ਜਗਮੋਹਨ ਸਿੰਘ
ਰੂਪਨਗਰ, 20 ਅਕਤੂਬਰ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚ ਵਾਪਰੇ ਹਾਦਸੇ ਦੌਰਾਨ ਨੇੜਲੇ ਪਿੰਡ ਸੈਣੀਮਾਜਰਾ ਢੱਕੀ ਦੇ ਨੌਜਵਾਨ ਦੀ ਮੌਤ ਹੋਣ ਉਪਰੰਤ ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਥਰਮਲ ਪਲਾਂਟ ਦੀਆਂ ਸਮੁੱਚੀਆਂ ਮੁਲਾਜ਼ਮ ਅਤੇ ਕੰਟਰੈਕਟਰ ਵਰਕਰ ਜਥੇਬੰਦੀਆਂ ਨੇ ਪਲਾਂਟ ਦੇ ਮੇਨ ਗੇਟ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸ਼ਿਕਵਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਪਰਿਵਾਰਕ ਮੈਂਬਰਾਂ ਦੀ ਸਾਰ ਨਹੀਂ ਲਈ ਹੈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਪ੍ਰਗਟ ਸਿੰਘ, ਬਲਵਿੰਦਰ ਸਿੰਘ, ਮੱਖਣ ਸਿੰਘ, ਮਹਿੰਦਰ ਸਿੰਘ, ਕੰਵਲਜੀਤ ਸਿੰਘ, ਜਸਵਿੰਦਰ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਥਰਮਲ ਪਲਾਂਟ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਪੱਕੇ ਅਤੇ ਨਿਪੁੰਨ ਕਾਮਿਆਂ ਵਾਲਾ ਕੰਮ ਠੇਕੇਦਾਰੀ ਸਿਸਟਮ ਅਧੀਨ ਰੱਖੇ ਕਾਮਿਆਂ ਤੋਂ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਉਪਕਰਨ ਵੀ ਮੁਹੱਈਆ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਰੋਸ ਜਤਾਇਆ ਕਿ ਥਰਮਲ ਪ੍ਰਬੰਧਕਾਂ ਅਤੇ ਠੇਕੇਦਾਰਾਂ ਵੱਲੋਂ ਸਿਰਫ਼ ਤਿੰਨ ਮਹੀਨੇ ਪਹਿਲਾਂ ਭਰਤੀ ਹੋਏ ਕਾਮੇ ਪਰਮਜੀਤ ਸਿੰਘ ਨੂੰ 84 ਫੁੱਟ ਉੱਚਾਈ ਤੇ ਬਿਨਾ ਸੇਫਟੀ ਬੈੱਲਟ ਦਿੱਤਿਆਂ ਕੰਮ ਕਰਨ ਲਈ ਚੜ੍ਹਾ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਥਰਮਲ ਪਲਾਂਟ ਵਿੱਚ ਮੌਕੇ ਤੇ ਐਂਬੂਲੈਂਸ ਦਾ ਵੀ ਪ੍ਰਬੰਧ ਨਹੀਂ ਸੀ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਮਜ਼ਦੂਰ ਦਾ ਸਸਕਾਰ ਨਹੀਂ ਕਰਨਗੇ।
The post ਮਜ਼ਦੂਰ ਦੀ ਮੌਤ ਦਾ ਮਾਮਲਾ: ਮੁਲਾਜ਼ਮਾਂ ਵੱਲੋਂ ਥਰਮਲ ਪਲਾਂਟ ਦੇ ਗੇਟ ਅੱਗੇ ਧਰਨਾ appeared first on punjabitribuneonline.com.
Source link
Asian Tribune Your Multilingual Newspaper covering World and local news News