Home / World / ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗ਼ੁਰਬਤ ਅਤੇ ਅਨਪਡ਼੍ਹਤਾ ਨੂੰ ਖ਼ਤਮ ਕਰਨ ਲਈ ਯਤਨ ਕੀਤੇ ਜਾਣਗੇ : ਮਨਪ੍ਰੀਤ ਬਾਦਲ

ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗ਼ੁਰਬਤ ਅਤੇ ਅਨਪਡ਼੍ਹਤਾ ਨੂੰ ਖ਼ਤਮ ਕਰਨ ਲਈ ਯਤਨ ਕੀਤੇ ਜਾਣਗੇ : ਮਨਪ੍ਰੀਤ ਬਾਦਲ

2ਫ਼ਿਰੋਜ਼ਪੁਰ ;   ਪੰਜਾਬ ਸਰਕਾਰ ਵੱਲੋਂ ਸਾਰਾਗਡ਼੍ਹੀ ਦੀ ਲਡ਼ਾਈ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸਾਰਾਗਡ਼੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਕੈਬਨਿਟ ਮੰਤਰੀ ਸ੍ਰ: ਨਵਜੋਤ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਤਿਹਾਸਿਕ ਗੁਰਦੁਆਰਾ ਸਾਰਾਗਡ਼੍ਹੀ ਸਾਹਿਬ ਦੇ ਦੀਵਾਨ ਹਾਲ ਵਿਖੇ ਸ੍ਰੀ. ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ‘ਤੇ ਭਾਈ ਹਰਨਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਸੁਖਜਿੰਦਰ ਸਿੰਘ ਹਜੂਰੀ ਜਥਾ ਗੁਰਦੁਆਰਾ ਸਾਰਾਗਡ਼੍ਹੀ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ, ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਫ਼ੌਜ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਮਾਣ ਹੈ ਕਿ ਸਾਰਾਗਡ਼੍ਹੀ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਰਾਗਡ਼੍ਹੀ ਦਿਵਸ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ ਤੇ ਇਸ ਦਿਨ ਪੂਰੇ ਰਾਜ ਵਿੱਚ ਛੁੱਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰਾਗਡ਼੍ਹੀ ਦੇ ਬਲੀਦਾਨ ਦੀ ਮਿਸਾਲ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ ਜਦੋਂ 21 ਸਿੱਖ ਸੈਨਿਕਾਂ ਨੇ 10 ਹਜ਼ਾਰ ਪਠਾਣਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ। ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਦੀ ਮੰਗ ਤੇ ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਾਰਾਗਡ਼੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਨ ਵਾਲੇ ਸਮਾਰਕ, ਮਿਊਜ਼ੀਅਮ, ਆਦਿ ਤੇ ਜਿੰਨੀ ਵੀ ਰਾਸ਼ੀ ਦੀ ਲੋਡ਼ ਹੋਵੇਗੀ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਅਤੇ ਸਾਰਾਗਡ਼੍ਹੀ ਦੇ ਇਤਿਹਾਸ ਸਬੰਧੀ ਰਾਜ ਦੇ ਵਿਦਿਆਰਥੀਆਂ ਤੇ ਦੇਸ਼ ਦੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ।। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗ਼ੁਰਬਤ , ਅਨਪਡ਼੍ਹਤਾ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਬ੍ਰਿਟਿਸ਼ ਆਰਮੀ ਦੇ ਡੈਲੀਗੇਸ਼ਨ, ਸ਼ਹੀਦਾਂ ਦੇ ਪਰਿਵਾਰਾਂ, ਸੈਨਾ ਦੇ ਸਾਬਕਾ ਅਧਿਕਾਰੀਆਂ, ਜਵਾਨਾਂ, ਸੈਨਾ ਦੇ ਅਧਿਕਾਰੀਆਂ ਤੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਵੱਖ-ਵੱਖ ਸਖਸੀਅਤਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰਾਗਡ਼੍ਹੀ ਦੀ ਲਡ਼ਾਈ ਸਬੰਧੀ ਲਿਖੀ ਖੋਜ ਭਰਪੂਰ ਪੁਸਤਕ ਵੱਖ-ਵੱਖ ਸਖਸੀਅਤਾਂ ਨੂੰ ਭੇਂਟ ਕੀਤੀ।
ਕੈਬਨਿਟ ਮੰਤਰੀ ਸ੍ਰ: ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਸਾਰਾਗਡ਼੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹਾਜ਼ਰ ਲੋਕਾਂ ਨੂੰ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਦ੍ਰਿਡ਼੍ਹ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਲੋਕਾਂ ਨਾਲ ਵਾਅਦਾ ਕਰਕੇ ਜਾਂਦੇ ਹਨ ਕਿ ਹਲਕੇ ਦੇ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੂੰ ਸਰਕਾਰ ਵੱਲੋਂ ਖ਼ਾਲੀ ਚੈੱਕ ਦਿੱਤਾ ਜਾਵੇਗਾ ਅਤੇ ਸ਼ਹੀਦੀ ਸਮਾਰਕ ਲਈ ਜਿੰਨੀ ਵੀ ਰਾਸ਼ੀ ਦੀ ਲੋਡ਼ ਹੋਵੇਗੀ ਉਨੀ ਰਾਸ਼ੀ ਉਹ ਖ਼ੁਦ ਭਰ ਲੈਣਗੇ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਸਲਾਹ ਮਸ਼ਵਰਾ ਕਰਕੇ ਸਾਰਾਗਡ਼੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਮਿਊਜ਼ੀਅਮ, ਲਾਇਬ੍ਰੇਰੀ, ਆਦਿ ਬਣਾਇਆ ਜਾਵੇਗਾ ਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿੱਚ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਰਾਗਡ਼੍ਹੀ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਦੀ ਲੋਡ਼ ਹੈ ਜਿਨ੍ਹਾਂ ਨੇ ਆਪਣੇ ਖ਼ੂਨ ਦਾ ਆਖ਼ਰੀ ਕਤਰਾ ਵੀ ਆਪਣੇ ਦੇਸ਼ ਦੀ ਰਾਖੀ ਲਈ ਕੁਰਬਾਨ ਕੀਤਾ ਹੈ।
ਇਸ ਮੌਕੇ ਸ੍ਰ: ਸਾਧੂ ਸਿੰਘ ਧਰਮਸੋਤ ਨੇ  ਸਾਰਾਗਡ਼੍ਹੀ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਾਰਾਗਡ਼੍ਹੀ ਦੀ ਜੰਗ ਸਮੇਂ ਕੇਵਲ 21 ਬੰਦਿਆਂ ਨੇ 10 ਹਜ਼ਾਰ ਫ਼ੌਜੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਸਾਬਕਾ ਫ਼ੌਜੀ ਅਧਿਕਾਰੀ ਹਨ ਜਿਨ੍ਹਾਂ ਨੇ 1965 ਦੀ ਜੰਗ ਵਿੱਚ ਹਿੱਸਾ ਲਿਆ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਰਾਗਡ਼੍ਹੀ ਦਿਵਸ ਨੂੰ ਰਾਜ ਪੱਧਰੀ ਸਮਾਗਮ ਵਿੱਚ ਛੁੱਟੀ ਐਲਾਨਣਾਂ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਫ਼ੈਸਲਾ ਹੈ।
ਇਸ ਮੌਕੇ ਹਲਕੇ ਦੇ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਸਾਰਾਗਡ਼੍ਹੀ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ਮਿਊਜ਼ੀਅਮ, ਲਾਇਬ੍ਰੇਰੀ, ਆਡੀਟੋਰੀਅਮ ਅਤੇ ਹਲਕੇ ਦੇ ਵਿਕਾਸ ਲਈ ਮੰਗਾਂ ਰੱਖੀਆਂ ਜਿਸ ਨੂੰ ਮੁੱਖ ਮਹਿਮਾਨ ਤੇ ਸਾਥੀ ਮੰਤਰੀਆਂ ਵੱਲੋਂ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ।
ਸਮਾਗਮ ਦੌਰਾਨ ਸਾਰਾਗਡ਼੍ਹੀ ਦੇ ਸ਼ਹੀਦਾਂ ਦੇ ਵਾਰਸਾਂ, ਬ੍ਰਿਟਿਸ਼ ਆਰਮੀ ਦੇ ਬ੍ਰਿਗੇਡੀਅਰ ਟਿਮੱਬੀ ਜੌਨ ਸੀਲ ਤੇ ਸਾਥੀਆਂ, ਇਤਿਹਾਸਕਾਰ ਗੁਰਿੰਦਰਪਾਲ ਸਿੰਘ ਜੋਸਨ, 4 ਸਿੱਖ ਰੈਜੀਮੈਂਟ ਦੇ ਸਾਬਕਾ ਅਧਿਕਾਰੀ ਬ੍ਰਿਗੇਡੀਅਰ ਕਮਲਜੀਤ ਸਿੰਘ, ਕਰਨਲ ਬੀ.ਐਸ.ਚਾਹਲ, ਕੈਪਟਨ ਅਮਰਜੀਤ ਸਿੰਘ ਜੇਜੀ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਾਰਾਗਡ਼੍ਹੀ ਮੈਮੋਰੀਅਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੇਜਰ ਜਨਰਲ ਰਾਜੇਸ਼ ਕੁੰਦਰਾ ਜੀ.ਓ.ਸੀ, ਸ੍ਰੀ. ਸੁਮੇਰ ਸਿੰਘ ਗੁਰਜਰ ਕਮਿਸ਼ਨਰ,  ਉੱਪ ਚੇਅਰਮੈਨ-ਕਮ-  ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਵੱਲੋਂ ਮੁੱਖ ਮਹਿਮਾਨ ਸ੍ਰ: ਮਨਪ੍ਰੀਤ ਸਿੰਘ ਬਾਦਲ, ਸ੍ਰ: ਨਵਜੋਤ ਸਿੰਘ ਸਿੱਧੂ ਅਤੇ ਸ੍ਰ: ਸਾਧੂ ਸਿੰਘ ਧਰਮਸੋਤ  ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਡਾ. ਰਾਮੇਸ਼ਵਰ ਸਿੰਘ ਨੇ ਸਾਰਾਗਡ਼੍ਹੀ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਵਿਕਾਸ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਨੇ ਸਮਾਗਮ ਦੀ ਸਫਲਤਾ ਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਅਤੇ ਖ਼ਾਸ ਕਰਕੇ 11 ਸਿੱਖ ਰੈਜਮੈਂਟ ਵੱਲੋਂ ਸਮਾਗਮ ਦੇ ਪ੍ਰਬੰਧਾਂ ਵਿੱਚ ਦਿੱਤੇ ਗਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕ ਸ੍ਰ: ਗੁਰਕੀਰਤ ਸਿੰਘ ਕੋਟਲੀ, ਸ਼੍ਰੀਮਤੀ ਸਤਿਕਾਰ ਕੌਰ ਗਹਿਰੀ, ਸ.ਕੁਲਬੀਰ ਸਿੰਘ ਜ਼ੀਰਾ, ਡਾ. ਹਰਜੋਤ ਕਮਲ, ਸ੍ਰ: ਦਵਿੰਦਰ ਸਿੰਘ ਘੁਬਾਇਆ, ਸ੍ਰ. ਨੱਥੂ ਰਾਮ, ਸ੍ਰ: ਤਰਸੇਮ ਸਿੰਘ ਅਟਾਰੀ, ਸ੍ਰ. ਐਮ.ਐਸ. ਛੀਨਾ ਆਈ.ਜੀ. ਬਠਿੰਡਾ ਜੌਨ, ਸ੍ਰ: ਰਜਿੰਦਰ ਸਿੰਘ ਡੀ.ਆਈ.ਜੀ, ਸ੍ਰੀ. ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਸ੍ਰ. ਭੁਪਿੰਦਰ ਸਿੰਘ ਐਸ.ਐਸ.ਪੀ, ਸ੍ਰ. ਹਰਜੀਤ ਸਿੰਘ ਸੰਧੂ ਐਸ.ਡੀ.ਐਮ, ਕਰਨਲ ਨਿਤੇਸ਼ ਜਸਵਾਲ, ਕਰਨਲ ਅਭਿਸ਼ੇਕ ਮਿਸ਼ਰਾ, ਸ੍ਰ. ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਸ੍ਰ. ਹਰਜਿੰਦਰ ਸਿੰਘ ਬਿੱਟੂ ਸਾਂਘਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਵਲ ਤੇ ਫ਼ੌਜ ਦੇ ਅਧਿਕਾਰੀ ਅਤੇ ਰਾਜਨੀਤਿਕ ਪਾਰਟੀਆਂ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਸਨ।

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …