Home / Punjabi News / ਮਿਆਂਮਾਰ ’ਚ ਮੁਜ਼ਾਹਰਿਆਂ ਦੌਰਾਨ ਗ੍ਰਿਫ਼ਤਾਰ ਸੈਂਕੜੇ ਲੋਕ ਰਿਹਾਅ

ਮਿਆਂਮਾਰ ’ਚ ਮੁਜ਼ਾਹਰਿਆਂ ਦੌਰਾਨ ਗ੍ਰਿਫ਼ਤਾਰ ਸੈਂਕੜੇ ਲੋਕ ਰਿਹਾਅ

ਮਿਆਂਮਾਰ ’ਚ ਮੁਜ਼ਾਹਰਿਆਂ ਦੌਰਾਨ ਗ੍ਰਿਫ਼ਤਾਰ ਸੈਂਕੜੇ ਲੋਕ ਰਿਹਾਅ

ਯੈਂਗੋਨ, 24 ਮਾਰਚ

ਮਿਆਂਮਾਰ ਵਿੱਚ ਪਿਛਲੇ ਮਹੀਨੇ ਫ਼ੌਜ ਵੱਲੋਂ ਤਖ਼ਤਾ ਪਲਟ ਦਿੱਤੇ ਜਾਣ ਖ਼ਿਲਾਫ਼ ਕੀਤੇ ਮੁਜ਼ਾਹਰਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸੈਂਕੜੇ ਹੀ ਲੋਕਾਂ ਨੂੰ ਫ਼ੌਜ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਅੰਦੋਲਨ ਨੂੰ ਸ਼ਾਂਤ ਕੀਤਾ ਜਾ ਸਕੇ। ਯੈਂਗੋਨ ਵਿੱਚ ਇਨਸਿਨ ਜੇਲ੍ਹ ਦੇ ਬਾਹਰ ਮੁਜ਼ਾਹਰਾਕਾਰੀਆਂ ਨਾਲ ਭਰੀਆਂ ਬੱਸਾਂ ਵਿਖਾਈ ਦਿੱਤੀਆਂ ਜਿਨ੍ਹਾਂ ‘ਚ ਜ਼ਿਆਦਾਤਰ ਨੌਜਵਾਨ ਲੋਕ ਸਨ ਜੋ ਖੁਸ਼ ਵਿਖਾਈ ਦੇ ਰਹੇ ਸਨ। ਇਨ੍ਹਾਂ ‘ਚੋਂ ਕਈਆਂ ਨੇ ਤਿੰਨ ਉਂਗਲੀਆਂ ਵਾਲਾ ਚਿੰਨ੍ਹ ਵੀ ਬਣਾਇਆ ਜੋ ਫ਼ੌਜੀ ਸ਼ਾਸਨ ਖ਼ਿਲਾਫ਼ ਗੁੱਸੇ ਦਾ ਪ੍ਰਤੀਕ ਬਣ ਗਿਆ ਹੈ।

ਸਰਕਾਰੀ ਟੀਵੀ ਮੁਤਾਬਕ 628 ਮੁਜ਼ਾਹਰਾਕਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਸੈਂਕੜੇ ਹੀ ਵਿਦਿਆਰਥੀ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਫਰਵਰੀ ਮਹੀਨੇ ਦੌਰਾਨ ਹੋਏ ਫ਼ੌਜੀ ਤਖ਼ਤਾ ਪਲਟ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਤਖ਼ਤਾ ਪਲਟਣ ਕਾਰਨ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਸੱਤਾ ‘ਚੋਂ ਲਾਂਭੇ ਹੋਣਾ ਪਿਆ ਸੀ। ਅਧਿਕਾਰੀਆਂ ਦੀ ਨਜ਼ਰ ਵਿੱਚ ਆਉਣ ਤੋਂ ਬਚਣ ਲਈ ਇੱਕ ਮਹਿਲਾ ਵਕੀਲ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ, ਉਨ੍ਹਾਂ ਨੂੰ 3 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਮੁਜ਼ਾਹਰਿਆਂ ਕਾਰਨ ਸਿਰਫ਼ 55 ਲੋਕ ਹੀ ਜੇਲ੍ਹ ਵਿੱਚ ਹਨ ਅਤੇ ਸੰਭਾਵਨਾ ਹੈ ਕਿ ਉਨ੍ਹਾਂ ਖ਼ਿਲਾਫ਼ ਪੀਨਲ ਕੋਡ ਦੀ ਧਾਰਾ 505 ਏ ਤਹਿਤ ਦੋਸ਼ ਆਇਦ ਕੀਤੇ ਜਾਣਗੇ ਜਿਸ ਤਹਿਤ ਤਿੰਨ ਸਾਲ ਤੱਕ ਕੈਦ ਦੀ ਵਿਵਸਥਾ ਹੈ। ‘ਮਿਆਂਮਾਰ’ਜ਼ ਅਸਿਸਟੈਂਸ ਐਸੋਸੀਏਸ਼ਨ ਫਾਰ ਪੁਲੀਟੀਕਲ ਪ੍ਰਿਜ਼ਨਰਜ਼’ ਨੇ ਤਖ਼ਤਾ ਪਲਟ ਦੀ ਕਾਰਵਾਈ ਵਿੱਚ 275 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਐਸੋਸੀਏਸ਼ਨ ਨੇ 2812 ਲੋਕਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚੋਂ 2418 ਹੁਣ ਵੀ ਹਿਰਾਸਤ ਵਿੱਚ ਹਨ ਜਾਂ ਜਿਨ੍ਹਾਂ ‘ਤੇ ਦੋਸ਼ ਲਾਏ ਗਏ ਹਨ। ਇਸ ਦੌਰਾਨ ਅੱਜ ਮੁਜ਼ਾਹਰਾਕਾਰੀਆਂ ਨੇ ਇੱਕ ਨਵਾਂ ਤਰੀਕਾ ਅਪਣਾਇਆ ਜਿਸ ਮੁਤਾਬਕ ਉਨ੍ਹਾਂ ਸ਼ਾਂਤੀਪੂਰਨ ਢੰਗ ਨਾਲ ਹੜਤਾਲ ਕੀਤੀ ਅਤੇ ਲੋਕਾਂ ਨੂੰ ਘਰਾਂ ਵਿੱੱਚ ਰਹਿਣ ਤੇ ਕਾਰੋਬਾਰੀ ਸੰਸਥਾਵਾਂ ਦਿਨ ਵਿੱਚ ਬੰਦ ਰੱਖਣ ਦੀ ਅਪੀਲ ਕੀਤੀ। -ਪੀਟੀਆਈ


Source link

Check Also

ਆਸ਼ਾ ਵਰਕਰਾਂ ਨੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਪੁਤਲਾ ਫੂਕਿਆ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 27 ਜੂਨ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ …