ ਜਾ ਰਹੇ ਲਾਂਘੇ ਦੇ ਮੁੱਖ ਦੁਆਰ ਤੇ 30 ਫ਼ੁੱਟ ਦੇ ਘੇਰੇ (ਚੌੰਕ) ‘ਚ ਤਿਅਾਰ ਕਰਵਾਇਆ ਜਾ ਰਿਹਾ 31 ਫ਼ੁੱਟ ਉੱਚਾ ੧ਓ ਦਾ ਸ਼ਿਲਾਲੇਖ ਤੇ ਉਸ ਉੱਪਰ ਲੱਗਣ ਵਾਲੀ ਰਬਾਬ ਇੱਥੇ ਆਉਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਸੂਖ਼ਮ ਕਲਾ ਤੇ ਧਾਰਮਿਕ ਪੱਖ ਤੋਂ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਬੁੱਤਘਾੜਿਆਂ ਤੇ ਆਰਟਿਸਟਾਂ ਦੀ ਮਦਦ ਨਾਲ ਤਿਅਾਰ ਕਰਵਾਏ ਗਏ ਇਸ ਸ਼ਿਲਾਲੇਖ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਅਤੇ ਉੱਥੋਂ ਵਾਪਸ ਆਉਣ ਵਾਲੇ ਯਾਤਰੂਆਂ ਨੂੰ ਇੱਕੋ ਜਿਹਾ ਵਿਖਾਈ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਉੱਪਰ ਲੱਗਣ ਵਾਲਾ 9 ਫ਼ੁੱਟ ਉੱਚਾ ੧ਓ ਦਾ ਚਿੰਨ੍ਹ ਵਧੀਆ ਕਿਸਮ ਦੀ ਸਟੀਲ ਦਾ ਲੇਜ਼ਰ ਕੱਟ ਰਾਹੀਂ ਬਣਵਾਇਆ ਗਿਆ ਹੈ, ਜੋ ਮੋਟਰ ਦੀ ਮਦਦ ਨਾਲ ਧੀਮੀ ਗਤੀ ਨਾਲ ਚਾਰ-ਚੁਫ਼ੇਰੇ ਘੁੰਮੇਗਾ। ਉਨ੍ਹਾਂ ਇਸ ਸ਼ਿਲਾਲੇਖ ਤੇ ਲੱਗਣ ਵਾਲੇ ਰਬਾਬ ਬਾਰੇ ਦੱਸਦਿਆਂ ਕਿਹਾ ਕਿ ਇਹ ਰਬਾਬ ਸਵਾ ਪੰਜ ਫੁੱਟ ਉੱਚੀ ਹੋਵੇਗੀ ਅਤੇ ਇਸ ਨੂੰ ਵੱਖ-ਵੱਖ ਤਰ੍ਹਾਂ ਦੀਆਂ 5 ਧਾਤਾਂ ਦੀ ਢਲਾਈ ਕਰਕੇ ਬਣਾਇਆ ਗਿਆ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸ਼ਿਲਾਲੇਖ ਉੱਪਰ ਲਿਖਿਆ ਜਾਣ ਵਾਲਾ “ਮੂਲ ਮੰਤਰ” ਅਤੇ ਸ਼ਬਦ “ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ” ਵੀ 5 ਧਾਤਾਂ ਦੇ ਮਿਸ਼ਰਣ ਨਾਲ ਤਿਆਰ ਕੀਤਾ ਗਿਆ ਹੈ। ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇਸ ਸ਼ਿਲਾਲੇਖ ਉੱਤੇ ਉੱਚ ਮਿਆਰ ਦਾ ਸਫੈਦ ਪੱਥਰ ਲਾਇਆ ਜਾਵੇਗਾ ਅਤੇ ਇਸ ਦੇ ਆਸੇ ਪਾਸੇ ਲੱਗਣ ਵਾਲੀਆਂ ਵਿਸ਼ੇਸ਼ ਲਾਈਟਾਂ ਇਸ ਨੂੰ ਹੋਰ ਖਿੱਚ ਭਰਪੂਰ ਬਣਾਉਣਗੀਆਂ । ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦੇਖ-ਰੇਖ ਅਤੇ ਨਾਂਮਵਰ ਆਰਟਿਸਟ ਸਵਰਨਜੀਤ ਸਿੰਘ ਸਵੀ, ਆਰਕੀਟੈਕਟ ਸੁਰਿੰਦਰ ਸਿੰਘ,ਅਮਰਜੀਤ ਸਿੰਘ ਗਰੇਵਾਲ ਦੀ ਨਿਗਰਾਨੀ ਹੇਠ ਬਣ ਰਹੇ ਇਸ ਸ਼ਿਲਾਲੇਖ ਨੂੰ ਤਿਆਰ ਕਰਨ ਲਈ ਕੰਮ ਆਰੰਭ ਹੋ ਚੁੱਕਾ ਹੈ ਅਤੇ ਛੇਤੀ ਹੀ ਇਸ ਕਾਰਜ ਨੂੰ ਮੁਕੰਮਲ ਕਰ ਲਿਆ ਜਾਵੇਗਾ।
Home / Punjabi News / ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਲਾਂਘੇ ਦੇ ਮੁੱਖ ਦੁਆਰ ਤੇ ਬਣਨ ਵਾਲਾ 31 ਫੁੱਟ ਉੱਚਾ ੧ਓ ਦਾ ਸ਼ਿਲਾਲੇਖ
Check Also
ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…
Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …
Asian Tribune Your Multilingual Newspaper covering World and local news News