Home / Punjabi News / ਭਗਵੰਤ ਮਾਨ ਸਿਹਤ ਮੰਤਰੀ ਦੇ ਵਤੀਰੇ ਤੋਂ ਖ਼ਫ਼ਾ

ਭਗਵੰਤ ਮਾਨ ਸਿਹਤ ਮੰਤਰੀ ਦੇ ਵਤੀਰੇ ਤੋਂ ਖ਼ਫ਼ਾ

ਚਰਨਜੀਤ ਭੁੱਲਰ

ਚੰਡੀਗੜ੍ਹ, 31 ਜੁਲਾਈ

ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ‘ਆਪ’ ਸਰਕਾਰ ਦੀ ਕਰਵਾਈ ਕਿਰਕਿਰੀ ਤੋਂ ਖ਼ਫ਼ਾ ਜਾਪਦੇ ਹਨ। ਸਿਹਤ ਮੰਤਰੀ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ.ਰਾਜ ਕੁਮਾਰ ਪ੍ਰਤੀ ਦਿਖਾਏ ਵਤੀਰੇ ਤੋਂ ‘ਆਪ’ ਦੀ ਹਾਈਕਮਾਨ ਵੀ ਨਾਖ਼ੁਸ਼ ਹੈ। ਸੂਤਰਾਂ ਅਨੁਸਾਰ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਬੀਤੇ ਦਿਨ ਮੁੱਖ ਮੰਤਰੀ ਰਿਹਾਇਸ਼ ‘ਤੇ ਗਏ ਸਨ, ਪਰ ਮੁੱਖ ਮੰਤਰੀ ਉਨ੍ਹਾਂ ਨੂੰ ਨਹੀਂ ਮਿਲੇ।

ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਲੈ ਕੇ ਸਿਹਤ ਮੰਤਰੀ ਦੀ ਫ਼ੋਨ ‘ਤੇ ਕਲਾਸ ਵੀ ਲਾਈ ਹੈ। ਬੇਸ਼ੱਕ ਇਹ ਚਰਚੇ ਵੀ ਜ਼ੋਰ ਫੜ ਗਏ ਹਨ ਕਿ ਸਿਹਤ ਮੰਤਰੀ ਜੌੜੇਮਾਜਰਾ ਦੇ ਮਹਿਕਮੇ ਵਿਚ ਫੇਰਬਦਲ ਹੋ ਸਕਦਾ ਹੈ, ਪਰ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਜਦੋਂ ਸਿਹਤ ਮੰਤਰੀ 29 ਜੁਲਾਈ ਨੂੰ ਫ਼ਰੀਦਕੋਟ ਦੇ ਹਸਪਤਾਲ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਗੰਦੇ ਗੱਦੇ ‘ਤੇ ਪੈਣ ਲਈ ਆਖਿਆ ਸੀ, ਜਿਸ ਮਗਰੋਂ ਮਾਮਲਾ ਸਿਆਸੀ ਤੂਲ ਫੜ ਗਿਆ। ਸੋਸ਼ਲ ਮੀਡੀਆ ‘ਤੇ ਇੱਕ ਹਿੱਸਾ ਸਿਹਤ ਮੰਤਰੀ ਜੌੜੇਮਾਜਰਾ ਦੀ ਕਾਰਵਾਈ ਨੂੰ ਸਹੀ ਠਹਿਰਾ ਰਿਹਾ ਹੈ ਜਦੋਂ ਕਿ ਦੂਸਰਾ ਹਿੱਸਾ ਡਾ.ਰਾਜ ਬਹਾਦਰ ਦੇ ਪੱਖ ਵਿਚ ਖੜ੍ਹਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਆਖ ਚੁੱਕੇ ਹਨ ਕਿ ਉਹ ਡਾ.ਰਾਜ ਬਹਾਦਰ ਨੂੰ ਪੁਰਾਣੇ ਸਮੇਂ ਤੋਂ ਜਾਣਦੇ ਹਨ ਅਤੇ ਉਹ ਬਹੁਤ ਮਾਹਿਰ ਤੇ ਕਾਬਲ ਡਾਕਟਰ ਹਨ। ਉਨ੍ਹਾਂ ਇੱਕ ਟੀਵੀ ਸ਼ੋਅ ‘ਚ ਕਿਹਾ ਕਿ ਜੋ ਵੀ ਹੋਇਆ, ਮੰਦਭਾਗਾ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਡਾ. ਰਾਜ ਬਹਾਦਰ ਨਾਲ ਖ਼ੁਦ ਗੱਲ ਕੀਤੀ ਹੈ। ਪਤਾ ਲੱਗਾ ਹੈ ਕਿ ‘ਆਪ’ ਸਰਕਾਰ ਨੂੰ ਆਸ ਹੈ ਕਿ ਡਾ. ਰਾਜ ਬਹਾਦਰ ਆਪਣਾ ਅਸਤੀਫ਼ਾ ਵਾਪਸ ਲੈ ਲੈਣਗੇ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜੇ ਤੱਕ ਡਾ. ਰਾਜ ਬਹਾਦਰ ਦਾ ਅਸਤੀਫ਼ਾ ਨਹੀਂ ਪੁੱਜਾ ਹੈ। ਫ਼ਰੀਦਕੋਟ ਖ਼ਿੱਤੇ ਵਿਚ ਡਾ.ਰਾਜ ਬਹਾਦਰ ਖ਼ਿਲਾਫ਼ ਲੋਕਾਂ ਦਾ ਰੋਸ ਵੀ ਹੈ ਅਤੇ ਲੋਕਾਂ ਦਾ ਇੱਕ ਹਿੱਸਾ ਡਾ. ਰਾਜ ਬਹਾਦਰ ਦੀ ਪ੍ਰਬੰਧਕੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨਾਲ ਜਦੋਂ ਅੱਜ ਗੱਲ ਕੀਤੀ ਤਾਂ ਉਨ੍ਹਾਂ ਸਿਰਫ਼ ਏਨਾ ਹੀ ਕਿਹਾ ਕਿ ‘ਉਡੀਕ ਕਰੋ’। ਉਨ੍ਹਾਂ ਮੁੱਖ ਮੰਤਰੀ ਨਾਲ ਮੁਲਾਕਾਤ ਬਾਰੇ ਕੋਈ ਜਵਾਬ ਨਹੀਂ ਦਿੱਤਾ।

ਡਾ. ਰਾਜ ਬਹਾਦਰ ਖਿਲਾਫ ਗ਼ਲਤ ਪ੍ਰਚਾਰ ਕਰ ਰਹੇ ਹਨ ‘ਆਪ’ ਆਗੂ ਅਤੇ ਵਿਧਾਇਕ: ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਇਕ ਬਿਆਨ ਵਿਚ ਆਖਿਆ ਕਿ ‘ਆਪ’ ਆਗੂਆਂ ਅਤੇ ਵਿਧਾਇਕਾਂ ਵੱਲੋਂ ਡਾ. ਰਾਜ ਬਹਾਦਰ ਖ਼ਿਲਾਫ਼ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਸੋਸ਼ਲ ਮੀਡੀਆ ‘ਤੇ ਸਿਹਤ ਮੰਤਰੀ ਨੂੰ ਠੀਕ ਠਹਿਰਾ ਰਹੇ ਹਨ। ਵੜਿੰਗ ਨੇ ਕਿਹਾ ਕਿ ਡਾਕਟਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਜਿਸ ਨਾਲ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਡਾਕਟਰਾਂ ਅਤੇ ਮੈਡੀਕਲ ਸਟਾਫ਼ ਵਿਚ ਭਰੋਸਾ ਬਹਾਲ ਕਰਨ ਵਾਸਤੇ ਕਦਮ ਚੁੱਕਣ।


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …