Home / Punjabi News / ਰਾਜ ਸਭਾ ਚੇਅਰਮੈਨ ਵੱਲੋਂ ਮੈਂਬਰਾਂ ਦੀ ਝਾੜ-ਝੰਬ

ਰਾਜ ਸਭਾ ਚੇਅਰਮੈਨ ਵੱਲੋਂ ਮੈਂਬਰਾਂ ਦੀ ਝਾੜ-ਝੰਬ

ਨਵੀਂ ਦਿੱਲੀ, 13 ਫਰਵਰੀ

ਮੁੱਖ ਅੰਸ਼

  • ਬਜਟ ਇਜਲਾਸ ਦਾ ਪਹਿਲਾ ਗੇੜ ਮੁਕੰਮਲ
  • ਹੁਣ 13 ਮਾਰਚ ਤੋਂ ਸ਼ੁਰੂ ਹੋਵੇਗਾ ਦੂਜਾ ਪੜਾਅ

ਬਜਟ ਇਜਲਾਸ ਦਾ ਅੱਜ ਪਹਿਲਾ ਗੇੜ ਮੁਕੰਮਲ ਹੋਣ ਕਾਰਨ ਸੰਸਦ ਦੇ ਦੋਵੇਂ ਸਦਨ 13 ਮਾਰਚ ਤੱਕ ਲਈ ਉਠਾ ਦਿੱਤੇ ਗਏ ਹਨ। ਇਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ‘ਚ ਵਾਰ ਵਾਰ ਅੜਿੱਕੇ ਪੈਂਦੇ ਰਹੇ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਮੈਂਬਰ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਅਤੇ ਕਾਂਗਰਸ ਮੈਂਬਰ ਰਜਨੀ ਪਾਟਿਲ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਕਰਦੇ ਰਹੇ। ਜਦੋਂ ਕਾਰਵਾਈ ‘ਚ ਅੜਿੱਕਾ ਪੈਂਦਾ ਰਿਹਾ ਤਾਂ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਇਸ ਨੂੰ ਦਿਨ ਭਰ ਲਈ ਉਠਾ ਦਿੱਤਾ।

ਇਸ ਤੋਂ ਪਹਿਲਾਂ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਚੇਅਰਮੈਨ ਤੋਂ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਬੋਲਣ ਦੇਣ ਦੀ ਇਜਾਜ਼ਤ ਮੰਗੀ। ਜਦੋਂ ਖੜਗੇ ਨੂੰ ਬੋਲਣ ਦੀ ਇਜਾਜ਼ਤ ਮਿਲੀ ਤਾਂ ਹਾਕਮ ਧਿਰ ਦੇ ਕਈ ਮੈਂਬਰਾਂ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਉਂਜ ਖੜਗੇ ਦੇ ਬਿਆਨ ਨੂੰ ਚੇਅਰ ਨੇ ਕਾਰਵਾਈ ‘ਚੋਂ ਹਟਵਾ ਦਿੱਤਾ। ਵਿਰੋਧੀ ਧਿਰਾਂ ਦੇ ਮੈਂਬਰ ਵੀ ਨਾਅਰੇਬਾਜ਼ੀ ਕਰਦੇ ਰਹੇ ਅਤੇ ਕੁਝ ਸਦਨ ਦੇ ਵਿਚਕਾਰ ਆ ਗਏ। ਸ੍ਰੀ ਧਨਖੜ ਨੇ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਚਲਾਉਣ ਦੀ ਅਪੀਲ ਕਰਦਿਆਂ ਤਾਕੀਦ ਕੀਤੀ ਕਿ ਜੇਕਰ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਤੋਂ ਪਹਿਲਾਂ ਕਾਂਗਰਸ ਮੈਂਬਰ ਪ੍ਰਮੋਦ ਤਿਵਾੜੀ ਨੇ ਰਜਨੀ ਪਾਟਿਲ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਕਰਦਿਆਂ ਜੇਪੀਸੀ ਜਾਂਚ ਦੇ ਹੁਕਮ ਦੇਣ ਲਈ ਕਿਹਾ। ਸਦਨ ਦੇ ਆਗੂ ਪਿਯੂਸ਼ ਗੋਇਲ ਨੇ ਵਿਰੋਧੀ ਮੈਂਬਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਦੌਰਾਨ ਅਪਣਾਏ ਗਏ ਵਤੀਰੇ ਲਈ ਪਹਿਲਾਂ ਉਹ ਮੁਆਫ਼ੀ ਮੰਗਣ। ਇਸ ਮਗਰੋਂ ਹੀ ਮੁਅੱਤਲੀ ਵਾਪਸ ਲਏ ਜਾਣ ਦੀ ਮੰਗ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ‘ਤੇ ਵਿਰੋਧੀ ਧਿਰ ਦੇ ਆਗੂਆਂ ਨੇ ਨਾਅਰੇਬਾਜ਼ੀ ਕਰਦਿਆਂ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਮਗਰੋਂ ਚੇਅਰ ਨੇ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ। ਸੰਸਦ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਪਿਯੂਸ਼ ਗੋਇਲ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਵਿਰੋਧੀ ਧਿਰ ਦੇ ਮੈਂਬਰ ਕਾਰਵਾਈ ਠੱਪ ਕਰਾਉਣ ਲਈ ਸਦਨ ‘ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਚੇਅਰਮੈਨ ਦਾ ਆਖਾ ਨਾ ਮੰਨ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ। ਉਧਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਹੇਠਲੇ ਸਦਨ ਨੂੰ ‘ਮਿਉਂਸਿਪਲ ਕਾਰਪੋਰੇਸ਼ਨ’ ਨਾ ਬਣਾਉਣ। ਸ੍ਰੀ ਬਿਰਲਾ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਭਾਜਪਾ ਅਤੇ ਟੀਐੱਮਸੀ ਮੈਂਬਰ ਪੱਛਮੀ ਬੰਗਾਲ ਸਰਕਾਰ ਦੇ ਮੁਲਾਜ਼ਮਾਂ ਨਾਲ ਸਬੰਧਤ ਮੁੱਦੇ ‘ਤੇ ਆਹਮੋ-ਸਾਹਮਣੇ ਆ ਗਏ ਸਨ। ਭਾਜਪਾ ਮੈਂਬਰ ਸੌਮਿੱਤਰਾ ਖ਼ਾਨ ਨੇ ਪ੍ਰਸ਼ਨਕਾਲ ਦੌਰਾਨ ਪੱਛਮੀ ਬੰਗਾਲ ਸਰਕਾਰ ਦੇ ਮੁਲਾਜ਼ਮਾਂ ਨੂੰ ਡੀਏ ਦੀ ਅਦਾਇਗੀ ਦਾ ਮੁੱਦਾ ਉਠਾਉਂਦਿਆਂ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪੇਂਦਰ ਯਾਦਵ ਨੂੰ ਸਵਾਲ ਕੀਤਾ ਸੀ ਕਿ ਕੀ ਕੇਂਦਰ ਇਸ ਮਾਮਲੇ ‘ਤੇ ਦਖ਼ਲ ਦੇ ਸਕਦਾ ਹੈ। ਉਨ੍ਹਾਂ ਦੇ ਸਵਾਲ ‘ਤੇ ਤ੍ਰਿਣਮੂਲ ਕਾਂਗਰਸ ਮੈਂਬਰ ਕਲਿਆਣ ਬੈਨਰਜੀ ਨੇ ਇਤਰਾਜ਼ ਜਤਾਇਆ ਅਤੇ ਦੋਹਾਂ ਵਿਚਕਾਰ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ ਜਿਸ ‘ਤੇ ਸਪੀਕਰ ਨੇ ਕਿਹਾ ਕਿ ਉਹ ਆਪਸ ‘ਚ ਬਹਿਸ ਨਾ ਕਰਨ ਅਤੇ ਸੰਸਦ ਨੂੰ ਮਿਉਂਸਿਪਲ ਕਾਰਪੋਰੇਸ਼ਨ ਦਾ ਅਖਾੜਾ ਨਾ ਬਣਾਉਣ। -ਪੀਟੀਆਈ

ਰਾਹੁਲ ਨੇ ਕੋਈ ਵੀ ਗੈਰਸੰਸਦੀ ਭਾਸ਼ਾ ਨਹੀਂ ਵਰਤੀ: ਖੜਗੇ

ਰਾਜ ਸਭਾ ਵਿੱਚ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਮਲਿਕਾਰਜੁਨ ਖੜਗੇ। -ਫੋਟੋ: ਪੀਟੀਆਈ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਸੰਸਦ ਅੰਦਰ ਕੋਈ ਵੀ ਗੈਰਸੰਸਦੀ ਭਾਸ਼ਾ ਨਹੀਂ ਬੋਲੀ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਕੁਝ ਵੀ ਸੰਸਦ ‘ਚ ਬੋਲਿਆ ਹੈ, ਉਹ ਪਹਿਲਾਂ ਹੀ ਜਨਤਕ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਲੋਕ ਸਭਾ ਸਕੱਤਰੇਤ ਦੇ ਨੋਟਿਸ ਦਾ ਜਵਾਬ ਉਸੇ ਹਿਸਾਬ ਨਾਲ ਦੇਣਗੇ। ਉਧਰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਰਾਹੁਲ ਵੱਲੋਂ ਲੋਕ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਗ਼ੈਰਸੰਸਦੀ ਟਿੱਪਣੀ ਕੀਤੇ ਜਾਣ ਲਈ ਉਸ ਨੂੰ ਭੇਜੇ ਗਏ ਨੋਟਿਸ ਦਾ ਜਵਾਬ ਨਾ ਦੇਣ ‘ਤੇ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਨਿਸ਼ੀਕਾਂਤ ਦੂਬੇ ਨੇ 8 ਫਰਵਰੀ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਰਾਹੁਲ ਦੇ ਬਿਆਨ ਨੂੰ ਗੁੰਮਰਾਹਕੁਨ, ਅਪਮਾਨਜਨਕ ਅਤੇ ਗੈਰਸੰਸਦੀ ਕਰਾਰ ਦਿੰਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਸਪੀਕਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਸੀ ਕਿ ਰਾਹੁਲ ਨੇ ਲਾਏ ਗਏ ਦੋਸ਼ਾਂ ਬਾਰੇ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। -ਏਐੱਨਆਈ


Source link

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …