ਗੋਲਡ ਕੋਸਟ: ਭਾਰਤ ਦੇ ਦੀਪਕ ਲਾਠਰ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ 69 ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦਾ ਇਨ੍ਹਾਂ ਕਾਮਨਵੈਲਥ ਗੇਮਜ਼ ਵਿੱਚ ਇਹ ਪਹਿਲਾ ਕਾਂਸੇ ਦਾ ਤਗ਼ਮਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਦੋ ਸੋਨੇ ਤੇ ਇੱਕ ਚਾਂਦੀ ਦਾ ਤਗ਼ਮਾ ਆਪਣੇ ਨਾਂ ਕਰ ਲਿਆ ਹੈ। ਭਾਰਤ ਨੂੰ ਇਹ ਸਾਰੇ ਮੈਡਲ ਭਾਰ ਤੋਲਕਾਂ (ਵੇਟਲਿਫਟਰਾਂ) ਨੇ ਦਿਵਾਏ ਹਨ।
ਦੀਪਕ ਨੇ ਸਨੈਚ ਵਿੱਚ 136 ਕਿੱਲੋ ਦਾ ਸਰਵੋਤਮ ਭਾਰ ਚੁੱਕਿਆ। ਉੱਥੇ ਹੀ ਕਲੀਨ ਐਂਡ ਜਰਕ ਵਿੱਚ 159 ਕਿੱਲੋ ਦਾ ਸਰਵੋਤਮ ਭਾਰ ਚੁੱਕਿਆ। ਉਨ੍ਹਾਂ ਨੇ ਕੁੱਲ 295 ਸਕੋਰ ਨਾਲ ਬ੍ਰੌਂਜ਼ ਮੈਡਲ ‘ਤੇ ਕਬਜ਼ਾ ਕੀਤਾ।
ਲਾਠਰ ਦੇ ਵਿਰੋਧੀ ਖਿਡਾਰੀ ਵੇਲਸ ਦੇ ਗਾਰੇਥ ਈਵਾਂਸ ਨੇ 299 ਦੇ ਸਕੋਰ ਨਾਲ ਸੋਨੇ ਤੇ ਸ਼੍ਰੀਲੰਕਾ ਦੇ ਇੰਡਿਕਾ ਦਿਸਾਨਾਇਕੇ ਨੇ 297 ਦੇ ਸਕੋਰ ਨਾਲ ਚਾਂਦੀ ਦੇ ਤਗ਼ਮੇ ਜਿੱਤੇ। ਦੇਖਿਆ ਜਾਵੇ ਤਾਂ ਤਿੰਨਾਂ ਸਥਾਨਾਂ ‘ਤੇ ਮੁਕਾਬਲਾ ਬਹੁਤ ਸਖ਼ਤ ਰਿਹਾ।
ਜੀਂਦ ਦੇ ਰਹਿਣ ਵਾਲੇ ਦੀਪਕ ਦੇ ਪਿਤਾ ਬਿਜੇਂਦਰ ਲਾਠਰ ਨੇ ਆਪਣੇ ਪੁੱਤ ਦੀ ਪ੍ਰਾਪਤੀ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇੱਕ ਕਿਸਾਨ ਦਾ ਪੁੱਤ ਹੋ ਕੇ ਉਸ ਨੇ ਦੇਸ਼ ਵਿੱਚ ਜੀਂਦ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 62 ਕਿੱਲੋ ਭਾਰ ਵਰਗ ਵਿੱਚ ਦੀਪਕ ਨੇ ਕੌਮੀ ਰਿਕਾਰਡ ਵੀ ਕਾਇਮ ਕੀਤਾ ਸੀ।
ਇਸ ਤੋਂ ਪਹਿਲਾਂ, ਭਾਰਤ ਦੀ ਮਹਿਲਾ ਭਾਰਤੋਲਕ ਸੰਚਿਤਾ ਚਾਨੂੰ ਤੇ ਮੀਰਾਬਾਈ ਚਾਨੂੰ ਸੋਨੇ ਤੇ ਪੀ. ਗੁਰੂਰਾਜਾ ਚਾਂਦੀ ਦਾ ਤਗ਼ਮਾ ਜਿੱਤ ਚੁੱਕੇ ਹਨ।
Asian Tribune Your Multilingual Newspaper covering World and local news News