Home / Punjabi News / ਮਜ਼ਦੂਰਾਂ ਦੀ ਕੁੱਟਮਾਰ: ਵਫ਼ਦ ਮੈਂਬਰਾਂ ਵੱਲੋਂ ਪੁਲੀਸ ਅਧਿਕਾਰੀ ਨਾਲ ਮੀਟਿੰਗ

ਮਜ਼ਦੂਰਾਂ ਦੀ ਕੁੱਟਮਾਰ: ਵਫ਼ਦ ਮੈਂਬਰਾਂ ਵੱਲੋਂ ਪੁਲੀਸ ਅਧਿਕਾਰੀ ਨਾਲ ਮੀਟਿੰਗ

ਜਸਵੰਤ ਜੱਸ
ਫ਼ਰੀਦਕੋਟ, 3 ਸਤੰਬਰ
ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵਫ਼ਦ ਨੇ ਐੱਸਐੱਸਪੀ ਫ਼ਰੀਦਕੋਟ ਨੂੰ ਮਿਲ ਕੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੂੰ ਕਥਿਤ ਨਾਜਾਇਜ਼ ਹਿਰਾਸਤ ਵਿੱਚ ਰੱਖਣ ਵਾਲੇ ਡੀਐੱਸਪੀ ਅਤੇ ਮਜ਼ਦੂਰ ਯੂਨੀਅਨ ਦੇ ਆਗੂ ਦੀ ਕਥਿਤ ਕੁੱਟਮਾਰ ਕਰਨ ਵਾਲੇ ਅਕਾਲੀ ਆਗੂਆਂ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਆਜ਼ਾਦ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਤੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਗਿੰਦਰ ਆਜ਼ਾਦ ਫ਼ਰੀਦਕੋਟ ਅਦਾਲਤ ਵਿੱਚ ਆਪਣੇ ਕੇਸ ਦੀ ਪੇਸ਼ੀ ’ਤੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਡੀਐੱਸਪੀ ਫ਼ਰੀਦਕੋਟ ਆਪਣੇ ਸਾਥੀ ਪੁਲੀਸ ਕਰਮਚਾਰੀਆਂ ਨਾਲ ਆਏ ਅਤੇ ਨੌਨਿਹਾਲ ਸਿੰਘ ਅਤੇ ਨਗਿੰਦਰ ਸਿੰਘ ਨੂੰ ਜਬਰੀ ਚੁੱਕ ਕੇ ਥਾਣੇ ਲੈ ਗਏ ਤੇ ਤਿੰਨ ਘੰਟੇ ਲਈ ਨਾਜਾਇਜ਼ ਹਿਰਾਸਤ ਵਿੱਚ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਬਾਅਦ ਵਿੱਚ ਜਦੋਂ ਨੌਜਵਾਨ ਤੇ ਮਜ਼ਦੂਰ ਆਗੂਆਂ ਨੇ ਸੁਖਬੀਰ ਬਾਦਲ ਦੀ ਪਿੰਡ ਦੀਪ ਸਿੰਘ ਵਾਲਾ ਵਿੱਚ ਫੇਰੀ ਦੌਰਾਨ ਉਨ੍ਹਾਂ ਦਾ ਘਿਰਾਓ ਕੀਤਾ ਤਾਂ ਉੱਥੇ ਅਕਾਲੀ ਵਰਕਰਾਂ ਤੇ ਆਗੂਆਂ ਵੱਲੋਂ ਇਨ੍ਹਾਂ ਆਗੂਆਂ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਇਨ੍ਹਾਂ ਨੂੰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਐੱਸਐੱਸਪੀ ਨੇ ਭਰੋਸਾ ਦਿੱਤਾ ਕਿ ਉਹ ਬਣਦੀ ਕਾਰਵਾਈ ਕਰਨਗੇ।
ਦੂਜੇ ਪਾਸੇ, ਜਥੇਬੰਦੀਆਂ ਦੇ ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿੱਚ ਸਬੰਧਤ ਪੁਲੀਸ ਅਧਿਕਾਰੀ ਅਤੇ ਅਕਾਲੀ ਆਗੂਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਵਿੱਢਣਗੇ। ਇਸ ਮੌਕੇ ਰਜਿੰਦਰ ਕਿੰਗਰਾ, ਗੁਰਜੀਤ ਸਿੰਘ ਬਰਾੜ, ਜਗਦੀਪ ਸਿੰਘ ਬਰਾੜ, ਨਿਸ਼ਾਨ ਸਿੰਘ, ਹਰਵੀਰ ਕੌਰ ਗੰਧੜ, ਅੰਗਰੇਜ ਸਿੰਘ ਗੋਰਾ, ਹਰਜਿੰਦਰ ਖੋਖਰ, ਲਖਵੀਰ ਸਿੰਘ, ਗੋਰਾ ਢਿੱਲਵਾਂ ਅਤੇ ਡਿਪਟੀ ਸਿੰਘ ਹਾਜ਼ਰ ਸਨ।

The post ਮਜ਼ਦੂਰਾਂ ਦੀ ਕੁੱਟਮਾਰ: ਵਫ਼ਦ ਮੈਂਬਰਾਂ ਵੱਲੋਂ ਪੁਲੀਸ ਅਧਿਕਾਰੀ ਨਾਲ ਮੀਟਿੰਗ appeared first on punjabitribuneonline.com.


Source link

Check Also

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਥਾਣਾ ਮੁੱਖੀਆਂ ਸਣੇ ਕਈ ਚੌਕੀਆਂ ਦੇ ਇੰਚਾਰਜ ਬਦਲੇ; ਜਾਣੋ ਕਿੱਥੇ ਹੋਏ ਤਬਾਦਲੇ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Partiala News: ਪੰਜਾਬ ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿਸ ਨੇ ਮੁਲਾਜ਼ਮਾਂ ਵਿਚਾਲੇ …